ਪਰਾਲੀ ਪ੍ਰਬੰਧਨ;
ਐਸ ਡੀ ਐਮ ਡੇਰਾਬੱਸੀ ਨੇ ਪਰਾਲੀ ਨੂੰ ਸਾੜਨ ਤੋਂ ਬਿਨਾਂ ਸੰਭਾਲਣ ਲਈ ਸਬੰਧਤ ਧਿਰਾਂ ਨਾਲ ਕੀਤੀ ਗੱਲਬਾਤ
ਜੈਵਿਕ ਬਾਲਣ ਆਧਾਰਿਤ ਤਿੰਨ ਯੂਨਿਟ ਪਰਾਲੀ ਦੀਆਂ ਗੰਢਾਂ ਲੈਣ ਲਈ ਤਿਆਰ
ਬੇਲਰ ਆਪਰੇਟਰ ਖੇਤਾਂ ਤੋਂ ਫੈਕਟਰੀਆਂ ਤੱਕ ਪਰਾਲੀ ਦਾ ਪ੍ਰਬੰਧਨ ਕਰਨ ਲਈ ਸਹਿਮਤ
ਡੇਰਾਬੱਸੀ, 1 ਅਗਸਤ, 2023 (ਵਿਸ਼ਵ ਵਾਰਤਾ):- ਝੋਨੇ ਦੀ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸੰਭਾਲਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਨੂੰ ਬਿਨਾਂ ਸਾੜੇ ਹੀ ਨਿਪਟਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ।
ਇਸੇ ਤਰ੍ਹਾਂ ਅੱਜ ਐਸ.ਡੀ.ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਪਰਾਲੀ ਨੂੰ ਅੱਗ ਲਗਾਉਣ ਤੋਂ ਪਹਿਲਾਂ ਸੰਭਾਲਣ ਲਈ ਸਬੰਧਤ ਧਿਰਾਂ ਦੀ ਮੀਟਿੰਗ ਕੀਤੀ।
ਉਨ੍ਹਾਂ ਦੱਸਿਆ ਕਿ ਡੇਰਾਬੱਸੀ ਸਨ ਡਵੀਜ਼ਨ ਵਿੱਚ ਬਾਇਲਰਾਂ ਰਾਹੀਂ ਬਾਇਓ-ਫਿਊਲ ਵਜੋਂ ਪਰਾਲੀ ਨੂੰ ਨਿਪਟਾਉਣ ਲਈ ਕੁੱਲ 1.5 ਲੱਖ ਮੀਟਰਿਕ ਟਨ ਦੇ ਤਿੰਨ ਯੂਨਿਟ ਹਨ। ਅੱਜ ਫੈਕਟਰੀਆਂ ਦੇ ਨੁਮਾਇੰਦਿਆਂ, ਬੇਲਰ ਅਪਰੇਟਰਾਂ, ਸਹਿਕਾਰੀ ਸਭਾਵਾਂ ਅਤੇ ਕਿਸਾਨ ਸਮੂਹਾਂ ਨੂੰ ਇੱਕ ਮੇਜ਼ ‘ਤੇ ਬਿਠਾ ਕੇ ਪਰਾਲੀ ਨੂੰ ਖੇਤਾਂ ਤੋਂ ਸਿੱਧੇ ਫੈਕਟਰੀਆਂ ਤੱਕ ਨਿਪਟਾਉਣ ਦੀ ਰਣਨੀਤੀ ਉਲੀਕੀ ਗਈ।
ਇਸ ਤੋਂ ਇਲਾਵਾ ਕਿਸਾਨ ਗਰੁੱਪਾਂ ਅਤੇ ਸਹਿਕਾਰੀ ਸਭਾਵਾਂ ਨੂੰ ਸੂਬਾ ਸਰਕਾਰ ਦੀ ਪਰਾਲੀ ਪ੍ਰਬੰਧਨ ਮਸ਼ੀਨਰੀ ਸਬਸਿਡੀ ਦਰਾਂ ‘ਤੇ ਮੁਹੱਈਆ ਕਰਵਾਉਣ ਦੀ ਨੀਤੀ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਕੋਈ ਵੀ ਵਿਅਕਤੀਗਤ ਤੌਰ ਤੇ 50 ਫੀਸਦੀ ਅਤੇ ਸਮੂਹਾਂ ਅਤੇ ਸਹਿਕਾਰੀ ਸਭਾਵਾਂ ਲਈ 80 ਫੀਸਦੀ ਤੱਕ ਦੀ ਸਬਸਿਡੀ ਲਈ 15 ਅਗਸਤ, 2023 ਤੱਕ ਅਪਲਾਈ ਕਰ ਸਕਦਾ ਹੈ।
ਵਿਚਾਰ-ਵਟਾਂਦਰੇ ਦੌਰਾਨ ਬੇਲਰ ਅਪਰੇਟਰਾਂ ਨੇ ਪਰਾਲੀ ਨੂੰ ਖੇਤਾਂ ਤੋਂ ਫੈਕਟਰੀਆਂ ਤੱਕ ਸੁਚਾਰੂ ਢੰਗ ਨਾਲ ਲਿਜਾਣ ਲਈ ਟਰੈਫਿਕ ਪੁਲਿਸ ਨਾਲ ਸਬੰਧਤ ਆਪਣੇ ਮੁੱਦੇ ਉਠਾਏ ਅਤੇ ਬੇਲਰ ਚਲਾਏ ਵਾਲੇ ਖੇਤਾਂ ਵਿੱਚ ਸੁਪਰ ਐਸ ਐਮ ਐਸ ਵਾਲੀਆਂ ਕੰਬਾਈਨਾਂ ਨੂੰ ਛੋਟ ਦੇਣ ਦੀ ਮੰਗ ਰੱਖੀ ਗਈ।
ਐਸ ਡੀ ਐਮ ਡੇਰਾਬੱਸੀ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਡਿਪਟੀ ਕਮਿਸ਼ਨਰ ਕੋਲ ਇਹ ਮੁਸ਼ਕਿਲਾਂ ਉਠਾਉਣ ਦਾ ਭਰੋਸਾ ਦਿੱਤਾ।