ਪਰਮਜੀਤ ਸਿੰਘ ਸਰਨਾ ਨੇਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਤਰੀਕ ਸਬੰਧੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਕੀਤੀ ਇਹ ਅਪੀਲ
ਚੰਡੀਗੜ੍ਹ 23 ਨਵੰਬਰ(ਵਿਸ਼ਵ ਵਾਰਤਾ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਹੈ 26ਨਵੰਬਰ ਨੂੰ 5 ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਤਰੀਕ ਸਬੰਧੀ ਸਿੱਖ ਕੌਮ ਦੇ ਜਜ਼ਬਾਤਾਂ ਦੀ ਕਦਰ ਕਰਦਿਆਂ ਇਸ ਪੁਰਬ ਨੂੰ 5ਜਨਵਰੀ ਨੂੰ ਪੱਕਾ ਕਰਨ ਦੀ ਵੀਚਾਰ ਕੀਤੀ ਜਾਵੇ । ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਜਿਵੇਂ ਇਸ ਸਾਲ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 28ਦਸੰਬਰ ਨੂੰ ਆ ਰਿਹਾ ਹੈ ਜਿਸਨੂੰ ਸਮੁੱਚੀ ਕੌਮ ਬਹੁਤ ਸ਼ਰਧਾ ਵੈਰਾਗ ਤੇ ਚੜ੍ਹਦੀ ਕਲਾ ਨਾਲ ਮਨਾਉਂਦੀ ਹੈ ਪਰ 29ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਆਉਂਣ ਕਰਕੇ ਸਿੱਖ ਸੰਗਤਾਂ ਵਿੱਚ ਦੁਬਿੱਧਾ ਬਣੀ ਹੋਈ ਹੈ ਕਿ ਉਹ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨਾਂ ਵਿਚ ਦਸਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਤੇ ਸਮਾਗਮ ਕਿਸ ਤਰ੍ਹਾਂ ਮਨਾ ਸਕਦੇ ਹਨ । ਉਹਨਾਂ ਆਖਿਆ ਕਿ ਇਹ ਸਿਰਫ ਕੋਈ ਏਸੇ ਸਾਲ ਦੀ ਗੱਲ ਨਹੀਂ ਸਗੋਂ 2023 ਵਿੱਚ ਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਨਹੀਂ ਹੈ ਤੇ ਇਸ ਤਰ੍ਹਾਂ ਅੱਗੇ ਵੀ ਕਈ ਸਾਲਾਂ ਵਿੱਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਆਵੇਂਗਾ ਇਸ ਕਰਕੇ ਸਿੱਖ ਸੰਗਤ ਇਹ ਚਾਹੁੰਦੀ ਹੈ ਇਸ ਦੁਬਿਧਾ ਦਾ ਪੱਕਾ ਹੱਲ ਕਰਕੇ ਦਸ਼ਮੇਸ਼ ਪਿਤਾ ਜੀ ਦਾ ਪ੍ਰਕਾਸ਼ ਪੁਰਬ 5ਜਨਵਰੀ ਦਾ ਕੀਤਾ ਜਾਵੇ ਤੇ ਸਿੱਖ ਕੌਮ ਨੂੰ ਧਾਰਮਿਕ ਤੇ ਰਾਜਨੀਤਕ ਤੌਰ ਤੇ ਸਕੂਨ ਦਿੱਤਾ ਜਾਵੇ ।