ਪਠਾਨਕੋਟ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕੀਤੀ ਗਈ ਸਖ਼ਤ ਕਾਰਵਾਈ
ਪੁਲਿਸ ਦੁਆਰਾ 153 ਕਿਲੋ ਭੁੱਕੀ ਜ਼ਬਤ, ਦੋ ਤਸਕਰ ਗ੍ਰਿਫਤਾਰ ਅਤੇ ਇੱਕ ਟਰੱਕ ਕੀਤਾ ਗਿਆਂ ਜ਼ਬਤ
ਪੁਲਿਸ ਨੇ ਇਹਨਾਂ ਸਮੱਗਲਰਾਂ ਦੀ ਗ੍ਰਿਫਤਾਰੀ ਨਾਲ ਬਦਨਾਮ ‘ਏ-ਕੈਟਾਗਰੀ’ ਗੈਂਗਸਟਰਾਂ ਅਤੇ ਜੰਮੂ ਅਤੇ ਕਸ਼ਮੀਰ ਤੋਂ ਭੁੱਕੀ ਦੀ ਤਸਕਰੀ ਦੇ ਗਠਜੋੜ ਦਾ ਕੀਤਾ ਪਰਦਾਫਾਸ਼
ਚੰਡੀਗੜ੍ਹ, 2 ਅਗਸਤ ( ਵਿਸ਼ਵ ਵਾਰਤਾ ) ਪਠਾਨਕੋਟ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਖਿਲਾਫ ਇੱਕ ਮਹੱਤਵਪੂਰਨ ਸਫਲਤਾ ਪ੍ਰਾਪਤ ਕਰਦੇ ਹੋਏ ਇੱਕ ਸਫਲ ਆਪ੍ਰੇਸ਼ਨ ਚਲਾਕੇ 153 ਕਿਲੋ ਭੁੱਕੀ ਜ਼ਬਤ, ਕਰਕੇ ਦੋ ਬਦਨਾਮ ਸਮੱਗਲਰਾਂ ਦੀ ਗ੍ਰਿਫਤਾਰੀ ਸਮੇਤ ਗੈਰ-ਕਾਨੂੰਨੀ ਗਤੀਵਿਧੀਆਂ ਲਈ ਵਰਤੇ ਗਏ ਇੱਕ ਟਰੱਕ ਨੂੰ ਜ਼ਬਤ ਕੀਤਾ ਹੈ।
ਫੜੇ ਗਏ ਵਿਅਕਤੀਆਂ ਦੀ ਪਛਾਣ ਸਾਹਿਲ ਭਾਟੀਆ ਪੁੱਤਰ ਹਰਮਲ ਚੰਦ ਵਾਸੀ 25 ਤਿਹਾੜਾ, ਪੋਜੇਵਾਲ,ਐਸ.ਬੀ.ਐਸ.ਨਗਰ ਅਤੇ ਤਰਨਜੀਤ ਸਿੰਘ ਪੁੱਤਰ ਸੁਖਵੀਰ ਸਿੰਘ ਵਾਸੀ ਕੌਲਗੜ੍ਹ, ਬਲਾਚੌਰ, ਐਸ.ਬੀ.ਐਸ.ਨਗਰ ਵਜੋਂ ਹੋਈ ਹੈ।
ਇਸ ਸਬੰਧੀ ਪ੍ਰੈਸ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਐਸ.ਐਚ.ਓ ਨੰਗਲ ਭੂਰ ਨੇ ਆਪਣੀ ਟੀਮ ਸਮੇਤ ਇੱਕ ਕੈਂਟਰ (ਰਜਿਸਟ੍ਰੇਸ਼ਨ ਨੰਬਰ PB-29-X-1105) ਜੋ ਕਿ ਮੁਕੇਰੀਆਂ ਵਾਲੇ ਪਾਸਿਓਂ ਨਸ਼ੀਲੇ ਪਦਾਰਥ ਪਠਾਨਕੋਟ ਲੈ ਕੇ ਆ ਰਿਹਾ ਸੀ ਬਾਰੇ ਇਤਲਾਹ ਮਿਲਣ ਤੇ ਤੁਰੰਤ ਠੋਸ ਕਾਰਵਾਈ ਕਰਕੇ ਭਾਰੀ ਮਾਤਰਾ ਵਿੱਚ ਭੁੱਕੀ ਬਰਾਮਦ ਕੀਤੀ ਹੈ।
ਸਟੀਕ ਤਾਲਮੇਲ ਨਾਲ ਡੀਐਸਪੀ ਸਿਟੀ ਲਖਵਿੰਦਰ ਸਿੰਘ ਰੰਧਾਵਾ ਦੀ ਨਿਗਰਾਨੀ ਹੇਠ ਐਸਐਚਓ ਨੰਗਲ ਭੂਰ ਸ਼ੋਹਰਤ ਮਾਨ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਕੰਦਰੋੜੀ ਮੋੜ ਨੰਗਲ ਵਿਖੇ ਕੈਂਟਰ ਨੂੰ ਚੈਕਿੰਗ ਕਰਨ ਲਈ ਰੋਕਿਆਂ ਅਤੇ ਗੱਡੀ ਦੀ ਬਾਰੀਕੀ ਨਾਲ ਜਾਂਚ ਕਰਨ ਤੇ ਪੁਲਿਸ ਨੂੰ ਪਲਾਸਟਿਕ ਦੇ ਥੈਲਿਆਂ ਵਿੱਚ ਛੁਪਾ ਕੇ ਰੱਖੀ ਗਈ 153 ਕਿਲੋ ਭੁੱਕੀ ਬਰਾਮਦ ਕੀਤੀ ਹੈ। ਡਰਾਈਵਰ ਅਤੇ ਇਕ ਨੌਜਵਾਨ, ਦੀ ਪਛਾਣ ਕ੍ਰਮਵਾਰ ਸਾਹਿਲ ਭਾਟੀਆ ਅਤੇ ਤਰਨਜੀਤ ਸਿੰਘ ਵਜੋਂ ਹੋਈ ਹੈ, ਜਿਨਾ ਨੂੰ ਪੁਲਿਸ ਪਾਰਟੀ ਨੇ ਹਿਰਾਸਤ ਵਿਚ ਲੈ ਲਿਆ ਹੈ।
ਮੁਲਜ਼ਮਾਂ ਨੇ ਪੁਲੀਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਚੌਕਸੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਸਾਹਿਲ ਭਾਟੀਆ ਅਤੇ ਤਰਨਜੀਤ ਸਿੰਘ ਦੇ ਖਿਲਾਫ ਨਜਾਇਜ਼ ਪਦਾਰਥ ਰੱਖਣ ਅਤੇ ਲਿਜਾਣ ਦੇ ਦੋਸ਼ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ (ਨੰਬਰ 38) ਦਰਜ ਕੀਤਾ ਹੈ।
ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਤਰਨਜੀਤ ਸਿੰਘ ਵਾਸੀ ਕੌਲਗੜ੍ਹ, ਸ਼ਹੀਦ ਭਗਤ ਸਿੰਘ ਨਗਰ, ਪੁੱਤਰ ਸੁਖਵੀਰ ਸਿੰਘ ਦੇ ਸਬੰਧ ਬਦਨਾਮ ਗੈਂਗਸਟਰ ਪ੍ਰੀਤ ਸੇਖੋਂ ਅਤੇ ਸੋਨੂੰ ਰੋਡਮਾਜਰਾ ਨਾਲ ਹੋਣੇ ਪਾਏ ਗਏ ਹਨ। ਦੋਸੀ ਨੇ ਨਾ ਸਿਰਫ਼ ਉਨ੍ਹਾਂ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ, ਸਗੋਂ ਜੰਮੂ-ਕਸ਼ਮੀਰ ਖੇਤਰ ਦੇ ਕਈ ਭੁੱਕੀ ਸਮੱਗਲਰਾਂ ਨਾਲ ਵੀ ਉਸ ਦੇ ਸਬੰਧ ਸਨ। ਜ਼ਿਕਰਯੋਗ ਹੈ ਕਿ ਗੈਂਗਸਟਰ ਸੇਖੋਂ ਨੇ ਜੇਲ੍ਹ ਵਿੱਚ ਰਹਿੰਦਿਆਂ ਤਰਨਜੀਤ ਦੇ ਮੋਬਾਈਲ ਫ਼ੋਨ ਦੀ ਵਰਤੋਂ ਕੀਤੀ ਸੀ। ਇਸ ਤੋਂ ਇਲਾਵਾ, ਤਰਨਜੀਤ ਦਾ ਜੰਮੂ-ਕਸ਼ਮੀਰ ਦੇ ਭੁੱਕੀ ਸਮੱਗਲਰਾਂ ਨਾਲ ਸੰਪਰਕ ਉਪਰੋਕਤ ਗੈਂਗਸਟਰਾਂ ਦੁਆਰਾ ਹੀ ਕਰਵਾਇਆ ਗਿਆ ਹੈ।
ਫੜੇ ਗਏ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਅਤੇ ਉਹਨਾਂ ਦਾ ਰਿਮਾਂਡ ਮੰਗਿਆ ਜਾਵੇਗਾ ਅਤੇ ਉਹਨਾਂ ਦੀ ਸਪਲਾਈ ਚੇਨ ਦਾ ਪਰਦਾਫਾਸ਼ ਕਰਨ ਲਈ ਉਹਨਾਂ ਦੇ ਅੱਗੇ ਅਤੇ ਪਿੱਛੇ ਸਬੰਧਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਸਕੇ।
ਐਸਐਸਪੀ ਖੱਖ ਨੇ ਇਸ ਅਪ੍ਰੇਸ਼ਨ ਵਿੱਚ ਸ਼ਾਮਲ ਸਮੁੱਚੀ ਟੀਮ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਚੌਕਸੀ ਵਾਲੀ ਕਾਰਵਾਈ ਅਤੇ ਕਾਨੂੰਨ ਨੂੰ ਬਰਕਰਾਰ ਰੱਖਣ ਦੀ ਲਗਨ ਇੱਕ ਵਾਰ ਫਿਰ ਖੇਤਰ ਵਿੱਚ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਵਿੱਚ ਕਾਰਗਰ ਸਾਬਤ ਹੋਈ ਹੈ।
ਪਠਾਨਕੋਟ ਪੁਲਿਸ ਨੇ ਨਸ਼ਾ ਮੁਕਤ ਸਮਾਜ ਨੂੰ ਕਾਇਮ ਰੱਖਣ ਲਈ ਪੂਰੀ ਵਚਨਬੱਧਤਾ ਨਾਲ ਗੈਰ-ਕਾਨੂੰਨੀ ਗਤੀਵਿਧੀਆਂ ਨਾਲ ਨਜਿੱਠਣ ਲਈ ਆਪਣੇ ਅਣਥੱਕ ਯਤਨਾਂ ਨੂੰ ਜਾਰੀ ਰੱਖੇਗੀ।