ਪਠਾਨਕੋਟ ਪੁਲਿਸ ਨੇ ਹੋਟਲਾਂ ਵਿੱਚ ਤਲਾਸ਼ੀ ਅਭਿਆਨ ਦੌਰਾਨ ਉੱਚ ਪੱਧਰੀ ਜੂਏ ਦੇ ਧੰਦੇ ਦਾ ਕੀਤਾ ਪਰਦਾਫਾਸ਼
ਹੋਟਲ ਮੈਨੇਜਰ ਸਮੇਤ 21 ਕਾਬੂ, 6.33 ਲੱਖ ਰੁਪਏ ਦੀ ਨਕਦੀ ਬਰਾਮਦ
ਪੁਲਿਸ ਨੇ ਹੋਟਲ ਮਾਲਕ ਤੇ ਵੀ ਕੀਤਾ ਪਰਚਾ ਦਰਜ਼
ਪਠਾਨਕੋਟ, 11 ਅਗਸਤ (ਵਿਸ਼ਵ ਵਾਰਤਾ) ਪਠਾਨਕੋਟ ਪੁਲਿਸ ਵੱਲੋਂ ਸੁਤੰਤਰਤਾ ਦਿਵਸ ਤੋਂ ਪਹਿਲਾਂ ਸ਼ੁਰੂ ਕੀਤੇ ਗਏ ਸਰਚ ਅਭਿਆਨ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਜ਼ਿਲ੍ਹੇ ਅੰਦਰ ਚੱਲ ਰਹੇ ਇੱਕ ਉੱਚ ਪੱਧਰੀ ਜੂਏ ਦੇ ਧੰਦੇ ਦਾ ਪਰਦਾਫਾਸ਼ ਕਰਕੇ ਹੋਟਲ ਮੈਨੇਜਰ ਸਮੇਤ 21 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਕਾਰਵਾਈ ਦੇ ਵੇਰਵੇ ਮੀਡੀਆ ਨੂੰ ਦੱਸਦੇ ਹੋਏ ਸੀਨੀਅਰ ਪੁਲਿਸ ਕਪਤਾਨ ਹਰਕਮਲ ਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਗੁਪਤ ਸੂਚਨਾ ਤੇ ਕਾਰਵਾਈ ਕਰਦੇ ਹੋਏ ਡੀਐੱਸਪੀ ਹੈੱਡਕੁਆਟਰ ਨਛੱਤਰ ਸਿੰਘ ਅਤੇ ਡੀਐੱਸਪੀ ਧਾਰ ਰਜਿੰਦਰ ਮਿਨਹਾਸ ਦੀ ਦੇਖ-ਰੇਖ ਹੇਠ ਇੰਸਪੈਕਟਰ ਸੀਆਈਏ ਰਾਜੇਸ਼ ਹਸਤੀਰ, ਐੱਸਐੱਚਓ ਸੁਜਾਨਪੁਰ ਦਵਿੰਦਰ ਪ੍ਰਸ਼ਾਦ ਦੀ ਅਗਵਾਈ ਹੇਠ ਇੱਕ ਪੁਲਸ ਟੀਮ ਨੇ ਡੀਪੀ ਰੈਜ਼ੀਡੈਂਸੀ ਹੋਟਲ ਤੇ ਛਾਪੇਮਾਰੀ ਕੀਤੀ ਅਤੇ ਹੋਟਲ ਵਿੱਚ ਚੱਲ ਰਹੇ ਜੂਏ ਦੇ ਧੰਦੇ ਦਾ ਪਰਦਾਫਾਸ਼ ਕਰਕੇ ਕੁੱਲ 21 ਵਿਅਕਤੀਆਂ ਨੂੰ ਫੜਿਆ ਗਿਆ ਜੋ ਹੋਟਲ ਦੇ ਅੰਦਰ ਗੈਰ ਕਾਨੂੰਨੀ ਜੂਆ ਖੇਡਦੇ ਪਾਏ ਗਏ ਸਨ।
ਜੂਏਬਾਜ਼ਾਂ ਨੇ ਹੋਟਲ ਦੇ ਵੱਖ-ਵੱਖ ਚੈਂਬਰਾਂ ਦੇ ਅੰਦਰ ਆਪਣੇ ਆਪ ਨੂੰ ਛੁਪਾਇਆ ਲਿਆਂ ਸੀ, ਫਿਰ ਵੀ ਚੌਕਸ ਪੁਲਿਸ ਟੀਮ ਨੇ ਬੜੀ ਸਾਵਧਾਨੀ ਨਾਲ ਹੋਟਲ ਦੀ ਤਲਾਸ਼ੀ ਲਈ, ਅਤੇ ਨਤੀਜੇ ਵਜੋਂ ਇਸ ਗੈਰ-ਕਾਨੂੰਨੀ ਜੂਏਬਾਜ਼ੀ ਸਿੰਡੀਕੇਟ ਨਾਲ ਜੁੜੇ ਸਾਰੇ ਵਿਅਕਤੀਆਂ ਨੂੰ ਸਫਲਤਾ ਪੂਰਵਕ ਕਾਬੂ ਕੀਤਾ ਹੈ।
ਪੁਲਿਸ ਟੀਮ ਨੇ ਕਾਰਵਾਈ ਦੌਰਾਨ ਕੁੱਲ 6,33,770 ਰੁਪਏ ਦੀ ਵੱਡੀ ਜੂਏ ਦੀ ਨਕਦ ਰਕਮ, ਦੋ ਕਾਰਾਂ, ਚਾਰ ਐਕਟਿਵਾ ਸਕੂਟਰ ਅਤੇ ਦੋ ਮੋਟਰਸਾਈਕਲ ਜ਼ਬਤ ਕੀਤੇ ਹਨ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਹੋਟਲ ਦੇ ਮੈਨੇਜਰ ਸਮੇਤ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਹਨ। ਪਠਾਨਕੋਟ ਪੁਲਿਸ ਨੇ ਕੁੱਲ 22 ਵਿਅਕਤੀਆਂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 420, 120-ਬੀ ਅਤੇ ਪੰਜਾਬ ਗੈਂਬਲਿੰਗ ਐਕਟ ਦੀ ਧਾਰਾ 13 ਤਹਿਤ ਥਾਣਾ ਸੁਜਾਨਪੁਰ ਪਠਾਨਕੋਟ ਵਿਖੇ ਮਾਮਲਾ ਦਰਜ ਕੀਤਾ ਹੈ।
ਫੜੇ ਗਏ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਨ ਲਈ ਉਨ੍ਹਾਂ ਦੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ।
ਐਸਐਸਪੀ ਖੱਖ ਨੇ ਕਿਹਾ, “ਇਸ ਜੂਏ ਦੇ ਰਿੰਗ ਨੂੰ ਸਫ਼ਲਤਾਪੂਰਵਕ ਖਤਮ ਕਰਨਾ ਇੱਕ ਮਜ਼ਬੂਤ ਸੰਦੇਸ਼ ਦਿੰਦਾ ਹੈ ਕਿ ਜ਼ਿਲ੍ਹੇ ਪਠਾਨਕੋਟ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਠਾਨਕੋਟ ਪੁਲਿਸ ਕਾਨੂੰਨ ਨੂੰ ਕਾਇਮ ਰੱਖਣ ਅਤੇ ਆਪਣੇ ਨਾਗਰਿਕਾਂ ਲਈ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਵਚਨਬੱਧ ਹੈ।