ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਗੱਤਕੇ ਦੇ ਵਿਸ਼ਵ ਵਿਆਪੀ ਪਸਾਰ ਲਈ ਛੇ ਡਾਇਰੈਕਟੋਰੇਟ ਸਥਾਪਿਤ
· ਗੱਤਕੇ ਦੇ ਪ੍ਰਬੰਧਕੀ ਢਾਂਚੇ, ਸਿਖਲਾਈ ਤੇ ਖੋਜ ਕਾਰਜਾਂ ਨੂੰ ਵਧੇਰੇ ਕਿਰਿਆਸ਼ੀਲ ਬਣਾਵਾਂਗੇ : ਗਰੇਵਾਲ
ਚੰਡੀਗੜ੍ਹ ਦਸੰਬਰ 15 ( ) ਗੱਤਕੇ ਦੇ ਪ੍ਰਬੰਧਕੀ ਢਾਂਚੇ, ਸਿਖਲਾਈ ਤੇ ਖੋਜ ਕਾਰਜਾਂ ਨੂੰ ਵਧੇਰੇ ਪ੍ਰਗਤੀਸ਼ੀਲ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਭਾਰਤ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਖੇਡ ਸੰਸਥਾ, ‘ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ‘ ਨੇ ਆਪਣੇ ਛੇ ਵੱਖ-ਵੱਖ ਡਾਇਰੈਕਟੋਰੇਟਾਂ ਦੀ ਸਥਾਪਨਾ 36 ਡਰੈਕਟਰ ਨਾਮਜ਼ਦ ਕੀਤੇ ਹਨ ਜੋ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਅਜਾਦਾਨਾ ਤੌਰ ਉਤੇ ਕਾਰਜ ਕਰਨਗੇ ਅਤੇ ਹਰ ਤਿਮਾਹੀ ਉਤੇ ਆਪਣੀ ਲਿਖਤੀ ਸਿਫਾਰਸ਼ਾਂ-ਕਮ-ਰਿਪੋਰਟਾਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਸਾਸ਼ਨਿਕ ਡਾਇਰੈਕਟੋਰੇਟ ਨੂੰ ਸੌਂਪਣਗੇ ਅਤੇ ਇਸ ਕੌਮੀ ਖੇਡ ਐਸੋਸੀਏਸ਼ਨ ਵੱਲੋਂ ਇੰਨਾਂ ਰਿਪੋਰਟਾਂ ਦੇ ਅਧਾਰ ਤੇ ਵਿਸ਼ਵ ਗੱਤਕਾ ਫੈਡਰੇਸ਼ਨ ਲਈ ਸਲਾਨਾ ਪ੍ਰਗਤੀ ਰਿਪੋਰਟ ਅਤੇ ਖੇਡ ਕੈਲੰਡਰ ਤਿਆਰ ਕੀਤਾ ਜਾਵੇਗਾ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਖੇਡ ਡਾਇਰੈਕਟੋਰੇਟ ਵਿੱਚ ਨਾਮਜ਼ਦ ਛੇ ਤਕਨੀਕੀ ਅਧਿਕਾਰੀਆਂ ਵੱਲੋਂ ਪ੍ਰਸਾਸ਼ਨਿਕ ਡਾਇਰੈਕਟੋਰੇਟ ਨਾਲ ਤਾਲਮੇਲ ਕਰਕੇ ਵੱਖ-ਵੱਖ ਪੱਧਰ ਦੇ ਟੂਰਨਾਮੈਂਟਾਂ ਦੀ ਯੋਜਨਾ ਬਣਾਉਣਾ, ਪ੍ਰਬੰਧ ਜੁਟਾਉਣੇ, ਮੁਕਾਬਲੇ ਆਯੋਜਿਤ ਕਰਨੇ ਅਤੇ ਟੂਰਨਾਮੈਂਟ ਨੇਪਰੇ ਚਾੜ੍ਹੇ ਜਾਣਗੇ। ਇਸ ਤੋਂ ਇਲਾਵਾ ਮੁਕਾਬਲਿਆਂ ਦੌਰਾਨ ਕੰਪਿਊਟਰਾਈਜਡ ‘ਗੱਤਕਾ ਮੈਨੇਜਮੈਂਟ ਟੀ.ਐੱਸ.ਆਰ. ਸਿਸਟਮ’ ਨੂੰ ਲਾਗੂ ਕਰਨਾ ਅਤੇ ਗੱਤਕਾ ਖੇਡ ਦੇ ਸਾਜੋ-ਸਮਾਨ (ਸ਼ਸ਼ਤਰਾਂ) ਦੇ ਮਿਆਰੀਕਰਨ ਨੂੰ ਕੰਟਰੋਲ ਕਰਨਾ ਹੋਵੇਗਾ। ਇਸ ਡਾਇਰੈਕਟੋਰੇਟ ਵਿੱਚ ਤਲਵਿੰਦਰ ਸਿੰਘ ਫਿਰੋਜਪੁਰ, ਰਮਨਜੀਤ ਸਿੰਘ ਸ਼ੰਟੀ ਜਲੰਧਰ, ਗੁਰਪ੍ਰੀਤ ਸਿੰਘ ਬਠਿੰਡਾ, ਸਰਬਜੀਤ ਸਿੰਘ ਲੁਧਿਆਣਾ, ਮਨਜੀਤ ਸਿੰਘ ਬਾਲੀਆਂ ਸੰਗਰੂਰ ਤੇ ਰਵਿੰਦਰ ਸਿੰਘ ਰਵੀ ਹੁਸ਼ਿਆਰਪੁਰ ਬਤੌਰ ਡਾਇਰੈਕਟਰ ਨਾਮਜ਼ਦ ਕੀਤੇ ਗਏ ਹਨ।
ਇਸੇ ਤਰਜ ਉਤੇ ਸਥਾਪਿਤ ਸਿਖਲਾਈ ਤੇ ਕੋਚਿੰਗ ਡਾਇਰੈਕਟੋਰੇਟ ਵੱਲੋਂ ਗੱਤਕਾ ਸਿਖਲਾਈ ਸਬੰਧੀ ਮੌਜੂਦਾ ਤੇ ਭਵਿੱਖਤ ਲੋੜਾਂ ਦਾ ਵਿਸਲੇਸ਼ਣ ਕਰਦੇ ਹੋਏ ਸਰਵੋਤਮ ਖਿਡਾਰੀਆਂ, ਕੋਚਾਂ, ਰੈਫਰੀਆਂ, ਤਕਨੀਕੀ ਅਧਿਕਾਰੀਆਂ ਦੇ ਹੋਰ ਮੁਹਾਰਤ ਤੇ ਵਿਕਾਸ ਲਈ ਬਿਹਤਰ ਸਿਖਲਾਈ ਅਤੇ ਕੋਚਿੰਗ ਸੇਵਾਵਾਂ ਨੂੰ ਡਿਜ਼ਾਈਨ ਕਰਨਾ, ਵਿਕਸਤ ਕਰਨਾ, ਪ੍ਰਮਾਣਿਤ ਕਰਨਾ, ਪ੍ਰਦਾਨ ਕਰਨਾ ਅਤੇ ਮੁਲਾਂਕਣ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਖਿਡਾਰੀਆਂ ਲਈ ਵੱਖ-ਵੱਖ ਕਿਸਮ ਤੇ ਪੱਧਰ ਦੇ ਸਿਖਲਾਈ ਕੈਂਪ, ਰਿਫਰੈਸ਼ਰ ਕੋਰਸ/ਕਲੀਨਕ ਲਾਉਣ ਦੀ ਯੋਜਨਾ ਬਣਾਉਣਾ, ਪ੍ਰਬੰਧ ਜੁਟਾਉਣੇ, ਆਯੋਜਿਤ ਕਰਨੇ ਅਤੇ ਨੇਪਰੇ ਚਾੜ੍ਹਨੇ ਹੋਣਗੇ। ਇਸ ਡਾਇਰੈਕਟੋਰੇਟ ਵਿੱਚ ਨਾਮਜ਼ਦ 13 ਬਤੌਰ ਡਾਇਰੈਕਟਰਾਂ ਵਿਚ ਇੰਦਰਜੋਧ ਸਿੰਘ ਸੰਨੀ ਜੀਰਕਪੁਰ, ਹਰਕਿਰਨਜੀਤ ਸਿੰਘ ਫਾਜਿਲਕਾ, ਯੋਗਰਾਜ ਸਿੰਘ ਖਮਾਣੋ, ਸਿਮਰਨਜੀਤ ਸਿੰਘ ਚੰਡੀਗੜ੍ਹ, ਹਰਜਿੰਦਰ ਸਿੰਘ ਤਰਨਤਾਰਨ, ਜੋਰਾਵਰ ਸਿੰਘ ਦਿੱਲੀ, ਲਖਵਿੰਦਰ ਸਿੰਘ ਫਿਰੋਜਪੁਰ, ਸੁਖਦੀਪ ਸਿੰਘ ਲੁਧਿਆਣਾ, ਬਲਦੇਵ ਸਿੰਘ ਮੋਗਾ, ਤਲਵਿੰਦਰ ਸਿੰਘ ਫਿਰੋਜਪੁਰ, ਰਮਨਜੀਤ ਕੌਰ ਦਿੱਲੀ, ਚਰਨਜੀਤ ਕੌਰ ਮੁਹਾਲੀ ਤੇ ਸਿਮਰਨਦੀਪ ਕੌਰ ਜੰਮੂ ਸ਼ਾਮਲ ਹਨ।
ਉਨਾਂ ਦੱਸਿਆ ਕਿ ਡੈਲੀਗੇਟ ਤੇ ਵਾਲੰਟੀਅਰ ਡਾਇਰੈਕਟੋਰੇਟ ਵੱਲੋਂ ਡੈਲੀਗੇਟਾਂ, ਮੈਂਬਰਾਂ, ਸਰਪ੍ਰਸਤਾਂ ਅਤੇ ਨਵੇਂ ਮੈਂਬਰਾਂ ਨਾਲ ਮਾਸਿਕ ਪੱਧਰ ਉਤੇ ਸੰਪਰਕ ਰੱਖਦੇ ਹੋਏ ਈਮੇਲ ਰਾਹੀਂ ਪੱਤਰ-ਵਿਹਾਰ ਕਰਨਾ ਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਨਾਲ ਜੁੜਦੇ ਹਰ ਵਰਗ ਦੇ ਵਲੰਟੀਅਰਾਂ ਦਾ ਰਿਕਾਰਡ ਰੱਖਣਾ ਹੋਵੇਗਾ। ਇਸ ਡਾਇਰੈਕਟੋਰੇਟ ਵਿੱਚ ਡਾ. ਪੰਕਜ ਧਮੀਜਾ ਫਾਜਿਲਕਾ, ਹਰਪ੍ਰੀਤ ਸਿੰਘ ਸਰਾਓ ਮੁਹਾਲੀ, ਬਲਜੀਤ ਸਿੰਘ ਸੈਣੀ ਖਰੜ, ਭੁਪਿੰਦਰ ਸਿੰਘ ਖਰੜ, ਰਵਿੰਦਰ ਸਿੰਘ ਪਿੰਕੂ ਮੁਹਾਲੀ, ਅਮਰਜੀਤ ਸਿੰਘ ਜੰਮੂ, ਜੋਗਿੰਦਰ ਸਿੰਘ ਬੁੱਧ ਵਿਹਾਰ ਦਿੱਲੀ ਬਤੌਰ ਡਾਇਰੈਕਟਰ ਨਾਮਜ਼ਦ ਕੀਤੇ ਗਏ ਹਨ।
ਗੱਤਕਾ ਪ੍ਰੋਮੋਟਰ ਗਰੇਵਾਲ ਨੇ ਦੱਸਿਆ ਕਿ ਖੋਜ ਤੇ ਪ੍ਰਕਾਸ਼ਨ ਡਾਇਰੈਕਟੋਰੇਟ, ਮੁੱਖ ਡਾਇਰੈਕਟਰ ਡਾ. ਬਲਜੀਤ ਸਿੰਘ ਸੇਖੋਂ ਦੀ ਅਗਵਾਈ ਹੇਠ ਕਾਰਜ ਕਰੇਗਾ ਜਿਸ ਵਿੱਚ ਸਿਮਰਨਜੀਤ ਸਿੰਘ ਚੰਡੀਗੜ੍ਹ, ਹਰਵਿੰਦਰ ਸਿੰਘ ਗੁਰਦਾਸਪੁਰ, ਵੀਰਪਾਲ ਕੌਰ ਸ੍ਰੀ ਮੁਕਤਸਰ ਸਾਹਿਬ (ਚੰਡੀਗੜ੍ਹ) ਤੇ ਤੇਜਿੰਦਰ ਸਿੰਘ ਗਿੱਲ ਪਟਿਆਲਾ ਬਤੌਰ ਡਾਇਰੈਕਟਰ ਨਾਮਜ਼ਦ ਕੀਤੇ ਗਏ ਹਨ। ਇਸ ਡਾਇਰੈਕਟੋਰੇਟ ਦਾ ਕਾਰਜ ਗੱਤਕੇ ਬਾਰੇ ਖੋਜ ਗਤੀਵਿਧੀਆਂ ਨੂੰ ਘੋਖਣਾ ਅਤੇ ਉਤਸ਼ਾਹਿਤ ਕਰਨਾ, ਆਨਲਾਈਨ ਮੀਡੀਆ ਅਤੇ ਰਸਾਲਿਆਂ ਦੇ ਪ੍ਰਕਾਸ਼ਨ, ਪ੍ਰਮਾਣਿਕ ਡਾਟਾ ਅਤੇ ਪ੍ਰਚਾਰ ਸਮੱਗਰੀ ਤਿਆਰ ਕਰਨਾ ਹੋਵੇਗਾ।
ਇਸੇ ਤਰਾਂ ਵਿਦੇਸ਼ੀ ਮਾਮਲਿਆਂ ਦੇ ਡਾਇਰੈਕਟੋਰੇਟ ਵੱਲੋਂ ਗੱਤਕਾ ਖੇਡ ਨੂੰ ਵਿਸ਼ਵ ਪੱਧਰ ਉਤੇ ਪ੍ਰਫ਼ੁੱਲਤ ਕਰਨ ਲਈ ਵਿਸ਼ਵ ਗੱਤਕਾ ਫੈਡਰੇਸ਼ਨ ਦੀ ਅਗਵਾਈ ਹੇਠ ਨਵੀਆਂ ਵਿਦੇਸ਼ੀ ਗੱਤਕਾ ਐਸੋਸੀਏਸ਼ਨਾਂ/ਫੈਡਰੇਸ਼ਨਾਂ ਸਥਾਪਿਤ ਕਰਨਾ ਅਤੇ ਐਫ਼ੀਲੀੲਟਿਡ ਵੱਖ-ਵੱਖ ਦੇਸ਼ਾਂ ਦੀਆਂ ਗੱਤਕਾ ਇਕਾਈਆਂ ਨਾਲ ਤਾਲਮੇਲ ਬਣਾਈ ਰੱਖਣਾ, ਵਿਦੇਸ਼ਾਂ ਵਿੱਚ ਗੱਤਕਾ ਟੂਰਨਾਮੈਂਟ ਆਯੋਜਿਤ ਕਰਵਾਉਣੇ ਅਤੇ ਕੋਚਾਂ/ਰੈਫ਼ਰੀਆਂ/ਪ੍ਰਬੰਧਕਾਂ/ਤਕਨੀਕੀ ਅਧਿਕਾਰੀਆਂ ਦੇ ਆਦਾਨ-ਪ੍ਰਦਾਨ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਡਾਇਰੈਕਟੋਰੇਟ ਦੇ ਮੁੱਖ ਡਾਇਰੈਕਟਰ ਡਾ. ਦੀਪ ਸਿੰਘ ਹੋਣਗੇ ਜਦਕਿ ਡਾ. ਸ਼ੁਭਕਰਨ ਸਿੰਘ ਖਮਾਣੋ, ਇੰਦਰਜੋਧ ਸਿੰਘ ਸੰਨੀ, ਬਲਦੇਵ ਸਿੰਘ ਮੋਗਾ ਤੇ ਰਵਿੰਦਰ ਸਿੰਘ ਬਿੱਟੂ ਜੰਮੂ ਨੂੰ ਬਤੌਰ ਡਾਇਰੈਕਟਰ ਨਾਮਜ਼ਦ ਕੀਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਕੁਸ਼ਲ ਪ੍ਰਸ਼ਾਸਨ, ਬਿਹਤਰ ਪ੍ਰਬੰਧਨ, ਸ਼ਿਕਾਇਤਾਂ/ਸ਼ਿਕਾਇਤਾਂ ਦੇ ਸਮੇਂ ਸਿਰ ਨਿਪਟਾਰੇ ਆਦਿ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਤਕਨੀਕੀ ਅਧਿਕਾਰੀਆਂ ਅਤੇ ਗੱਤਕਾ ਖਿਡਾਰੀਆਂ ਨੂੰ ਹੋਰ ਸਹੂਲਤਾਂ ਪ੍ਰਦਾਨ ਕਰਨ ਲਈ ਤਕਨੀਕੀ ਅਧਿਕਾਰੀਆਂ ਦੀਆਂ ਹੋਰ ਕਮੇਟੀਆਂ ਅਤੇ ਜ਼ੋਨਲ ਕੌਂਸਲਾਂ ਦਾ ਗਠਨ ਵੀ ਜਲਦ ਕੀਤਾ ਜਾਵੇਗਾ।