ਨੇਪਾਲ: ਨੇਪਾਲ ‘ਚ ਤੇਜ਼ ਮੀਂਹ ਦੇ ਚਲਦੇ ਹੜ੍ਹ ਦਾ ਕਹਿਰ ਜਾਰੀ ਹੈ। ਭਿਆਨਕ ਹੜ੍ਹ ਨਾਲ ਇੱਥੇ ਐਤਵਾਰ ਨੂੰ 19 ਵਿਦਿਆਰਥੀਆਂ ਦੀ ਮੌਤ ਹੋ ਗਈ। ਇਸ ਤਰ੍ਹਾਂ ਨੇਪਾਲ ‘ਚ ਮ੍ਰਿਤਕਾਂ ਦੀ ਗਿਣਤੀ 300 ਤੋਂ ਉੱਤੇ ਹੈ। ਨੇਪਾਲ ਵਿਚ ਹੜ੍ਹ ਦੇ ਹਾਲਾਤ ਕਿਸ ਕਦਰ ਖ਼ਰਾਬ ਹਨ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਾਲ ਹੀ ਵਿਚ ਕੋਸ਼ੀ ਨਦੀ ਕੋਲ ਸਥਿੱਤ ਪਿੰਡ ਵਿਚ ਇੱਕ ਪਰਿਵਾਰ ਨੂੰ ਆਪਣੇ ਬੱਚੇ ਨੂੰ ਦਫਨਾਉਣ ਲਈ ਜਗ੍ਹਾ ਨਹੀਂ ਮਿਲੀ ਤਾਂ ਬੱਚੇ ਨੂੰ ਨਦੀ ਵਿਚ ਹੀ ਵਹਾ ਦਿੱਤਾ ਗਿਆ।
ਮੀਂਹ ਕਾਰਨ ਆਈ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਜਿੱਥੇ ਘੱਟ ਤੋਂ ਘੱਟ 500 ਸਕੂਲੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਉੱਥੇ ਹੀ ਹੜ੍ਹ ਦੇ ਚਲਦੇ ਜ਼ਿਆਦਾਤਰ ਲੋਕਾਂ ਨੇ ਸਕੂਲਾਂ ਵਿਚ ਸ਼ਰਨ ਲਈ ਹੋਈ ਹੈ, ਜਿੱਥੇ ਇਨ੍ਹਾਂ ਲਈ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਦੱਸ ਦਈਏ ਕਿ ਉੱਤਰੀ ਭਾਰਤ, ਦੱਖਣੀ ਨੇਪਾਲ ਅਤੇ ਉੱਤਰੀ ਬੰਗਲਾਦੇਸ਼ ਦੇ ਇਲਾਕਿਆਂ ਵਿਚ ਲੱਖਾਂ ਲੋਕ ਹਾਲ ਦੇ ਸਾਲਾਂ ਵਿਚ ਆਈ ਸਭ ਤੋਂ ਭਿਆਨਕ ਹੜ੍ਹ ਦੀ ਲਪੇਟ ਵਿਚ ਹਨ।
ਹੁਣ ਤੱਕ ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਦੀ ਜਾਨ ਹੜ੍ਹ ਕਾਰਨ ਗਈ ਹੈ। ਸੰਯੁਕਤ ਰਾਸ਼ਟਰ ਦੀ ਇਕ ਏਜੰਸੀ ਨੇ ਕਿਹਾ ਹੈ ਕਿ ਭਾਰਤ, ਬੰਗਲਾਦੇਸ਼ ਅਤੇ ਨੇਪਾਲ ਵਿਚ ਲੱਗਭਗ ਇੱਕ ਕਰੋੜ 60 ਲੱਖ ਬੱਚਿਆਂ ਨੂੰ ਉੱਥੇ ਆਈ ”ਵਿਨਾਸ਼ਕਾਰੀ” ਹੜ੍ਹ ਕਾਰਨ ਜੀਵਨ-ਰੱਖਿਅਕ ਮਦਦ ਦੀ ਤੁਰੰਤ ਜ਼ਰੂਰਤ ਹੈ।