ਬਲਜੀਤ ਸਿੰਘ ਬਰਾੜ
ਜਲੰਧਰ, 16 ਮਾਰਚ (ਵਿਸ਼ਵ ਵਾਰਤਾ)- ਪੰਜਾਬੀ ਮੀਡੀਆ ਅਕੈਡਮੀ ਨੇ ਰੋਜ਼ਾਨਾ ‘ਅਜੀਤ’ ਜਲੰਧਰ ਦੇ ਬਾਨੀ ਸੰਪਾਦਕ ਅਤੇ ਪੰਜਾਬੀ ਪੱਤਰਕਾਰੀ ਦੇ ਬੋਹੜ ਸਵਰਗਵਾਸੀ ਡਾ. ਸਾਧੂ ਸਿੰਘ ਹਮਦਰਦ ਦੀ ਯਾਦ ਵਿੱਚ ਨਿਰਮਲ ਪੱਤਰਕਾਰੀ ਲਈ ਪੁਰਸਕਾਰ ਸ਼ੁਰੂ ਕੀਤਾ ਗਿਆ ਹੈ ਜੋ ਕਿਸੇ ਉੱਘੇ ਪੰਜਾਬੀ ਪੱਤਰਕਾਰ ਨੂੰ ਪ੍ਰਦਾਨ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਅਕੈਡਮੀ ਦੇ ਪ੍ਰਧਾਨ ਅਤੇ ‘ਪੰਜਾਬ ਟਾਇਮਜ਼’ ਦੇ ਸੰਪਾਦਕ ਸ. ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬੀ ਮੀਡੀਆ ਅਕੈਡਮੀ ਦੀ ਤਰਫੋਂ ਨਿਰਮਲ ਪਤਰਕਾਰੀ ਨੂੰ ਉਤਸ਼ਾਹਿਤ ਕਰਨ ਹਿਤ 21 ਮਾਰਚ 2018 ਦਿਨ ਬੁੱਧਵਾਰ ਸਵੇਰੇ 11:30 ਵਜੇਂ ਤੋ ਦੁਪਹਿਰ ਬਾਅਦ 1:30 ਵਜੇ ਤਕ ਖਾਲਸਾ ਕਾਲਜ ਪਟਿਆਲਾ ਵਿਖੇ ਬਹੁਤ ਹੀ ਵੱਡਾ ਅਤੇ ਸ਼ਾਨਦਾਰ ‘ਪੰਜਾਬੀ ਮੀਡੀਆ ਪੁਰਸਕਾਰ-2018’ ਪ੍ਰੋਗਰਾਮ/ ਸ਼ੋਅ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ‘ਚ ਮੀਡੀਆ ਅਤੇ ਸਮਾਜਿਕ ਖੇਤਰ ਵਿੱਚ ਉਘਾ ਯੋਗਦਾਨ ਪਾਉਣ ਵਾਲੀਆਂ ਮੀਡੀਆ ਅਤੇ ਸਿਵਲ ਸੁਸਾਇਟੀ ਦੀਆਂ ਉਘੀਆਂ ਹਸਤੀਆਂ ਨੂੰ ਪੰਜਾਬੀ ਮੀਡੀਆ ਰਤਨ ਅਤੇ ਪੰਜਾਬ ਸੇਵਾ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰੋਗਰਾਮ ਦਾ ਅਕਾਲ ਚੈਨਲ ਯੂ.ਕੇ ਵੱਲੋਂ ਸਿੱਧਾ/ਲਾਇਵ ਟੈਲੀਕਾਸਟ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦਾ ਥੀਮ ‘ਮੀਡੀਆ ਦੀ ਸਮਾਜਿਕ ਜ਼ਿੰਮੇਵਾਰੀ’’ ਰੱਖਿਆ ਗਿਆ ਹੈ।