*ਹੋਛੇ-ਹੱਥਕੰਡਿਆਂ ਰਾਹੀਂ ਸਿਆਸਤ ਚਮਕਾਉਣ ਦੀ ਥਾਂ ਸਿਆਣਪ ਤੇ ਸੰਜਮ ਵਰਤਣ ਲੀਡਰ-ਹਰਪਾਲ ਸਿੰਘ ਚੀਮਾ*
*ਕੀ ਕਾਨੂੰਨ ਤੋਂ ਉੱਪਰ ਹਨ ਧਰਮਸੋਤ, ਮਜੀਠੀਆ ਤੇ ਵਿਜੈਇੰਦਰ ਸਿੰਗਲਾ ਵਰਗੇ ਮੰਤਰੀ-ਵਿਧਾਇਕ*
*ਚੰਡੀਗੜ੍ਹ, 30 ਮਾਰਚ 2020 (ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਉਹ ਕਰਫ਼ਿਊ ਦੌਰਾਨ ਨਿਯਮ-ਕਾਨੂੰਨ ਛਿੱਕੇ ਟੰਗ ਕੇ ਕਾਫ਼ਲਿਆਂ ਨਾਲ ਘੁੰਮ ਰਹੇ ਆਪਣੇ ਮੰਤਰੀਆਂ ਸਮੇਤ ਅਕਾਲੀ-ਕਾਂਗਰਸੀ ਵਿਧਾਇਕਾਂ ਨੂੰ ਟਿਕ ਕੇ ਬੈਠਣ ਲਈ ਪਾਬੰਦ ਕਰਨ।
ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਸ ਗੱਲ ‘ਤੇ ਸਖ਼ਤ ਇਤਰਾਜ਼ ਕਰਦਿਆਂ ਪੁੱਛਿਆ ਕਿ ਮੰਤਰੀ ਅਤੇ ਵਿਧਾਇਕਾਂ ਨੂੰ ਕਿਸ ਹੈਸੀਅਤ ‘ਚ ਧਾਰਾ 144 ਅਤੇ ਕਰਫ਼ਿਊ ਦੀ ਉਲੰਘਣਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ?
ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਵਿਸ਼ਵ-ਵਿਆਪੀ ਪ੍ਰਕੋਪ ਕੋਰੋਨਾ-ਵਾਇਰਸ ‘ਤੇ ਫ਼ਤਿਹ ਪਾਉਣ ਲਈ ਜ਼ੀਰੋ ਜਨ ਸੰਪਰਕ ਹੀ ਇਕਲੌਤਾ ਉਪਾਅ ਹੈ, ਕਿਉਂਕਿ ਅਜੇ ਤੱਕ ਇਸ ਜਾਨਲੇਵਾ ਬਿਮਾਰੀ ‘ਤੇ ਕਾਬੂ ਪਾਉਣ ਲਈ ਕੋਈ ਦਵਾਈ ਜਾਂ ਵੈਕਸੀਨੇਸ਼ਨ ਨਹੀਂ ਬਣੀ। ਭਗਵੰਤ ਮਾਨ ਨੇ ਕਿਹਾ ਕਿ ਅਣਗਿਣਤ ਚੁਣੌਤੀਆਂ ਅਤੇ ਮੁਸ਼ਕਲਾਂ ਦੇ ਬਾਵਜੂਦ ਆਮ ਨਾਗਰਿਕ ਘਰਾਂ ‘ਚ ਬੈਠ ਕੇ ਸਰਕਾਰਾਂ, ਡਾਕਟਰਾਂ ਅਤੇ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਦੀ ਸ਼ਲਾਘਾਯੋਗ ਪਾਲਨਾ ਕਰ ਰਹੇ ਹਨ, ਪਰੰਤੂ ਸੱਤਾਧਾਰੀ ਕਾਂਗਰਸ ਅਤੇ ਲੋਕਾਂ ਦੀ ਨਫ਼ਰਤ ਦਾ ਪਾਤਰ ਬਣੇ ਅਕਾਲੀ ਦਲ (ਬਾਦਲ) ਦੇ ਆਗੂ ਕਾਫ਼ਲੇ ਬੰਨ ਕੇ ਗਲੀਆਂ-ਮੁਹੱਲਿਆਂ ‘ਚ ਘੁੰਮ ਰਹੇ ਹਨ, ਜੋ ਕਾਨੂੰਨ ਦੀ ਸ਼ਰੇਆਮ ਉਲੰਘਣਾ ਹੈ। ਇਸ ਲਈ ਗ਼ਰੀਬਾਂ ਅਤੇ ਲੋੜਵੰਦਾਂ ਦੇ ਨਾਮ ‘ਤੇ ਬੇਹੱਦ ਹਲਕੀ ਅਤੇ ਹੋਛੀ ਸਿਆਸਤ ਕਰ ਰਹੇ ਇਨ੍ਹਾਂ ਡਰਾਮੇ ਬਾਜ਼ਾਂ ਨੂੰ ਨੱਥ ਪਾਈ ਜਾਵੇ।
‘ਆਪ’ ਆਗੂਆਂ ਨੇ ਕਿਹਾ ਕਿ ਗ਼ਰੀਬਾਂ ਤੇ ਲੋੜਵੰਦਾਂ ਦੀ ਮਦਦ ਰਾਸ਼ਨ ਵਾਲਾ ਥੈਲਾ ਦਿੰਦਿਆਂ ਦੀ ਫ਼ੋਟੋ ਸੋਸ਼ਲ ਮੀਡੀਆ ‘ਤੇ ਪਾਏ ਬਗੈਰ ਘਰੇ ਬੈਠੇ-ਬਿਠਾਏ ਵੀ ਜ਼ਿਆਦਾ ਵਧੀਆ ਢੰਗ ਨਾਲ ਕੀਤੀ ਜਾ ਸਕਦੀ ਹੈ? ਚੀਮਾ ਨੇ ਕਿਹਾ ਕਿ ਇਹ ਦਿਖਾਵੇ ਦੀ ਮਦਦ ਹੋਛੀ ਸਿਆਸਤ ਚਮਕਾਉਣ ਲਈ ਹੈ, ਦੂਜੇ ਪਾਸੇ ਅਜਿਹਾ ਕਰਕੇ ਗ਼ਰੀਬਾਂ ਦੀ ਗ਼ਰੀਬੀ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ, ਜੋ ਨੈਤਿਕ ਤੌਰ ‘ਤੇ ਬਿਲਕੁਲ ਸਹੀ ਨਹੀਂ ਹੈ। ਇਸ ਲਈ ਸਾਧੂ ਸਿੰਘ ਧਰਮਸੋਤ, ਵਿਜੈ ਇੰਦਰ ਸਿੰਗਲਾ, ਭਾਰਤ ਭੂਸ਼ਨ ਆਸ਼ੂ ਅਤੇ ਬਿਕਰਮ ਸਿੰਘ ਮਜੀਠੀਆ ਸਮੇਤ ਇਸ ਤਰਾਂ ਦੀ ਹਲਕੀ ਰਾਜਨੀਤੀ ਕਰ ਰਹੇ ਸਾਰੇ ਮੰਤਰੀਆਂ ਵਿਧਾਇਕਾਂ ਅਤੇ ਹੋਰ ਆਗੂਆਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ, ਕਿਉਂਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ।
ਚੀਮਾ ਨੇ ਕਿਹਾ ਕਿ ਹਰੇਕ ਲੀਡਰ ਨੂੰ ਆਪਣੇ ਹਲਕੇ ਅਤੇ ਇਲਾਕੇ ਦੇ ਗ਼ਰੀਬਾਂ ਅਤੇ ਲੋੜਵੰਦਾਂ ਬਾਰੇ ਲਗਭਗ ਜਾਣਕਾਰੀ ਹੁੰਦੀ ਹੈ ਅਤੇ ਅਜਿਹੇ ਜ਼ਰੂਰਤਮੰਦਾਂ ਬਾਰੇ ਆਪਣੇ ਸਥਾਨਕ ਆਗੂਆਂ, ਪੰਚਾਂ, ਸਰਪੰਚਾਂ, ਨੰਬਰਦਾਰਾਂ ਜਾਂ ਹੋਰ ਮੋਹਤਵਰਾਂ ਕੋਲੋਂ ਪਾਰਟੀਬਾਜ਼ੀ ਤੋ ਉੱਤੇ ਉੱਠ ਕੇ ਸੂਚੀ ਤਿਆਰ ਕਰਵਾਈ ਜਾ ਸਕਦੀ ਹੈ, ਜਿਨ੍ਹਾਂ ਨੂੰ ਪ੍ਰਸ਼ਾਸਨ ਰਾਹੀਂ ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ ਮੁਹੱਈਆ ਕਰਨਾ ਸਾਰੇ ਆਗੂਆਂ ਅਤੇ ਜਨ ਨੁਮਾਇੰਦਿਆਂ ਦਾ ਅਸਲੀ ਫ਼ਰਜ਼ ਹੈ, ਜੋ ਆਪਣੇ-ਆਪਣੇ ਘਰਾਂ ‘ਚੋਂ ਬਾਖ਼ੂਬੀ ਕੀਤਾ ਜਾ ਸਕਦਾ ਹੈ।
ਚੀਮਾ ਨੇ ਨਾਭਾ ‘ਚ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਸਿਆਸੀ ਵਿਤਕਰੇਬਾਜ਼ੀ ਤਹਿਤ ਵੰਡੇ ਜਾ ਰਹੇ ਰਾਸ਼ਨ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇੱਕ ਮੰਤਰੀ ਨੂੰ ਇਹ ਸੋਭਾ ਨਹੀਂ ਦਿੰਦਾ ਕਿ ਉਹ ਵਿਤਕਰੇਬਾਜ਼ੀ ਰਾਹੀਂ ਪਹਿਲਾਂ ਖ਼ੁਦ ਰਾਸ਼ਨ ਵੰਡੇ ਅਤੇ ਫਿਰ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਗ਼ਰੀਬ ਲੋਕਾਂ ‘ਤੇ ਮੁਕੱਦਮੇ ਦਰਜ ਕਰਵਾਏ। ਚੀਮਾ ਨੇ ਪਾਰਟੀ ਦੇ ਨਾਭਾ ਤੋਂ ਹਲਕਾ ਪ੍ਰਧਾਨ ਦੇਵ ਮਾਨ ਦੇ ਹਵਾਲੇ ਨਾਲ ਕਿਹਾ ਕਿ ਅੱਧੀ ਦਰਜਨ ਤੋਂ ਵੱਧ ਲੋਕਾਂ ‘ਤੇ ਧਾਰਾ 144 ਤੋੜਨ ਸਮੇਤ ਕਈ ਹੋਰ ਦੋਸ਼ਾਂ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ। ਚੀਮਾ ਨੇ ਇਸ ਪੂਰੇ ਮਾਮਲੇ ਦੀ ਸਮਾਂਬੱਧ ਨਿਆਇਕ ਜਾਂਚ ਦੀ ਮੰਗ ਕਰਦੇ ਹੋਏ ਸਵਾਲ ਉਠਾਇਆ ਕਿ ਜੇਕਰ ਆਮ ਲੋਕਾਂ ‘ਤੇ ਧਾਰਾ 144 ਤਹਿਤ ਮਾਮਲਾ ਦਰਜ਼ ਕੀਤਾ ਜਾ ਸਕਦਾ ਹੈ ਤਾਂ ਭਾਰੀ-ਭਰਕਮ ਲਾਮ ਲਸ਼ਕਰ ਨਾਲ ਨਾਭੇ ਦੀਆਂ ਗਲੀਆਂ ‘ਚ ਘੁੰਮ ਰਹੇ ਸਾਧੂ ਸਿੰਘ ਧਰਮਸੋਤ ‘ਤੇ ਧਾਰਾ 144 ਤਹਿਤ ਮੁਕੱਦਮਾ ਕਿਉਂ ਨਹੀਂ ਦਰਜ਼ ਕੀਤਾ ਗਿਆ।