ਨਸ਼ਿਆਂ ਦੇ ਖਾਤਮੇ ਲਈ ਇੱਕਜੁੱਟ ਜਨਤਕ ਲੋਕ-ਲਹਿਰ ਉਸਾਰਨ ਦਾ ਸੱਦਾ ਜਿਸ ਦਾ ਨਿਸ਼ਾਨਾ ਨਸ਼ਾ-ਸੌਦਾਗਰਾਂ ਅਤੇ ਉਨ੍ਹਾਂ ਦੇ ਪ੍ਰਸ਼ਾਸਨਿਕ ਤੇ ਸਿਆਸੀ ਸਮਰਥਕਾਂ ਨੂੰ ਬਣਾਇਆ ਜਾਵੇ- ਉਗਰਾਹਾਂ, ਕੋਕਰੀ
ਚੰਡੀਗੜ੍ਹ 7 ਅਗਸਤ (ਵਿਸ਼ਵ ਵਾਰਤਾ) ਘਰ ਘਰ ਸੱਥਰ ਵਿਛਾ ਰਹੇ ਚਿੱਟੇ ਵਰਗੇ ਘਾਤਕ ਨਸ਼ਿਆਂ ਦੇ ਖਾਤਮੇ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਇੱਕਜੁੱਟ ਜਨਤਕ ਲੋਕ-ਲਹਿਰ ਉਸਾਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਸਬੰਧੀ ਸਾਂਝਾ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਮਹਾਂਮਾਰੀ ਦਾ ਰੂਪ ਧਾਰ ਚੁੱਕੀ ਅਤੇ ਹੋਰ ਵੀ ਭਿਆਨਕ ਰੂਪ ਧਾਰਨ ਵੱਲ ਵਧ ਰਹੀ ਇਸ ਨਸ਼ਿਆਂ ਦੀ ਅਲਾਮਤ ਨੂੰ ਮਿਲ ਰਹੀ ਪ੍ਰਸ਼ਾਸਨਿਕ/ਸਿਆਸੀ ਢੋਈ ਉੱਤੇ ਗਹਿਰੀ ਚਿੰਤਾ ਜ਼ਾਹਰ ਕੀਤੀ ਹੈ। ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਤੇ ਜਥੇਬੰਦ ਕਰ ਰਹੇ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣਾ ਅਤੇ ਕਈ ਥਾਈਂ ਪੁਲਿਸ ਹਵਾਲੇ ਕੀਤੇ ਨਸ਼ਾ ਵਿਕ੍ਰੇਤਾਵਾਂ ਨੂੰ ਖੁੱਲ੍ਹੇ ਛੱਡਣਾ ਇਹੀ ਜ਼ਾਹਰ ਕਰਦਾ ਹੈ। ਪਿਛਲੇ ਸਾਲ ਅਡਾਨੀ ਬੰਦਰਗਾਹ ਉਤੇ ਫੜੇ ਗਏ ਸੈਂਕੜੇ ਕ੍ਰੋੜ ਰੁਪਏ ਦੇ ਤਿੰਨ ਟਨ ਤੋਂ ਵੱਧ ਚਿੱਟੇ ਦੇ ਸੰਗੀਨ ਜੁਰਮ ਦਾ ਭੋਰਾ ਵੀ ਸੇਕ ਅਡਾਨੀ ਤੱਕ ਨਾ ਪਹੁੰਚਣਾ ਇਸਦੀ ਉੱਘੜਵੀਂ ਮਿਸਾਲ ਹੈ। ਚਿੱਟੇ ਦੇ ਨਿਰਮਾਤਾ ਅਤੇ ਥੋਕ ਵਪਾਰੀ ਕਾਰਪੋਰੇਟ ਘਰਾਣੇ ਇਸ ਕਾਲੇ ਧੰਦੇ ਵਿੱਚੋਂ ਅੰਨ੍ਹੇ ਮੁਨਾਫੇ ਕਮਾ ਰਹੇ ਹਨ। ਇਸੇ ਕਰਕੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਗੇਟਾਂ ਅੱਗੇ ਜਾਂ ਹੋਰ ਜਨਤਕ ਥਾਂਵਾਂ ਉੱਤੇ ਸ਼ਰੇਆਮ ਚਿੱਟਾ ਵਿਕਦਾ ਹੈ। ਵੋਟਾਂ ਵੇਲੇ ਦੋ ਮਹੀਨਿਆਂ ਵਿਚ ਨਸ਼ੇ ਖ਼ਤਮ ਕਰਨ ਦੀਆਂ ਟਾਹਰਾਂ ਮਾਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜ ਵਿੱਚ ਸਗੋਂ ਨਸ਼ਾ ਸੌਦਾਗਰਾਂ ਨੂੰ ਅਜਿਹੀ ਜ਼ਾਹਰਾ ਤੇ ਗੁੱਝੀ ਸ਼ਹਿ ਹੋਰ ਵਧਣ ਕਾਰਨ ਹੀ ਸਮਾਜ ਵਿਰੋਧੀ ਨਸ਼ਾ-ਸਪਲਾਈ ਅਨਸਰ ਨਸ਼ਾ-ਵਿਰੋਧੀ ਕਮੇਟੀਆਂ ਦੇ ਮੈਂਬਰਾਂ ਨੂੰ ਜਾਨੋਂ ਮਾਰਨ ਅਤੇ ਸਖ਼ਤ ਜ਼ਖ਼ਮੀ ਕਰਨ ਵਰਗੇ ਗੁੰਡਾ ਹਮਲੇ ਕਰ ਰਹੇ ਹਨ। ਪੰਜਾਬ ਭਰ ਵਿੱਚ ਵਾਪਰੀਆਂ ਹੋਰ ਵਾਰਦਾਤਾਂ ਤੋਂ ਇਲਾਵਾ ਢਿੱਲਵਾਂ (ਫਰੀਦਕੋਟ) ਵਿੱਚ ਕਤਲ ਅਤੇ ਭੁੱਚੋ ਕਲਾਂ (ਬਠਿੰਡਾ) ਵਿੱਚ ਸਖ਼ਤ ਜ਼ਖਮੀ ਕਰਨ ਵਾਲੇ ਤਾਜ਼ਾ ਗੁੰਡਾ ਹਮਲੇ ਸਭ ਦੇ ਸਾਹਮਣੇ ਹਨ। ਇਨ੍ਹਾਂ ਹਮਲਿਆਂ ਦੇ ਸ਼ਿਕਾਰ ਪਰਵਾਰਾਂ ਨਾਲ਼ ਕਿਸਾਨ ਆਗੂਆਂ ਨੇ ਡੂੰਘੀ ਹਮਦਰਦੀ ਜ਼ਾਹਰ ਕੀਤੀ ਹੈ। ਕਿਸਾਨ ਆਗੂਆਂ ਨੇ ਸਪਸ਼ਟ ਕੀਤਾ ਹੈ ਕਿ ਪ੍ਰਸ਼ਾਸਨਿਕ, ਸਿਆਸੀ ਤੇ ਸਾਮਰਾਜੀ ਕਾਰਪੋਰੇਟ ਲਾਣੇ ਨੂੰ ਨਸ਼ਿਆਂ ਦੇ ਧੰਦੇ ਵਿੱਚੋਂ ਅੰਨ੍ਹੇ ਮੁਨਾਫਿਆਂ ਤੋਂ ਇਲਾਵਾ ਨੌਜਵਾਨਾਂ ਦੀ ਮੱਤ ਮਾਰ ਦੇਣ ਦਾ ਵੱਡਾ ਫ਼ਾਇਦਾ ਵੀ ਹੁੰਦਾ ਹੈ। ਬੇਰੁਜ਼ਗਾਰੀ ਦੇ ਝੰਬੇ ਨੌਜਵਾਨਾਂ ਨੂੰ ਇਸ ਕਾਲੇ ਧੰਦੇ ਵਿੱਚ ਬੇਸ਼ੱਕ ਅੰਨ੍ਹੇ ਮੁਨਾਫਿਆਂ ਦਾ ਲਾਲਚ ਦਿੱਤਾ ਜਾਂਦਾ ਹੈ,ਪਰ ਦੇਰ ਸਵੇਰ ਮੌਤ ਹੀ ਉਨ੍ਹਾਂ ਦੇ ਪੱਲੇ ਪੈਂਦੀ ਹੈ। ਉਹ ਬੇਰੁਜ਼ਗਾਰੀ, ਕਿਰਤ ਦੀ ਲੁੱਟ, ਫਿਰਕਾਪ੍ਰਸਤੀ ਵਰਗੀਆਂ ਕਾਰਪੋਰੇਟ ਪੱਖੀ ਅਲਾਮਤਾਂ ਦੇ ਖਾਤਮੇ ਲਈ ਸੰਘਰਸ਼ ਬਾਰੇ ਸੋਚਣ ਦੀ ਬਜਾਏ ਨਸ਼ੇ ਦੀ ਲੋਰ ਵਿੱਚ ਸਮਾਜ ਵਿਰੋਧੀ ਅਨਸਰਾਂ ਦੇ ਢਹੇ ਚੜ੍ਹ ਜਾਂਦੇ ਹਨ। ਨਸ਼ੇ ਦੀ ਜਾਨਲੇਵਾ ਤੋੜ ਕਾਰਨ ਆਪਣੇ ਮਾਪਿਆਂ ਦੇ ਕਤਲ ਕਰਨ ਤੱਕ ਚਲੇ ਜਾਂਦੇ ਹਨ। ਰੋਜ਼ਾਨਾ ਥਾਂ ਥਾਂ ਵਾਪਰਦੀਆਂ ਹਿੰਸਕ ਘਟਨਾਵਾਂ ਵਿੱਚ ਅਜਿਹੇ ਭਟਕੇ ਹੋਏ ਨੌਜਵਾਨ ਹੀ ਸ਼ਾਮਲ ਹੁੰਦੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ 2014 ਵਿੱਚ ਹੀ ਇਸ ਗੰਭੀਰ ਮਸਲੇ ਬਾਰੇ ਜਥੇਬੰਦਕ ਜਾਗ੍ਰਤੀ ਮੁਹਿੰਮ ਵਿਸ਼ਾਲ ਪੱਧਰ ਉੱਤੇ ਚਲਾਈ ਗਈ ਸੀ। ਹੁਣ ਵੀ ਕਿਸਾਨਾਂ ਮਜ਼ਦੂਰਾਂ ਸਮੇਤ ਸਾਰੇ ਕਿਰਤੀ ਲੋਕਾਂ ਦੀਆਂ ਜਨਤਕ ਜਥੇਬੰਦੀਆਂ ਦੀ ਵੋਟ ਸਿਆਸਤ ਤੋਂ ਬੇਲਾਗ ਇੱਕਜੁੱਟ ਜਨਤਕ ਲੋਕ-ਲਹਿਰ ਰਾਹੀਂ ਅਜਿਹੇ ਭਟਕੇ ਹੋਏ ਨੌਜਵਾਨਾਂ ਦਾ ਸਹੀ ਇਲਾਜ ਰਾਹੀਂ ਨਸ਼ਿਆਂ ਤੋਂ ਖਹਿੜਾ ਛੁਡਵਾ ਕੇ ਰੁਜ਼ਗਾਰ ਪ੍ਰਾਪਤੀ ਵਰਗੇ ਟੀਚਿਆਂ ਲਈ ਜਾਗ੍ਰਿਤ ਅਤੇ ਲਾਮਬੰਦ ਕਰਨ ਦੀ ਅਣਸਰਦੀ ਲੋੜ ਨੂੰ ਮੁਖਾਤਿਬ ਹੁੰਦਿਆਂ ਜਥੇਬੰਦੀ ਵੱਲੋਂ ਆਉਂਦੇ ਦਿਨਾਂ ਵਿੱਚ ਠੋਸ ਵਿਉਂਤਬੰਦੀ ਉਲੀਕੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀ ਇੱਕਜੁੱਟ ਸੰਘਰਸ਼ ਲਹਿਰ ਹੀ ਨਸ਼ਿਆਂ ਦੀ ਮਹਾਂਮਾਰੀ ਨੂੰ ਅਸਰਦਾਰ ਢੰਗ ਨਾਲ ਖਤਮ ਕਰਨ ਦਾ ਸਾਧਨ ਬਣ ਸਕਦੀ ਹੈ।