Advertisement

ਨਸ਼ਿਆਂ ਦੇ ਮੁੱਦੇ ’ਤੇ ਸਸਤੀ ਸ਼ੋਹਰਤ ਖੱਟਣ ਲਈ ਖਹਿਰਾ ਦੀ ਕਰੜੀ ਆਲਚੋਨਾ
ਚੰਡੀਗੜ, 27 ਮਾਰਚ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ.) ਨੂੰ ਪੁਲੀਸ ਵਿਭਾਗ ਵਿੱਚ ਆਜ਼ਾਦੀ ਅਤੇ ਖੁਦਮੁਖਤਿਆਰ ਏਜੰਸੀ ਦਾ ਰੂਪ ਦੇਣ ਲਈ ਇਸ ਦੇ ਪੁਨਰ-ਢਾਂਚੇ ਦਾ ਫੈਸਲਾ ਕੀਤਾ ਹੈ ਜਿਸ ਵਿੱਚ ਸਮਰਪਿਤ ਪੁਲੀਸ ਮੁਲਾਜ਼ਮ ਅਤੇ ਸਾਧਨ ਹੋਣਗੇ।
ਰਾਜਪਾਲ ਦੇ ਭਾਸ਼ਣ ’ਤੇ ਧੰਨਵਾਦੀ ਮਤੇ ਉੱਤੇ ਹੋਈ ਬਹਿਸ ਵਿੱਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ ਇਹ ਐਲਾਨ ਕੀਤਾ।
ਮੁੱਖ ਮੰਤਰੀ ਨੇ ਦੱਸਿਆ ਕਿ ਇਸ ਕਦਮ ਦਾ ਉਦੇਸ਼ ਐਸ.ਟੀ.ਐਫ. ਨੂੰ ਹੋਰ ਮਜ਼ਬੂਤ ਬਣਾਉਣਾ ਹੈ ਜਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁੱਖ ਮੰਤਰੀ ਨੇ ਨਸ਼ਿਆਂ ’ਤੇ ਕਿਸੇ ਕਿਸਮ ਦੀ ਲਿਹਾਜ਼ ਨਾ ਵਰਤਣ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਇਸ ਮੁੱਦੇ ’ਤੇ ਸਸਤੀ ਸ਼ੋਹਰਤ ਖੱਟਣ ਲਈ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਕਰੜੀ ਆਲੋਚਨਾ ਕੀਤੀ।
ਮੁੱਖ ਮੰਤਰੀ ਨੇ ਦੱਸਿਆ ਕਿ 16 ਮਾਰਚ, 2017 ਤੋਂ 13 ਮਾਰਚ, 2018 ਤੱਕ ਐਸ.ਟੀ.ਐਫ. ਨੇ ਐਨ.ਡੀ.ਪੀ.ਐਸ. ਐਕਟ ਤਹਿਤ 13, 892 ਕੇਸ ਦਰਜ ਕੀਤੇ ਹਨ ਅਤੇ ਲਗਪਗ 15, 835 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਉਨਾਂ ਦੱਸਿਆ ਕਿ ਨਸ਼ਿਆਂ ਦੇ ਕਾਰੋਬਾਰ ਦੇ 1, 86, 49,053 ਰੁਪਏ ਅਤੇ 3550 ਜੀ.ਬੀ.ਪੀ ਜ਼ਬਤ ਕੀਤੇ ਹਨ।
ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਨਸ਼ਿਆਂ ਦੀ ਜ਼ਬਤ ਕੀਤੀ ਖੇਪ ਵਿੱਚ 303.18 ਕਿਲੋ ਹੈਰੋਇਨ, 13.49 ਕਿਲੋ ਸਮੈਕ, 96.13 ਕਿਲੋ ਚਰਸ, 956.33 ਕਿਲੋ ਅਫੀਮ, 44,312 ਕਿਲੋ ਪੋਸਤ ਅਤੇ 4.03 ਕਿਲੋ ਆਈਸ ਸ਼ਾਮਲ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਲਈ ਨਵਾਂ ਕਾਨੂੰਨ ਪਾਸ ਕੀਤਾ ਜਾ ਚੁੱਕਾ ਹੈ ਅਤੇ ਇਸ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭਾਰਤ ਸਰਕਾਰ ਨੂੰ ਭੇਜਿਆ ਗਿਆ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਇਕ ਹੋਰ ਉਪਰਾਲਾ ਕਰਦਿਆਂ ਸੂਬਾ ਸਰਕਾਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਨੌਜਵਾਨ ਸ਼ਕਤੀਕਰਨ ਦਿਵਸ ਵਜੋਂ ਮਨਾਇਆ ਅਤੇ ਇਸ ਦਿਹਾੜੇ ’ਤੇ ਨਸ਼ਾ ਰੋਕੂ ਅਫਸਰ (ਡੈਪੋ) ਦੇ ਨਾਮ ਨਸ਼ਾ ਰੋਕੂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਨਾਂ ਕਿਹਾ ਕਿ ਇਸ ਦਿਹਾੜੇ ’ਤੇ 4.25 ਵਾਲੰਟੀਅਰਾਂ ਨੇ ਸਹੁੰ ਚੁੱਕ ਕੇ ਨਸ਼ਾ ਨਾ ਕਰਨ ਅਤੇ ਆਪਣੇ ਆਂਢ-ਗੁਆਂਢ ਵਿੱਚ ਵੀ ਨਸ਼ਿਆਂ ਦੀ ਵਰਤੋਂ ਦੀ ਆਗਿਆ ਨਾ ਦੇਣ ਦਾ ਪ੍ਰਣ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਆਸ ਹੈ ਕਿ ਵਾਲੰਟੀਅਰਾਂ ਦਾ ਕਾਫਲਾ ਵੱਧਦਾ ਜਾਵੇਗਾ।
Advertisement