ਨਵਾਂਸ਼ਹਿਰ, 6 ਜੁਲਾਈ (ਵਿਸ਼ਵ ਵਾਰਤਾ)- ਜ਼ਿਲ੍ਹੇ ’ਚ ਅੱਜ 12 ਮਰੀਜ਼ਾਂ ਸਮੇਤ ਪਿਛਲੇ ਤਿੰਨ ਦਿਨਾਂ ’ਚ ਜਿੱਥੇ 16 ਮਰੀਜ਼ਾਂ ਨੇ ਕੋਰੋਨਾ ’ਤੇ ਫ਼ਤਿਹ ਹਾਸਲ ਕੀਤੀ ਉੱਥੇ ਅੱਜ ਕਸਬਾ ਰਾਹੋਂ ’ਚ ਇੱਕ ਪ੍ਰਵਾਸੀ ਮਜ਼ਦੂਰ ਸਮੇਤ 28 ਕੇਸ ਪਾਜ਼ਿਟਿਵ ਪਾਏ ਗਏ। ਇਨ੍ਹਾਂ ’ਚੋਂ 27 ਕੇਸ ਪਹਿਲੀ ਜੁਲਾਈ ਨੂੰ ਪਾਜ਼ਿਟਿਵ ਪਾਏ ਗਏ ਇੱਕ ਕੈਮਿਸਟ ਦੀ ਸੰਪਰਕ ਸੂਚੀ ’ਚੋਂ ਹਨ। ਇਹ ਸੈਂਪਲ ਰਾਹੋਂ ਤੋਂ ਕਲ੍ਹ ਲਏ ਗਏ 45 ਸੈਂਪਲਾਂ ’ਚੋਂ ਸਨ, ਜਿਨ੍ਹਾਂ ’ਚੋਂ ਇੱਕ ਸੈਂਪਲ ਦੁਬਾਰਾ ਲੈਣ ਲਈ ਕਿਹਾ ਗਿਆ ਹੈ ਜਦਕਿ ਬਾਕੀ ਨੈਗੇਟਿਵ ਪਾਏ ਗਏ ਹਨ।
ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਲ੍ਹ ਦੇਰ ਰਾਤ 4 ਜੁਲਾਈ ਦੀਆਂ ਬਕਾਇਆ ਰਿਪੋਰਟਾਂ ’ਚੋਂ ਦੋ ਮਾਮਲੇ, ਜਿਨ੍ਹਾਂ ’ਚੋਂ ਇੱਕ ਜ਼ਿਲ੍ਹੇ ਨਾਲ ਸਬੰਧਤ ਤੇ ਦੂਸਰਾ ਜ਼ਿਲ੍ਹੇ ਤੋਂ ਬਾਹਰੋਂ ਸੀ, ਪਾਜ਼ਿਟਿਵ ਪਾਏ ਗਏ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ’ਚ ਸ਼ਨਿੱਚਰਵਾਰ ਨੂੰ ਇੱਕ, ਐਤਵਾਰ ਨੂੰ ਤਿੰਨ ਅਤੇ ਅੱਜ 12 ਮਰੀਜ਼ਾਂ ਨੇ ਕੋਵਿਡ ’ਤੇ ਜਿੱਤ ਹਾਸਲ ਕੀਤੀ, ਜਿਨ੍ਹਾਂ ਨੂੰ ਇੱਕ ਹਫ਼ਤੇ ਦੇ ਘਰੇਲੂ ਇਕਾਂਤਵਾਸ ਦੀ ਹਦਾਇਤ ਨਾਲ ਆਈਸੋਲੇਸ਼ਨ ਵਾਰਡ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਅੱਜ ਦੇ 28 ਅਤੇ ਦੇਰ ਰਾਤ ਦੇ 2 ਕੇਸ ਮਿਲਾ ਕੇ ਜ਼ਿਲ੍ਹੇ ’ਚ ਐਕਟਿਵ ਕੇਸਾਂ ਦੀ ਗਿਣਤੀ 41 ਹੋ ਗਈ ਹੈ।