ਐਸ.ਏ.ਐਸ. ਨਗਰ 30 ਨਵੰਬਰ (ਵਿਸ਼ਵ ਵਾਰਤਾ)-ਪੰਜਾਬ ਵਿਚ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਵੇਲੇ ਅਮੀਰਾਂ ਨੂੰ ਆਟਾ ਦਾਲ ਦੇ ਨਜਾਇਜ ਨੀਲੇ ਕਾਰਡ ਬਣਾਉਣ ਅਤੇ ਗਲਤ ਬੁਢਾਪਾ ਪੈਨਸ਼ਨਾ ਲਗਾਉਣ ਵਾਲੇ ਅਫਸ਼ਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗ ਅਤੇ ਇਨ੍ਹਾਂ ਸਕੀਮਾਂ ਦਾ ਨਜ਼ਾਇਜ਼ ਫਾਇਦਾ ਲੈਣ ਵਾਲਿਆਂ ਤੋਂ ਰਿਕਵਰੀ ਕੀਤੀ ਜਾਵੇਗੀ। ਇਸ ਗੱਲ ਦੀ ਜਾਣਕਾਰੀ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ੍ਰੇਣੀਆਂ ਦੀ ਭਲਾਈ, ਅਤੇ ਜੰਗਲਾਤ ਮੰਤਰੀ ਪੰਜਾਬ ਸ੍ਰ: ਸਾਧੂ ਸਿੰਘ ਧਰਮਸੋਤ ਨੇ ਮਿਊਂਸੀਪਲ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਸ੍ਰ: ਧਰਮਸੋਤ ਅੱਜ ਇੱਥੇ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਅਤੇ ਕੇਂਦਰੀ ਪ੍ਰਯੋਜਿਤ ਸਕੀਮਾਂ ਦੀ ਸਮੀਖਿਆ ਕਰਨ ਸਬੰਧੀ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਸੱਦੀ ਮੀਟਿੰਗ ਲਈ ਪੁੱਜੇ ਹੋਏ ਸਨ।
ਸ੍ਰ: ਧਰਮਸੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਹੀ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ੍ਰੇਣੀਆਂ ਦੀ ਭਲਾਈ ਲਈ ਕੰਮ ਹੋਏ। ਜਦਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜ਼ਕਾਲ ਦੋਰਾਨ ਇੰਨ੍ਹਾਂ ਨੁੰ ਅਣਗੌਲਿਆਂ ਕਰੀ ਰੱਖਿਆ। ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਦੀ ਮੌਜੂਦਾ ਸਰਕਾਰ ਨੇ ਹੁਣ ਆਸ਼ੀਰਵਾਦ ਸਕੀਮ ਵਿਚ ਵਾਧਾ ਕਰਕੇ 21 ਹਜਾਰ ਰੁਪਏ ਕੀਤਾ ਹੈ ਜਦਕਿ ਸ੍ਰੋਮਣੀ ਅਕਾਲੀ ਦਲ ਵੱਲੋਂ ਇਹ ਰਾਸ਼ੀ 15 ਹਜ਼ਾਰ ਰੁਪਏ ਦਿੱਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਜਦੋਂ ਰਾਜ ਦੇ ਖਜ਼ਾਨੇ ਦੀ ਸਥਿਤੀ ਲੀਹਾਂ ਤੇ ਆ ਗਈ ਤਾਂ ਇਸ ਰਾਸੀ ਨੂੰ 51 ਹਜਾਰ ਰੁਪਏ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀਆਂ ਮਾੜੀਆ ਨੀਤੀਆਂ ਕਾਰਨ ਰਾਜ ਤੇ 2 ਲੱਖ ਕਰੋੜ ਦਾ ਕਰਜਾ ਚੜਿਆ ਹੈ। ਪੱਤਰਕਾਰਾਂ ਵੱਲੋਂ ਲਿੰਕ ਸੜ੍ਹਕਾਂ ਦੀ ਮੰਦੀ ਹਾਲਤ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਰਾਜ ਦੀਆ ਪੇਂਡੂ ਖਸਤਾ ਲਿੰਕ ਸੜ੍ਹਕਾਂ ਦੀ ਮੁਰੰਮਤ ਹੀ ਨਹੀਂ ਬਲਕਿ ਉਨ੍ਹਾਂ ਨੂੰ ਮੁੜ ਤੋਂ ਦੁਬਾਰਾ ਬਣਾਇਆ ਜਾਵੇਗਾ ਅਤੇ ਇਹ ਕੰਮ ਇੱਕ ਸਾਲ ਦੇ ਅੰਦਰ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਪੱਤਰਕਾਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਸਦਨ ਵਿਚ ਮੁੱਖ ਮੰਤਰੀ ਪੰਜਾਬ ਸਬੰਧੀ ਅਪਸ਼ਬਦ ਬੋਲਣ ਦੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਖਹਿਰਾ ਸਾਹਿਬ ਖਰਾ ਨਹੀਂ ਅਤੇ ਉਹ ਆਪਣਾ ਮਾਨਸਿਕ ਸੰਤੂਲਨ ਗੁਆ ਚੁੱਕਾ ਹੈ। ਇੱਥੋ ਤੱਕ ਕਿ ਅੱਜ ਉਨ੍ਹਾਂ ਅਦਾਲਤ ਵਿਚ ਪੇਸ਼ ਨਾ ਹੋ ਕੇ ਕਾਨੂੰਨ ਦੀ ਕੁਤਾਹੀ ਕੀਤੀ ਹੈ। ਇਸ ਮੌਕੇ ਸਥਾਨਕ ਵਿਧਾਇਕ ਸ੍ਰ: ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੌਜੂਦਾ ਸਰਕਾਰ ਪੰਜ ਸਾਲਾਂ ਦੋਰਾਨ ਆਪਣੇ ਚੋਣ ਵਾਅਦੇ ਹਰ ਕੀਮਤ ਤੇ ਮੁਕੰਮਲ ਕਰੇਗੀ ਅਤੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਇਆ ਜਾਵੇਗਾ।
ਬਾਅਦ ਵਿਚ ਸ੍ਰ: ਸਾਧੂ ਸਿੰਘ ਧਰਮਸੋਤ ਨੇ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਅਤੇ ਕੇਂਦਰੀ ਪ੍ਰਯੋਜਿਤ ਸਕੀਮਾਂ ਦੀ ਸਮੀਖਿਆ ਕਰਦਿਆ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਨੂੰ ਪਿੰਡ ਪੱਧਰ ਤੱਕ ਪਹੁੰਚਾਉਣ ਲਈ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਅਣਗਹਿਲੀ ਕਰਨ ਵਾਲਿਆਂ ਅਧਿਕਾਰੀਆਂ ਨੂੰ ਕਿਸੇ ਵੀ ਕੀਮਤ ਤੇ ਬਖਸਿਆ ਨਹੀ ਜਾਵੇਗਾ। ਉਨ੍ਹਾਂ ਹੋਰ ਕਿਹਾ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਕੋਈ ਕਸਰ ਬਾਕੀ ਨਾਲ ਛੱਡੀ ਜਾਵੇ। ਇਸ ਮੌਕੇ ਸਥਾਨਕ ਵਿਧਾਇਕ ਸ੍ਰ: ਬਲਬੀਰ ਸਿੰਘ ਸਿੱਧੂ ਨੇ ਵੀ ਅਧਿਕਾਰੀਆਂ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਅਤੇ ਸਕੀਮਾਂ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਦੀ ਗੱਲ ਆਖੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਕਮਿਸ਼ਨਰ ਨਗਰ ਨਿਗਮ ਸ੍ਰੀ ਸੰਦੀਪ ਹਾਂਸ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਚਰਨਦੇਵ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਜੀਵ ਕੁਮਾਰ ਗਰਗ, ਸੰਯੁਕਤ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਵਨੀਤ ਕੌਰ ਸਮੇਤ ਹੋਰਨਾ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।