ਨਗਰ ਨਿਗਮ ਦੇ ਐਮ.ਆਰ.ਐਫ਼. ਸੈਂਟਰ ‘ਚ ਇੱਟਾਂ ਰੋੜੇ ਦੇ ਮਲਬੇ ਤੋਂ ਤਿਆਰ ਹੋਣਗੀਆਂ ਟਾਈਲਾਂ

25
Advertisement

ਨਗਰ ਨਿਗਮ ਦੇ ਐਮ.ਆਰ.ਐਫ਼. ਸੈਂਟਰ ‘ਚ ਇੱਟਾਂ ਰੋੜੇ ਦੇ ਮਲਬੇ ਤੋਂ ਤਿਆਰ ਹੋਣਗੀਆਂ ਟਾਈਲਾਂ
ਪਲਾਂਟ ਸ਼ੁਰੂ ਹੋਣ ਨਾਲ ਇੱਟਾਂ ਰੋੜੇ ਦੀ ਮਲਬੇ ਦੀ ਸਮੱਸਿਆ ਦਾ ਹੋਵੇਗਾ ਹੱਲ : ਡਾ. ਬਲਬੀਰ ਸਿੰਘ
-ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਐਮ.ਆਰ.ਐਫ. ਸੈਂਟਰ ‘ਚ ਟਾਈਲਾਂ ਬਣਾਉਣ ਦੇ ਪ੍ਰੋਜੈਕਟ ਦੀ ਕਰਵਾਈ ਸ਼ੁਰੂਆਤ

ਪਟਿਆਲਾ, 14 ਮਈ (ਵਿਸ਼ਵ ਵਾਰਤਾ):- ਨਗਰ ਨਿਗਮ ਪਟਿਆਲਾ ਦੇ ਫੋਕਲ ਪੁਆਇੰਟ ਵਿਖੇ ਸਥਿਤ ਐਮ.ਆਰ.ਐਫ਼. (ਮੈਟੀਰੀਅਲ ਰਿਕਵਰੀ ਫੈਸਿਲਟੀ) ਸੈਂਟਰ ‘ਚ ਇੱਟਾਂ ਰੋੜੇ ਦੇ ਮਲਬੇ ਤੋਂ ਟਾਈਲਾਂ ਤਿਆਰ ਕਰਨ ਦੇ ਪ੍ਰੋਜੈਕਟ ਦੀ ਸ਼ੁਰੂਆਤ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਰਵਾਈ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉਪਲ ਤੇ ਐਸ.ਡੀ.ਐਮ. ਪਟਿਆਲਾ ਡਾ. ਇਸਮਿਤ ਵਿਜੈ ਸਿੰਘ ਮੌਜੂਦ ਸਨ।
ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸ਼ਹਿਰ ‘ਚ ਜਦ ਕੋਈ ਪੁਰਾਣੀ ਇਮਾਰਤ ਤੋੜੀ ਜਾਂਦੀ ਹੈ ਤਾਂ ਉਸਦਾ ਮਲਬਾ ਆਮ ਹੀ ਗਲੀਆਂ-ਮੁਹੱਲਿਆਂ ਦੇ ਕੋਨਿਆਂ ‘ਚ ਦੇਖਣ ਨੂੰ ਮਿਲਦਾ ਹੈ ਪਰ ਹੁਣ ਨਗਰ ਨਿਗਮ ਦੇ ਐਮ.ਆਰ.ਐਫ਼. ਸੈਂਟਰ ਵਿਖੇ ਕਰੈਸ਼ਰ ਲਗਾਇਆ ਗਿਆ ਹੈ, ਜੋ ਮਲਬੇ ਦਾ ਪਾਊਡਰ ਬਣਾਏਗਾ ਤੇ ਉਸ ਦੀ ਵਰਤੋਂ ਟਾਈਲਾਂ ਬਣਾਉਣ, ਸੀਵਰੇਜ ਦੇ ਮੈਨ ਹੋਲ ਦੇ ਕਵਰ ਬਣਾਉਣ ਲਈ ਕੀਤੀ ਜਾਵੇਗੀ।
ਉਨ੍ਹਾਂ ਪਟਿਆਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਵਾਸੀ ਮਲਬੇ ਨੂੰ ਆਪਣੇ ਮੁਹੱਲੇ ‘ਚ ਨਾ ਸੁੱਟਣ ਸਗੋਂ ਨਗਰ ਨਿਗਮ ਦੇ ਫੋਕਲ ਪੁਆਇੰਟ ਵਿਖੇ ਐਮ.ਆਰ.ਐਫ਼ ਸੈਂਟਰ ਵਿਖੇ ਪਹੁੰਚਾਉਣ, ਜਿਥੇ ਉਸ ਨੂੰ ਪ੍ਰੋਸੈਸ ਕਰਕੇ ਨਵੀਂਆਂ ਟਾਈਲਾਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਸਬੰਧੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜਾਵੇਗਾ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਹੁਣ ਐਮ.ਆਰ.ਐਫ਼ ਸੈਂਟਰ ਵਿਖੇ ਹਰੇਕ ਤਰ੍ਹਾਂ ਦੇ ਵੈਸਟ ਨੂੰ ਪ੍ਰੋਸੈਸ ਕੀਤਾ ਜਾਵੇਗਾ, ਜਿਸ ‘ਚ ਇਮਾਰਤਾਂ ਦੇ ਮਲਬੇ ਤੋਂ ਲੈਕੇ ਗਿੱਲੇ ਤੇ ਸੁੱਕੇ ਕੂੜੇ ਦੀ ਪ੍ਰੋਸੈਸਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੂੜੇ ਤੋਂ ਵੀ ਨਗਰ ਨਿਗਮ ਵੱਲੋਂ ਖਾਦ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਤੋ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਪਟਿਆਲਾ ਨੂੰ ਦੇਸ਼ ਤੇ ਦੁਨੀਆ ਦਾ ਸਭ ਤੋਂ ਸੋਹਣਾ ਸ਼ਹਿਰ ਬਣਾਉਣ ਲਈ ਕੂੜਾ ਪ੍ਰਬੰਧਨ ‘ਚ ਪੂਰਨਾ ਸਹਿਯੋਗ ਦਿੱਤਾ ਜਾਵੇ।
ਇਸ ਮੌਕੇ ਜਸਬੀਰ ਸਿੰਘ ਗਾਂਧੀ, ਗੱਜਨ ਸਿੰਘ, ਬਲਵਿੰਦਰ ਸੈਣੀ, ਮਨਪ੍ਰੀਤ ਸਿੰਘ, ਜਗਦੀਪ ਸਿੰਘ ਜੱਗਾ, ਅਮਰਜੀਤ ਸਿੰਘ ਭਾਟੀਆ, ਆਰ ਪੀ ਐਸ ਮਲਹੋਤਰਾ, ਹਰੀਚੰਦ ਬਾਂਸਲ, ਲਾਲ ਸਿੰਘ, ਬੀ ਐਸ ਗੁਰਮ, ਸੁਖਦੇਵ ਸਿੰਘ,ਚਰਨਜੀਤ ਸਿੰਘ ਐਸ ਕੇ, ਸੁਖਜਿੰਦਰ ਸਿੰਘ, ਰਵਿੰਦਰ ਸਿੰਘ ਰਵੀ, ਗੁਰਕਿਰਪਾਲ ਸਿੰਘ, ਨੀਰਜ ਰਾਣੀ, ਪਰਮਜੀਤ ਕੌਰ, ਗੌਰਵ ਵੀ ਮੌਜੂਦ ਸਨ।

Advertisement