ਨਗਰ ਕੌਂਸਲ ਮਾਨਸਾ ਨੇ ਸ਼ਹਿਰ ਵਿਚੋਂ ਚੁੱਕਣੇ ਸ਼ੁਰੂ ਕੀਤੇ ਲਾਵਾਰਿਸ ਪਸ਼ੂ-ਗਊਸ਼ਾਲਾ ਦਾ ਮਿਲਿਆ ਸਹਿਯੋਗ
ਮਾਨਸਾ, 29 ਮਾਰਚ (ਵਿਸ਼ਵ ਵਾਰਤਾ )-ਨਗਰ ਕੌਂਸਲ ਮਾਨਸਾ ਨੇ ਹੁਣ ਸ਼ਹਿਰ ਵਾਸੀਆਂ ਲਈ ਸਮੱਸਿਆਵਾਂ ਅਤੇ ਦੁਰਘਟਨਾਵਾਂ ਦਾ ਕਾਰਨ ਬਣਦੇ ਸੜਕਾਂ ਤੇ ਘੁੰਮਦੇ ਲਾਵਾਰਿਸ ਪਸ਼ੂਆਂ ਨੂੰ ਚੁੱਕ ਕੇ ਗਊਸ਼ਾਲਾ ਭੇਜਣ ਦਾ ਅਭਿਆਨ ਚਲਾਇਆ ਹੈ। ਇਸ ਤਹਿਤ ਕੌਂਸਲ ਨੇ ਬੀਤੀ ਕੱਲ 30 ਦੇ ਕਰੀਬ ਲਾਵਾਰਿਸ ਪਸ਼ੂਆਂ ਨੂੰ ਫੜ ਕੇ ਸੰਤ ਬਾਬਾ ਬੋਧਾ ਨੰਦ ਗਊਸ਼ਾਲਾ ਕਮੇਟੀ ਰਮਦਿੱਤੇਵਾਲਾ ਵਿਖੇ ਭੇਜ ਦਿੱਤਾ ਹੈ। ਕੌਂਸਲ ਦਾ ਦਾਅਵਾ ਹੈ ਕਿ ਆਉਂਦੇ ਦਿਨਾਂ ਵਿਚ ਇਨ੍ਹਾਂ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਵਿਚ ਭੇਜਿਆ ਜਾਵੇਗਾ ਅਤੇ ਸੜਕਾਂ ਤੇ ਹੁਣ ਲਾਵਾਰਿਸ ਪਸ਼ੂ ਨਜ਼ਰ ਨਹੀਂ ਆਉਣਗੇ।
ਮੰਗਲਵਾਰ ਨੂੰ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਵਿਜੇ ਸਿੰਗਲਾ, ਸੀਨੀਅਰ ਮੀਤ ਪ੍ਰਧਾਨ ਸੁਨੀਲ ਨੀਨੂੰ ਅਤੇ ਸੰਤ ਬਾਬਾ ਬੋਧਾ ਨੰਦ ਗਊਸ਼ਾਲਾ ਕਮੇਟੀ ਰਮਦਿੱਤੇਵਾਲਾ ਦੇ ਪ੍ਰਧਾਨ ਸੱਤਪਾਲ ਬਾਂਸਲ ਦੀ ਅਗਵਾਈ ਵਿਚ ਇਨ੍ਹਾਂ ਲਾਵਾਰਿਸ ਪਸ਼ੂਆਂ ਨੂੰ ਫੜ ਕੇ ਭੇਜਣ ਦੀ ਮੁਹਿੰਮ ਆਰੰਭੀ ਗਈ ਹੈ। ਪ੍ਰਧਾਨ ਵਿਜੇ ਸਿੰਗਲਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਸੜਕਾਂ ਤੇ ਘੁੰਮਦੇ ਇਹ ਅਵਾਰਾ ਪਸ਼ੂ ਦੁਰਘਟਨਾ ਦਾ ਕਾਰਨ ਬਣਨ ਤੋਂ ਇਲਾਵਾ ਸ਼ਹਿਰ ਵਾਸੀਆਂ ਲਈ ਵੀ ਸਮੱਸਿਆਵਾਂ ਦਾ ਕਾਰਨ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਪਸ਼ੂਆਂ ਨੂੰ ਸੜਕਾਂ ਤੋਂ ਚੁੱਕ ਕੇ ਉਨ੍ਹਾਂ ਦੀ ਗਊਸ਼ਾਲਾ ਵਿਖੇ ਸਾਂਭ ਸੰਭਾਲ ਕੀਤੀ ਜਾਵੇਗੀ। ਨਗਰ ਕੌਂਸਲ ਰਾਤ ਸਮੇਂ ਇਨ੍ਹਾਂ ਪਸ਼ੂਆਂ ਨੂੰ ਸੜਕਾਂ ਤੋਂ ਚੁੱਕੇਗੀ ਅਤੇ ਆਉਂਦੇ ਥੋੜ੍ਹੇ ਦਿਨਾਂ ਵਿਚ ਹੀ ਇਨ੍ਹਾਂ ਪਸ਼ੂਆਂ ਨੂੰ ਗਊਸ਼ਾਲਾ ਵਿਚ ਭੇਜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਰਮਦਿੱਤੇਵਾਲਾ ਚੌਂਕ ਤੋਂ ਫਲਾਈ ਓਵਰ ਤੱਕ ਪਿਛਲੇ ਡੇਢ ਸਾਲ ਤੋਂ ਬੰਦ ਪਈਆਂ ਲਾਈਟਾਂ ਵੀ ਚਾਲੂ ਕਰਵਾਈਆ ਗਈਆਂ ਹਨ ਜੋ ਹੁਣ ਨਿਰੰਤਰ ਰੂਪ ਵਿਚ ਚੱਲਦੀਆਂ ਰਹਿਣਗੀਆਂ। ਉਨ੍ਹਾਂ ਦੀ ਮੈਂਟੀਨੈਸ ਵੀ ਸਮੇਂ ਸਮੇਂ ਸਿਰ ਹੁੰਦੀ ਰਹੇਗੀ। ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸੱਤਪਾਲ ਬਾਂਸਲ ਨੇ ਕਿਹਾ ਕਿ ਉਕਤ ਗਊਸ਼ਾਲਾ ਲੋਕਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ। ਜੇਕਰ ਪੰਜਾਬ ਸਰਕਾਰ ਇਸ ਗਊਸ਼ਾਲਾ ਨੂੰ ਫੰਡ ਆਦਿ ਮੁਹੱਈਆ ਕਰਵਾਏ ਤਾਂ ਗਊਸ਼ਾਲਾ ਵਿਚ ਲਾਵਾਰਿਸ ਪਸ਼ੂਆਂ ਨੂੰ ਸੰਭਾਲਣ ਦੀ ਸਮੱਰਥਾ ਵਧਾਈ ਜਾ ਸਕਦੀ ਹੈ। ਇਸ ਮੌਕੇ ਉਨ੍ਹਾਂ ਨਾਲ ਡਾ. ਲਛਮਣ ਸਿੰਘ, ਪ੍ਰਵੀਨ ਕੁਮਾਰ, ਜੋਨੀ ਜਿੰਦਲ, ਗੋਪਾਲ ਦਾਸ, ਸੋਮੀ, ਹੈਪੀ, ਸੇਵਾਦਾਰ ਗਗਨੀ, ਗੇਬੀ ਅਤੇ ਨਿੱਕਾ ਸਿੰਘ ਆਦਿ ਹਾਜ਼ਰ ਸਨ।