ਦੋ ਕਿਸਾਨਾਂ ਦਾ ਭੇਦਭਰੀ ਹਾਲਤ ਵਿਚ ਕਤਲ

957
Advertisement

ਸਰਦੂਲਗੜ੍ਹ, 9 ਸਤੰਬਰ (ਵਿਸ਼ਵ ਵਾਰਤਾ)- ਸ਼ੁੱਕਰਵਾਰ ਦੀ ਰਾਤ ਖੇਤ ਵਿਚ ਕੰਮ ਕਰ ਰਹੇ ਦੋ ਕਿਸਾਨਾਂ ਦਾ ਭੇਦਭਰੀ ਹਾਲਤ ਵਿਚ ਕਤਲ ਹੋ ਗਿਆ ਹੈ। ਇਹ ਕਤਲ ਕੀਹਨੇ ਕੀਤਾ ਅਤੇ ਇਸ ਪਿੱਛੇ ਕੀ ਕਹਾਣੀ ਵਾਪਰੀ, ਹਾਲੇ ਇਹ ਗੱਲ ਪੁਲਿਸ ਲਈ ਇੱਕ ਬੁਝਾਰਤ ਬਣੀ ਹੋਈ ਹੈ। ਸਰਦੂਲਗੜ੍ਹ ਪੁਲਿਸ ਨੇ ਦੋਵਾਂ ਕਿਸਾਨਾਂ ਦੀਆਂ ਲਹੂ-ਲੁਹਾਣ ਲਾਸ਼ਾਂ ਕਬਜ਼ੇ ਵਿਚ ਲੈ ਕੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਦਰਦਨਾਕ ਢੰਗ ਨਾਲ ਕੀਤੇ ਇਸ ਕਤਲ ਵਿਚ ਇੱਕ ਕਿਸਾਨ ਦੀ ਧੌਣ ਵੀ ਉਸ ਦੀ ਧੜ ਨਾਲੋਂ ਅਲੱਗ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਪਿੰਡ ਬਰਨ ਦੇ ਇੱਕ ਕਿਸਾਨ ਤੇ ਅਕਾਲੀ ਸਰਪੰਚ ਜੁਗਰਾਜ ਸਿੰਘ ਤੋਂ ਪਿੰਡ ਹੀਰਕੇ ਦੇ ਨੌਜਵਾਨ ਕਿਸਾਨ ਦੀਦਾਰ ਸਿੰਘ ਨੇ ਕੁਝ ਜ਼ਮੀਨ ਠੇਕੇ ‘ਤੇ ਲਈ ਸੀ। ਦੀਦਾਰ ਸਿੰਘ ਆਪਣੀ ਠੇਕੇ ਵਾਲੀ ਅਤੇ ਮੌਜੂਦਾ ਸਰਪੰਚ ਜੁਗਰਾਜ ਸਿੰਘ ਆਪਣੀ ਬਾਕੀ ਜ਼ਮੀਨ ਵਿਚ ਖੇਤੀ ਕਰਦੇ ਸਨ। ਸ਼ੁੱਕਰਵਾਰ ਦੀ ਰਾਤ ਦੋਵੇਂ ਆਪਣੇ ਖੇਤਾਂ ਨੂੰ ਗਏ। ਮ੍ਰਿਤਕ ਦੀਦਾਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਦੀ ਸ਼ਾਮ ਘਰ ਵਾਪਸ ਆ ਗਏ, ਪਰ ਜਦ ਪਹੁ-ਫੁਟਾਲੇ ਸਵੇਰੇ ਚਾਰ ਵਜੇ ਉਹ ਖੇਤ ਗਏ ਤਾਂ ਸਰਪੰਚ ਜੁਗਰਾਜ ਸਿੰਘ ਤੇ ਕਿਸਾਨ ਦੀਦਾਰ ਸਿੰਘ ਦੀਆਂ ਲਾਸ਼ਾਂ ਲਹੂ-ਲੁਹਾਣ ਹਾਲਤ ਵਿਚ ਖੇਤ ਵਿਚ ਖਿੱਲਰੀਆਂ ਪਈਆਂ ਸਨ, ਜਿੰਨਾਂ ਨੂੰ ਦੇਖ ਕੇ ਉਹ ਦੰਗ ਰਹਿ ਗਏ। ਮੌਕੇ ‘ਤੇ ਇੱਕ ਕਹੀ ਵੀ ਲਹੂ ਨਾਲ ਲੱਥ-ਪੱਥ ਪਾਈ ਗਈ ਹੈ। ਥਾਣਾ ਸਰਦੂਲਗੜ੍ਹ ਦੇ ਮੁਖੀ ਗੁਰਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ‘ਤੇ ਜਾ ਕੇ ਦੋਵਾਂ ਦੀਆਂ ਲਾਸ਼ਾਂ ਕਬਜ਼ੇ ਵਿਚ ਲੈ ਲਈਆਂ। ਇਸ ਵਿਚ ਦੀਦਾਰ ਸਿੰਘ ਦਾ ਕਤਲ ਉਸ ਦੀ ਧੌਣ ਧੜ ਨਾਲੋਂ ਅਲੱਗ ਕਰਕੇ ਕੀਤਾ ਗਿਆ ਹੈ। ਹਾਲੇ ਤੱਕ ਇਨ੍ਹਾਂ ਕਤਲਾਂ ਦੇ ਕਾਰਨਾਂ ਅਤੇ ਕੀਹਦੇ ਵੱਲੋਂ ਇਸ ਨੂੰ ਅੰਜ਼ਾਮ ਦਿੱਤਾ ਗਿਆ, ਇਸ ਬਾਰੇ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗ ਸਕਿਆ। ਥਾਣਾ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਲਾਸ਼ਾਂ ਦਾ ਪੋਸਟ ਮਾਰਟਮ ਕਰਵਾ ਕੇ ਪੁਲਿਸ ਨੇ ਸੁਖਦੇਵ ਸਿੰਘ ਹੀਰਕੇ ਦੇ ਬਿਆਨਾਂ ‘ਤੇ ਇੱਕ ਵਾਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਛੇਤੀ ਹੀ ਕਾਤਲਾਂ ਨੂੰ ਲੱਭ ਕੇ ਇਸ ਦਾ ਕਾਰਨ ਵੀ ਪਤਾ ਕਰ ਲਿਆ ਜਾਵੇਗਾ। ਸਮੂਹਿਕ ਤੌਰ ‘ਤੇ ਹੋਏ ਇਸ ਕਤਲ ਨੂੰ ਲੈ ਕੇ ਦੋਵੇਂ ਪਿੰਡ ਬਰਨ ਅਤੇ ਹੀਰਕੇ ਵਿਖੇ ਕਿਸਾਨਾਂ ਦੇ ਘਰਾਂ ਵਿਚ ਮਾਤਮ ਛਾਇਆ ਹੋਇਆ ਹੈ।

Advertisement

LEAVE A REPLY

Please enter your comment!
Please enter your name here