ਮਿੰਨੀ ਸਕੱਤਰੇਤ ਦੇ ਬਾਹਰ ਅਕਾਲੀ ਦਲ ਵੱਲੋਂ ਲਗਾਇਆ ਗਿਆ ਧਰਨਾ
ਹੁਸ਼ਿਆਰਪੁਰ 7 ਜੁਲਾਈ (ਵਿਸ਼ਵ ਵਾਰਤਾ)- ਪੈਟਰੌਲ ਤੇ ਡੀਜਲ ਦੀਆਂ ਕੀਮਤਾਂ ਵਿਚ ਵਾਧੇ ਦੇ ਵਿਰੋਧ ਵਿਚ ਅੱਜ ਅਕਾਲੀ ਦਲ ਦੇ ਵਰਕਰਾਂ ਵੱਲੋਂ ਜਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਦੀ ਅਗਵਾਈ ਹੇਠ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦੇ ਕੇ ਸੂਬੇ ਦੀ ਕਾਂਗਰਸ ਸਰਕਾਰ ਖਿਲਾਫ ਨਾਰੇਬਾਜੀ ਕੀਤੀ ਗਈ। ਇਸ ਸਮੇਂ ਆਪਣੇ ਸੰਬੋਧਨ ਵਿਚ ਲਾਲੀ ਬਾਜਵਾ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਕਰਕੇ ਸੂਬੇ ਦੀ ਕਾਂਗਰਸ ਸਰਕਾਰ ਲੋਕਾਂ ਨੂੰ ਆਰਥਿਕ ਮੰਦਹਾਲੀ ਵੱਲ ਧੱਕ ਰਹੀ ਹੈ ਜਦੋਂ ਕਿ ਇਸ ਸਮੇਂ ਫੈਲੀ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਸਰਕਾਰ ਕੋਲੋ ਕੁਝ ਰਾਹਤ ਦੀ ਉਮੀਦ ਸੀ ਲੇਕਿਨ ਕਾਂਗਰਸ ਸਰਕਾਰ ਤੇਲ ‘ਤੇ ਟੈਕਸਾਂ ਵਿਚ ਵਾਧਾ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਜਤਿੰਦਰ ਸਿੰਘ ਲਾਲੀ ਬਾਜਵਾ ਨੇ ਅੱਗੇ ਕਿਹਾ ਕਿ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਨ ਆਉਣ ਵਾਲੇ ਦਿਨਾਂ ਵਿਚ ਮਹਿੰਗਾਈ ਪਹਿਲਾ ਨਾਲੋ ਵੀ ਵੱਧ ਜਾਵੇਗੀ ਤੇ ਇਸ ਦਾ ਸਿੱਧਾ ਅਸਰ ਵੀ ਆਮ ਲੋਕਾਂ ‘ਤੇ ਹੀ ਪਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਕਈ ਲੋਕਾਂ ਦੇ ਕੰਮਕਾਰ ਬੰਦ ਪਏ ਹੋਏ ਹਨ ਜਿਸ ਕਾਰਨ ਲੋਕਾਂ ਦਾ ਘਰ ਦਾ ਗੁਜਾਰਾ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਹੈ ਲੇਕਿਨ ਸਰਕਾਰ ਨੂੰ ਲੋਕਾਂ ਦੀ ਬਿਲਕੁਲ ਵੀ ਫਿਕਰ ਨਹੀਂ ਹੈ। ਲਾਲੀ ਬਾਜਵਾ ਨੇ ਕਿਹਾ ਕਿ 2017 ਵਿਚ ਕਾਂਗਰਸ ਨੇ ਜੋ ਵਾਅਦੇ ਕਰਕੇ ਸਰਕਾਰ ਬਣਾਈ ਸੀ ਉਨ੍ਹਾਂ ਵਾਅਦਿਆਂ ਤੋਂ ਵੀ ਇਹ ਸਰਕਾਰ ਭੱਜ ਚੁੱਕੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਤੇਲ ‘ਤੇ ਲਗਾਏ ਜਾ ਰਹੇ ਟੈਕਸ ਘਟਾਏ ਜਾਣ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ ਤੇ ਨਾਲ ਹੀ ਪੰਜਾਬ ਦੇ ਲੋਕਾਂ ਲਈ ਵੱਡੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਜਾਵੇ। ਇਸ ਸਮੇਂ ਐਸ.ਜੀ.ਪੀ.ਸੀ.ਦੇ ਮੈਂਬਰ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਸਕੂਲ ਬੰਦ ਪਏ ਹਨ ਤੇ ਇਸ ਕਾਰਨ ਪੰਜਾਬ ਸਰਕਾਰ ਦਾ ਫਰਜ ਬਣਦਾ ਹੈ ਕਿ ਵਿਦਿਆਰਥੀਆਂ ਦੇ ਮਾਪਿਆਂ ਤੇ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੂੰ ਰਾਹਤ ਦਿੰਦੇ ਹੋਏ ਸਰਕਾਰ ਸਕੂਲਾਂ ਲਈ ਇਕ ਵੱਖਰੇ ਰਾਹਤ ਪੈਕੇਜ ਦਾ ਐਲਾਨ ਕਰੇ, ਜਿਸ ਨਾਲ ਵਿਦਿਆਰਥੀਆਂ ਤੇ ਸਕੂਲ ਪ੍ਰਬੰਧਕਾਂ ਨੂੰ ਵੀ ਰਾਹਤ ਮਿਲੇ। ਇਸ ਮੌਕੇ ਪ੍ਰੇਮ ਸਿੰਘ ਪਿੱਪਲਾਵਾਲਾ, ਸੰਤੋਖ ਸਿੰਘ ਔਜਲਾ, ਮਨਜੀਤ ਸਿੰਘ ਰਾਏ, ਨਰਿੰਦਰ ਸਿੰਘ, ਰੂਪ ਲਾਲ ਥਾਪਰ, ਬਿਕਰਮਜੀਤ ਸਿੰਘ ਕਲਸੀ, ਸਤਨਾਮ ਸਿੰਘ ਬੰਟੀ, ਤਜਿੰਦਰ ਸਿੰਘ ਸੋਢੀ, ਬਰਿੰਦਰ ਪਰਮਾਰ, ਹਰਭਜਨ ਸਿੰਘ, ਗੁਰਿੰਦਰ ਗੋਲਡੀ, ਸਿਮਰਪ੍ਰੀਤ ਗਰੇਵਾਲ, ਗੋਪਾਲ ਦਾਸ, ਬਲਰਾਜ ਸਿੰਘ ਚੌਹਾਨ, ਕੁਲਦੀਪ ਬੱਬੂ, ਹਰਜੀਤ ਮਠਾਰੂ, ਰਾਣਾ ਰਣਵੀਰ ਸਿੰਘ, ਰਣਧੀਰ ਭਾਰਜ, ਲਖਵੀਰ ਸਿੰਘ ਭਾਰਜ, ਸਤਵਿੰਦਰ ਆਹਲੂਵਾਲੀਆ, ਹਰਜਿੰਦਰ ਸਿੰਘ ਵਿਰਦੀ, ਦਵਿੰਦਰ ਸਿੰਘ ਬੈਂਸ, ਬਰਿੰਦਰਜੀਤ ਸਿੰਘ, ਮਨਮੋਹਨ ਸਿੰਘ ਚਾਵਲਾ, ਗੁਰਪ੍ਰੀਤ ਕੋਹਲੀ, ਯਾਦਵਿੰਦਰ ਬੇਦੀ, ਰਵਿੰਦਰਪਾਲ ਮਿੰਟੂ, ਜਤਿੰਦਰ ਕਲਿਆਣ, ਪਰਵਿੰਦਰ ਸਿੰਘ ਸੱਜਣਾ, ਹਰਦੀਪ ਸਿੰਘ ਦੀਪਾ ਸਰਪੰਚ, ਪੁਨੀਤ ਇੰਦਰ ਸਿੰਘ ਕੰਗ, ਜਸਪਾਲ ਜੋਸ਼ ਸਮੇਤ ਹੋਰ ਵੀ ਪਾਰਟੀ ਵਰਕਰ ਮੌਜੂਦ ਸਨ।