ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਕੇਸ ‘ਚ 10 ਸਾਲ ਦੀ ਸਜ਼ਾ

1735
Advertisement

ਰੋਹਤਕ, 28 ਅਗਸਤ (ਵਿਸ਼ਵ ਵਾਰਤਾ) – ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਨਾਲ ਬਲਾਤਕਾਰ ਮਾਮਲੇ ਵਿਚ ਅੱਜ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ| ਰਾਮ ਰਹੀਮ ਨੂੰ ਸਜ਼ਾ ਸੁਣਾਉਣ ਲਈ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਹੀ ਅਦਾਲਤ ਲਾਈ ਗਈ, ਜਿਥੇ ਸੀ.ਬੀ.ਆਈ ਦੇ ਜੱਜ ਜਗਦੀਪ ਸਿੰਘ ਨੇ ਡੇਰਾ ਮੁਖੀ ਨੂੰ ਸਜ਼ਾ ਸੁਣਾਈ| ਇਸ ਦੌਰਾਨ ਸੀ.ਬੀ.ਆਈ ਦੇ ਵਕੀਲ ਨੇ ਡੇਰਾ ਮੁਖੀ ਨੂੰ ਵੱਧ ਤੋਂ ਵੱਧ ਸਜ਼ਾ ਦੀ ਮੰਗ ਕੀਤੀ, ਉਥੇ ਬਚਾਅ ਪੱਖ ਵੱਲੋਂ ਡੇਰਾ ਮੁਖੀ ਦੇ ਧਾਰਮਿਕ, ਸਮਾਜਿਕ ਕੰਮਾਂ ਦਾ ਹਵਾਲਾ ਦਿੰਦਿਆਂ ਉਸ ਨੂੰ ਘੱਟ ਤੋਂ ਘੱਟ ਸਜ਼ਾ ਦੀ ਮੰਗ ਕੀਤੀ ਗਈ ਸੀ| ਇਸ ਦੌਰਾਨ ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਜੱਜ ਵੱਲੋਂ ਫੈਸਲਾ ਪੜ੍ਹਿਆ ਜਾ ਰਿਹਾ ਸੀ ਤਾਂ ਗੁਰਮੀਤ ਰਾਮ ਰਹੀਮ ਰੋਣ ਲੱਗ ਪਿਆ|
ਇਸ ਦੌਰਾਨ ਰੋਹਤਕ ਜੇਲ੍ਹ ਦੇ ਬਾਹਰ ਸਖਤ ਸੁਰੱਖਿਆ ਕੀਤੀ ਗਈ| ਰੋਹਤਕ ਜੇਲ੍ਹ ਦੇ ਬਾਹਰ ਕਿਸੇ ਅਣਜਾਣ ਵਿਅਕਤੀ ਦੇ ਦਿਖਣ ‘ਤੇ ਗੋਲੀ ਮਾਰਨ ਦੇ ਨਿਰਦੇਸ਼ ਦਿੱਤੇ ਗਏ ਹਨ|
ਇਸ ਤੋਂ ਪਹਿਲਾਂ 25 ਅਗਸਤ ਨੂੰ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਡੇਰਾ ਮੁੱਖੀ ਨੂੰ 15 ਸਾਲ ਪੁਰਾਣੇ ਬਲਾਤਕਾਰ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਸੀ| ਦੋਸ਼ੀ ਸੁਣਾਈ ਜਾਣ ਤੋਂ ਬਾਅਦ ਡੇਰਾ ਮੁਖੀ ਨੂੰ ਰੋਹਤਕ ਦੀ ਜੇਲ੍ਹ ਸੁਨਾਰੀਆ ਵਿਚ ਸਖਤ ਸੁਰੱਖਿਆ ਹੇਠ ਰੱਖਿਆ ਗਿਆ ਹੈ| ਰਾਮ ਰਹੀਮ ਨੂੰ ਸਜ਼ਾ ਸੁਣਾਉਣ ਲਈ ਜੱਜ ਜਗਦੀਪ ਸਿੰਘ ਹੈਲੀਕਾਪਟਰ ਰਾਹੀਂ ਪੰਚਕੂਲਾ ਤੋਂ ਰੋਹਤਕ ਲਈ ਰਵਾਨਾ ਹੋਏ, ਜਿਥੇ ਉਨ੍ਹਾਂ ਨੇ ਦੋਸ਼ੀ ਰਾਮ ਰਹੀਮ ਨੂੰ ਸਜ਼ਾ ਸੁਣਾਈ|

ਸੁਰੱਖਿਆ ਦੇ ਸਖਤ ਪ੍ਰਬੰਧ
ਡੇਰਾ ਮੁਖੀ ਨੂੰ ਅੱਜ ਸਜ਼ਾ ਸੁਣਾਏ ਜਾਣ ਦੇ ਮੱਦੇਨਜ਼ਰ ਹਰਿਆਣਾ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਸੁਰੱਖਿਆ ਬੇਹੱਦ ਕਰੜੀ ਕੀਤੀ ਗਈ ਹੈ| ਇਨ੍ਹਾਂ ਸੂਬਿਆਂ ਵਿਚ ਜਿਥੇ ਪਹਿਲਾਂ ਹੀ ਇੰਟਰਨੈੱਟ ਸੇਵਾਵਾਂ ਬੰਦ ਹਨ, ਉਥੇ ਪੁਲਿਸ ਅਤੇ ਅਰਧ ਸੈਨਿਕ ਬਲ ਤੇ ਫੌਜ ਵੱਲੋ ਸੰਵੇਦਨਸ਼ੀਲ ਸਥਾਨਾਂ ਉਤੇ ਮੋਰਚਾ ਸੰਭਾਲਿਆ ਹੋਇਆ ਹੈ|

25 ਅਗਸਤ ਨੂੰ ਡੇਰਾ ਸਮਰਥਕਾਂ ਨੇ ਫੈਲਾਈ ਸੀ ਭਾਰੀ ਹਿੰਸਾ
ਦੂਸਰੇ ਪਾਸੇ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ 25 ਅਗਸਤ ਨੂੰ ਡੇਰਾ ਸਮਰਥਕਾਂ ਨੇ ਪੰਚਕੂਲਾ ਸਮੇਤ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿਚ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ, ਜਿਸ ਵਿਚ ਸਰਕਾਰੀ ਸੰਪਤੀ, ਰੇਲਾਂ, ਬੱਸਾਂ, ਮੀਡੀਆ ਦੇ ਵਾਹਨ ਅਤੇ ਹੋਰ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ| ਇਹੀ ਨਹੀਂ ਇਨ੍ਹਾਂ ਹਿੰਸਕ ਘਟਨਾਵਾਂ ਵਿਚ ਹੁਣ ਤੱਕ 40 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 250 ਤੋਂ ਵੱਧ ਜ਼ਖਮੀ ਹੋ ਚੁੱਕੇ ਹਨ| ਹਰਿਆਣਾ ਪੁਲਿਸ ਅਤੇ ਪੰਜਾਬ ਪੁਲਿਸ ਨੇ ਵੱਡੀ ਗਿਣਤੀ ਵਿਚ ਹਿੰਸਾ ਫੈਲਾਉਣ ਵਾਲੇ ਡੇਰਾ ਸਮਰਥਕਾਂ ਨੂੰ ਹਿਰਾਸਤ ਵਿਚ ਲਿਆ ਹੈ|

Advertisement

LEAVE A REPLY

Please enter your comment!
Please enter your name here