ਚੰਡੀਗੜ੍ਹ, 29 ਅਗਸਤ(ਵਿਸ਼ਵ ਵਾਰਤਾ): ਡੇਰਾ ਮੁਖੀ ਨੂੰ 20 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੰਜਾਬ ਤੇ ਹਰਿਆਣਾ ਵਿੱਚ ਮਾਹੌਲ ਸ਼ਾਂਤੀਪੂਰਨ ਰਿਹਾ। ਸਿਰਸਾ ਵਿੱਚ ਸੱਤ ਤੋਂ ਲੈ ਕੇ 12 ਵਜੇ ਤੱਕ ਕਰਫ਼ਿਊ ਵਿੱਚ ਢਿੱਲ ਦਿੱਤੀ ਗਈ। ਇਸ ਮਗਰੋਂ ਜ਼ਿਲ੍ਹੇ ਵਿੱਚ ਕੋਈ ਹਿੰਸਕ ਘਟਨਾ ਦੀ ਜਾਣਕਾਰੀ ਨਹੀਂ ਮਿਲੀ ਹਰਿਆਣਾ ਦੇ ਦੂਜੇ ਸ਼ਹਿਰਾਂ ਪੰਚਕੂਲਾ ਤੇ ਕੈਥਲ ਵਿੱਚ ਵੀ ਕਰਫ਼ਿਊ ਹਟਾ ਦਿੱਤਾ ਗਿਆ ਸੀ। ਸਿਰਸਾ ਵਿੱਚ ਡੇਰਾ ਸਮਰਥਕਾਂ ਨੂੰ ਪ੍ਰਸ਼ਾਸਨ ਦੀ ਮਦਦ ਨਾਲ ਡੇਰੇ ਵਿੱਚੋਂ ਬਾਹਰ ਨਿਕਲਣ ਵਿੱਚ ਮਦਦ ਕੀਤੀ ਜਾ ਰਹੀ ਹੈ। ਪੰਜਾਬ ਦੇ ਸੰਵੇਦਨਸ਼ੀਲ ਜ਼ਿਲ੍ਹੇ ਮੋਗਾ, ਪਟਿਆਲਾ ਤੇ ਬਠਿੰਡਾ ਵਿੱਚ ਜ਼ਿੰਦਗੀ ਪਟੜੀ ਤੇ ਆ ਗਈ ਹੈ। ਹਾਲਾਂਕਿ ਪੰਚਕੂਲਾ ਦੀ ਅਗਜ਼ਨੀ ਦੇ ਘਟਨਾ ਤੋਂ ਬਾਅਦ ਦੋਹੇ ਰਾਜਾਂ ਹਾਈ ਅਲਰਟ ਉੱਤੇ ਸਨ। ਹਰਿਆਣਾ ਦੇ ਮੁੱਖ ਮੰਤਰੀ ਨੇ ਡੇਰਾ ਸਮਰਥਕਾਂ ਨੂੰ ਖਾਸਕਰਕੇ ਅਪੀਲ ਕੀਤੀ ਹੈ ਕਿ ਉਹ ਕੋਰਟ ਦੇ ਫ਼ੈਸਲੇ ਦਾ ਸਨਮਾਨ ਕਰਨ ਤੇ ਸੂਬੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਮਦਦ ਕਰਨ। ਖੱਟਰ ਨੇ ਕਿਹਾ ਕਿ ਕਾਨੂੰਨ ਨੂੰ ਆਪਣੇ ਹੱਥੀ ਲੈਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕੱਲ੍ਹ ਉੱਚ ਪੱਧਰੀ ਮੀਟਿੰਗ ਵਿੱਚ ਸਮੀਖਿਆ ਕੀਤੀ ਸੀ।
ਪੰਜਾਬ ਦੇ ਮੁੱਖ ਮੰਤਰੀ ਨੇ ਡੇਰਾ ਮੁਖੀ ਨੂੰ ਸਜਾ ਸੁਣਾਏ ਜਾਣ ਤੋਂ ਬਾਅਦ ਸੂਬੇ ਦੀ ਹਾਲਤਾਂ ਸਬੰਧੀ ਰਾਜਪਾਲ ਵੀ ਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ। ਪੰਜਾਬ ਸਰਕਾਰ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ 10 ਜ਼ਿਲ੍ਹਿਆਂ ਵਿੱਚੋਂ 5 ਵਿੱਚ ਕਰਫ਼ਿਊ ਹਟਾ ਦਿੱਤਾ ਹੈ। ਸਰਕਾਰ ਸਥਿਤੀ ਦੀ ਸਮੀਖਿਆ ਕਰੇਗੀ। ਅੱਜ ਪੰਜਾਬ ਤੇ ਹਰਿਆਣਾ ਵਿੱਚ ਮੋਬਾਈਲ ਇੰਟਰਨੈੱਟ ਤੋਂ ਪਾਬੰਦੀ ਹਟਾ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕੱਲ੍ਹ ਹੀ ਪ੍ਰਸ਼ਾਸਨ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਸੰਵੇਦਨਸ਼ੀਲ ਇਲਾਕਿਆਂ ਵਿੱਚ ਸਕੂਲ ਤੇ ਕਾਲਜਾਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ ਜਿਹੜੇ ਕਿ ਡੇਰਾ ਮਾਮਲੇ ਕਾਰਨ ਬੰਦ ਕਰ ਦਿੱਤੇ ਗਏ ਸਨ।