ਡੇਰਾ ਬਿਆਸ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ‘ਮੁੱਖ ਮੰਤਰੀ ਰਾਹਤ ਫੰਡ’ ਵਿੱਚ 2 ਕਰੋੜ ਰੁਪਏ ਦਾ ਯੋਗਦਾਨ ਪਾਇਆ
ਡੇਰਾ ਬਿਆਸ ਦੇ ਵਫ਼ਦ ਨੇ ਭਗਵੰਤ ਸਿੰਘ ਮਾਨ ਨੂੰ ਸੌਂਪਿਆ ਚੈੱਕ
ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਕੀਤਾ ਧੰਨਵਾਦ
ਚੰਡੀਗੜ੍ਹ, 16 ਅਗਸਤ(ਵਿਸ਼ਵ ਵਾਰਤਾ)- ਸੂਬੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੰਕਟ ਵਿੱਚੋਂ ਕੱਢਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸਰਕਾਰ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲੋਕਾਂ ਦੀ ਮਦਦ ਲਈ ਅੱਜ ਡੇਰਾ ਬਿਆਸ ਦੇ ਇਕ ਵਫ਼ਦ ਨੇ ਮੁੱਖ ਮੰਤਰੀ ਨੂੰ ‘ਮੁੱਖ ਮੰਤਰੀ ਰਾਹਤ ਫੰਡ’ ਲਈ 2 ਕਰੋੜ ਰੁਪਏ ਦਾ ਚੈੱਕ ਸੌਂਪਿਆ।
ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਲਗਾਤਾਰ ਲੋਕ ਅੱਗੇ ਆ ਰਹੇ ਨੇ…ਅੱਜ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ 2 ਕਰੋੜ ਰੁਪਏ ਦੀ ਮਦਦ ਰਾਸ਼ੀ CM ਰਿਲੀਫ਼ ਫੰਡ ਲਈ ਦਿੱਤੀ ਗਈ…ਮਾਨਵਤਾ ਦੀ ਸੇਵਾ ਲਈ ਸਹਿਯੋਗ ਦੇਣ ਲਈ ਤਹਿ ਦਿਲੋਂ ਧੰਨਵਾਦ…
ਲੋਕਾਂ ਦੀ ਮਦਦ ਨਾਲ ਅਸੀਂ ਲਗਾਤਾਰ ਅੱਗੇ ਵਧ ਰਹੇ ਹਾਂ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ… pic.twitter.com/IXu0bwrGd8
— Bhagwant Mann (@BhagwantMann) August 16, 2023
ਇਸ ਔਖੀ ਘੜੀ ਵਿਚ ਲੋਕਾਂ ਦੀ ਮਦਦ ਲਈ ਅੱਗੇ ਆਉਣ ਵਾਲੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਲੋਕਾਂ ਨੂੰ ਸਮੇਂ ਸਿਰ ਸਹਾਇਤਾ ਮੁਹੱਈਆ ਕਰਵਾਈ ਜਾਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਵੱਲੋਂ ਪਾਏ ਗਏ ਯੋਗਦਾਨ ਦਾ ਇਕ-ਇਕ ਪੈਸਾ ਪੀੜਤ ਲੋਕਾਂ ਨੂੰ ਵੱਡੀ ਰਾਹਤ ਦੇਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਯੋਗਦਾਨ ਲੋਕਾਂ ਨੂੰ ਲੋੜੀਂਦੇ ਸਮੇਂ ਸਹਾਇਤਾ ਪਹੁੰਚਾਉਣ ਵਿਚ ਬਹੁਤ ਸਹਾਈ ਹੁੰਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮਾਜ ਸੇਵਕਾਂ ਲੋਕਾਂ ਦੀ ਖੁੱਲੇ ਦਿਲ ਨਾਲ ਕੀਤੀ ਮਦਦ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਯਕੀਨਨ ਤੌਰ ਉਤੇ ਢਾਰਸ ਦੇਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਹੜ੍ਹਾਂ ਨਾਲ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ ਅਤੇ ਸਰਕਾਰ ਨੇ ਇਸ ਨੁਕਸਾਨ ਦੀ ਭਰਪਾਈ ਕਰਨ ਲਈ ਪੀੜਤ ਲੋਕਾਂ ਨੂੰ ਮੁਆਵਜਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹਾਂ ਤੋਂ ਬਾਅਦ ਉਨ੍ਹਾਂ ਨੇ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੇ ਹੁਕਮ ਦਿੱਤੇ ਸਨ ਜਿਸ ਤਹਿਤ ਲੋਕਾਂ ਨੂੰ ਮੁਆਵਜਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਫਸਲਾਂ, ਘਰ ਤੇ ਪਸ਼ੂ ਆਦਿ ਨੂੰ ਵਿਸ਼ੇਸ਼ ਗਿਰਦਾਵਰੀ ਹੇਠ ਲਿਆਂਦਾ ਗਿਆ ਹੈ। ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਇਕ-ਇਕ ਪੈਸੇ ਦਾ ਮੁਆਵਜਾ ਦੇਵੇਗੀ।