ਡੇਅਰੀ ਸਿਖਲਾਈ ਕੋਰਸ ਦਾ ਦੂਜਾ ਬੈਚ 03 ਜੁਲਾਈ ਤੋਂ ਡੇਅਰੀ ਟਰੇਨਿੰਗ ਸੈਂਟਰ ਚਤਾਮਲੀ ਵਿਖੇ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਜੂਨ(ਸਤੀਸ਼ ਕੁਮਾਰ ਪੱਪੀ)- ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਮੰਤਰੀ ਸ੍ਰੀ ਗੁਰਮੀਤ ਸਿੰਘ ਖੂੱਡੀਆਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਸ: ਕੁਲਦੀਪ ਜਸੋਵਾਲ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ/ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ 2 ਹਫਤਿਆਂ ਦਾ ਡੇਅਰੀ ਸਿਖਲਾਈ ਕੋਰਸ ਦਾ ਦੂਜਾ ਬੈਚ 03 ਜੁਲਾਈ ਨੂੰ ਡੇਅਰੀ ਟਰੇਨਿੰਗ ਸੈਂਟਰ ਚਤਾਮਲੀ ਵਿਖੇ ਚਲਾਇਆ ਜਾ ਰਿਹਾ ਹੈ।
ਡੇਅਰੀ ਵਿਕਾਸ ਵਿਭਾਗ ਦੇ ਜ਼ਿਲ੍ਹਾ ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਗੁਰਿੰਦਰਪਾਲ ਸਿੰਘ ਕਾਹਲੋਂ ਨੇ ਦੱਸਿਆ ਕਿ ਡੇਅਰੀ ਉਦਮ ਸਿਖਲਾਈ ਸਕੀਮ ਤਹਿਤ ਸਿਖਲਾਈ ਉਨਾਂ ਵਿਅਕਤੀਆਂ ਨੂੰ ਹੀ ਦਿੱਤੀ ਜਾਵੇਗੀ, ਜਿਨ੍ਹਾਂ ਦੀ ਉਮਰ 18 ਸਾਲ ਤੋਂ 50 ਸਾਲ ਦੇ ਦਰਮਿਆਨ ਹੋਵੇ, ਘੱਟੋ ਘੱਟ ਪੰਜਵੀਂ ਪਾਸ ਹੋਵੇ। ਉਨਾਂ ਦੱਸਿਆ ਕਿ ਸਿਖਲਾਈ ਉਪਰੰਤ ਡੇਅਰੀ ਕਰਜੇ ਤੇ ਜਨਰਲ ਸ਼੍ਰੇਣੀ ਨੂੰ 25 ਫੀਸਦੀ ਅਤੇ ਅਨੁਸੂਚਿਤ ਜਾਤੀ ਨੂੰ 33 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਡੇਅਰੀ ਸਿਖਲਾਈ ਪ੍ਰਾਪਤ ਕਰਕੇ ਆਪਣੇ ਡੇਅਰੀ ਧੰਦੇ ਨੂੰ ਵਪਾਰਕ ਲੀਹਾਂ ਤੇ ਲੈ ਕੇ ਜਾਣਾ ਚਾਹੀਦਾ ਹੈ ਅਤੇ ਖੇਤੀਬਾੜੀ ਦੇ ਫਸਲੀ ਚੱਕਰ ਦੇ ਬਦਲਾਅ ਲਈ ਡੇਅਰੀ ਦਾ ਧੰਦਾ ਅਪਨਾਉਣਾ ਚਾਹੀਦਾ ਹੈ।
ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾ ਦਸਿਆ ਕਿ ਚਾਹਵਾਨ ਲਾਭਪਾਤਰੀ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਮਾਰਫਤ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਐਸ.ਏ.ਐਸ ਨਗਰ ਦੇ ਕਮਰਾ ਨੰਬਰ 434, ਤੀਜੀ ਮੰਜ਼ਿਲ ਤੇ ਆ ਕੇ ਬਿਨੈ ਪੱਤਰ ਦੇ ਸਕਦੇ ਹਨ। ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 95928-13411 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।