ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚੋਂ ਪਾਣੀ ਦੀ ਨਿਕਾਸੀ ਦਾ ਜਾਇਜ਼ਾ
ਨਿਕਾਸੀ ਸਬੰਧੀ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ
ਪੀੜਤਾਂ ਨੂੰ ਨੁਕਸਾਨੇ ਮਕਾਨਾਂ ਦਾ ਮੁਆਵਜ਼ਾ ਦੇਣ ਦਾ ਦਿੱਤਾ ਭਰੋਸਾ
ਖਰੜ ਦੀ ਵਨ ਵਰਲਡ ਸੁਸਾਇਟੀ ਦੀ ਬੇਸਮੈਂਟ ਵਿੱਚੋਂ ਪਾਣੀ ਦੀ ਨਿਕਾਸੀ ਦਾ ਕੰਮ ਜਾਰੀ
ਅੰਸਲ ਏ ਪੀ ਆਈ ਦੀ ਬੇਸਮੈਂਟ ਵਿੱਚੋਂ ਪਾਣੀ ਦੀ ਨਿਕਾਸੀ ਮੁਕੰਮਲ
ਸਿਸਵਾਂ ਵਿਖੇ ਵੱਡੀ ਨਦੀ ਦਾ ਜਾਇਜ਼ਾ ਲਿਆ; ਗਮਾਡਾ ਨੂੰ ਨਾਜਾਇਜ਼ ਕਬਜ਼ੇ ਹਟਾਉਣ ਦੇ ਹੁਕਮ
ਐੱਸ.ਏ.ਐੱਸ. ਨਗਰ/ ਖਰੜ, 14 ਜੁਲਾਈ (ਵਿਸ਼ਵ ਵਾਰਤਾ):- ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਵਲੋਂ ਖਰੜ ਸਬ ਡਵੀਜ਼ਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਪਾਣੀ ਦੀ ਨਿਕਾਸੀ ਦੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ ਗਿਆ ਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੜ ਦੀ ਵਨ ਵਰਲਡ ਸੁਸਾਇਟੀ ਦੀ ਬੇਸਮੈਂਟ ਵਿੱਚੋਂ ਪਾਣੀ ਦੀ ਨਿਕਾਸੀ ਦਾ ਕੰਮ ਜਾਰੀ ਹੈ। ਇਸ ਕਾਰਜ ਲਈ 02 ਸਰਕਾਰੀ ਤੇ 02 ਪ੍ਰਾਈਵੇਟ ਪੰਪ ਅਤੇ ਫਾਇਰ ਟੈਂਡਰ ਲੱਗੇ ਹੋਏ ਹਨ। ਇੱਥੇ 11 ਫੁੱਟ ਦੇ ਕਰੀਬ ਪਾਣੀ ਸੀ, ਜਿਹੜਾ ਕਿ ਹੁਣ ਕਾਫੀ ਥੱਲੇ ਆ ਗਿਆ ਹੈ ਤੇ ਭਲਕ ਤਾਈਂ ਇਹ ਬੇਸਮੈਂਟ ਖਾਲੀ ਹੋ ਜਾਵੇਗੀ। ਇਸ ਸੁਸਾਇਟੀ ਦੇ ਬਾਹਰ ਇਕ ਰੈਂਪ ਵੀ ਬਣਾ ਦਿੱਤਾ ਗਿਆ ਹੈ ਤਾਂ ਜੋ ਹੋਰ ਪਾਣੀ ਅੰਦਰ ਆ ਆਵੇ। ਇਸ ਨਾਲ ਲਗਦੇ ਕੌਮੀ ਮਾਰਗ ਦੇ ਨਿਕਾਸੀ ਨਾਲੇ ਦੀ ਪਾਣੀ ਖਿੱਚਣ ਦੀ ਸਮਰੱਥਾ ਵਧਾਉਣ ਦਾ ਕੰਮ ਵੀ ਜਾਰੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਸਲ ਏ ਪੀ ਆਈ ਦੀ ਬੇਸਮੈਂਟ ਵਿੱਚੋਂ ਪਾਣੀ ਦੀ ਨਿਕਾਸੀ ਮੁਕੰਮਲ ਕਰ ਲਈ ਗਈ ਹੈ। ਇਸ ਦੀ ਬੇਸਮੈਂਟ ਵਿਚ ਵਿੱਚ ਪਾਣੀ ਭਰਨ ਕਾਰਨ ਬਿਜਲੀ ਪੈਨਲਜ਼ ਗਿੱਲੇ ਹੋ ਗਏ ਸਨ ਤੇ ਉਹਨਾਂ ਨੂੰ ਸੁਕਾਉਣ ਦਾ ਕੰਮ ਜਾਰੀ ਹੈ।
ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਕੁਰਾਲੀ ਦੇ ਵਾਰਡ ਨੰਬਰ 11 ਅਤੇ ਸਿਸਵਾਂ ਚੌਕ ਦਾ ਦੌਰਾ ਕੀਤਾ ਗਿਆ। ਉਥੇ ਗਮਾਡਾ ਦੀ ਇਕ 200 ਫੁੱਟ ਕਲਵਟ ਹੈ, ਉਸ ਦੀ ਸਫਾਈ ਲਈ ਸੀ.ਏ. ਗਮਾਡਾ ਤੇ ਨੈਸ਼ਨਲ ਹਾਈਵੇਜ਼ ਅਥਾਰਟੀ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।
ਡਿਪਟੀ ਕਮਿਸ਼ਨਰ ਵੱਲੋਂ ਸਿਸਵਾਂ ਵਿਖੇ ਵੱਡੀ ਨਦੀ ਦਾ ਜਾਇਜ਼ਾ ਲਿਆ ਗਿਆ ਤੇ ਗਮਾਡਾ ਨੂੰ ਉੱਥੋਂ ਨਾਜਾਇਜ਼ ਕਬਜ਼ੇ ਹਟਾਉਣ ਦੇ ਹੁਕਮ ਦਿੱਤੇ ਗਏ। ਇਸ ਦੇ ਨਾਲ-ਨਾਲ ਜਿਹੜੇ ਲੋਕਾਂ ਦੇ ਮਕਾਨ ਹੜ੍ਹਾਂ ਕਾਰਨ ਢਹਿ ਗਏ ਹਨ, ਉਹਨਾਂ ਨੂੰ ਬਣਦਾ ਮੁਆਵਜ਼ਾ ਦੇਣ ਦਾ ਡਿਪਟੀ ਕਮਿਸ਼ਨਰ ਵੱਲੋਂ ਭਰੋਸਾ ਦਿੱਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਦਮਨਜੀਤ ਸਿੰਘ ਮਾਨ, ਐੱਸ.ਡੀ.ਐਮ. ਖਰੜ ਰਵਿੰਦਰ ਸਿੰਘ ਤੇ ਈ ਓ ਭੁਪਿੰਦਰ ਸਿੰਘ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।