ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਵੱਲੋਂ ਵਿਜੈ ਦਿਵਸ ਦੇ ਸਬੰਧ ਵਿਚ ਵੱਖ-ਵੱਖ ਸਮਾਗਮਾਂ ਦੇ ਪ੍ਰਬੰਧਾਂ ਨੂੰ ਕਰਨ ਹਿਤ ਕੀਤੀ ਬੈਠਕ
ਸਮਾਗਮਾਂ ਦੇ ਪ੍ਰਬੰਧਾਂ ਵਿਚ ਕੋਈ ਅਣਗਹਿਲੀ ਨਹੀਂ ਹੋਵੇਗੀ ਬਰਦਾਸ਼ਤ-ਡਾ. ਸੇਨੂੰ ਦੁੱਗਲ
ਫਾਜਿਲਕਾ, 6 ਦਸੰਬਰ(ਵਿਸ਼ਵ ਵਾਰਤਾ)-ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਆਈਏਐਸ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਜੈ ਦਿਵਸ ਮੌਕੇ ਵੱਖ-ਵੱਖ ਸਮਾਗਮ ਮਨਾਉਣ ਨੂੰ ਲੈ ਕੇ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਜੈ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਜਾਦੀ ਕਾ ਅਮ੍ਰਿਤ ਮਹਾਉਤਸਵ ਤਹਿਤ ਵਿਜੈ ਦਿਵਸ ਨੂੰ ਸਮਰਪਿਤ 11 ਦਸੰਬਰ 2022 ਨੂੰ ਸਾਈਕਲ ਰੈਲੀ (ਫਾਜ਼ਿਲਕਾ ਤੋਂ ਗੰਗਾਨਗਰ), 16 ਦਸੰਬਰ ਨੂੰ ਵਿਕਟਰੀ ਪਰੇਡ (ਸਾਹਮਣੀ ਡੀ.ਸੀ. ਦਫਤਰ ਤੋਂ ਘੰਟਾ ਘਰ ਤੱਕ) ਅਤੇ 17 ਦਸਬੰਰ ਨੂੰ ਲੜਕੇ ਤੇ ਲੜਕੀਆਂ ਦੀ ਮੈਰਾਥਨ (ਆਸਫ ਵਾਲਾ ਤੋਂ ਬਾਰਡਰ ਰੋਡ) ਦਾ ਆਯੋਜਨ ਕੀਤਾ ਜਾਵੇਗਾ। ਇਸ ਉਪਰੰਤ ਆਸਫ ਵਾਲਾ ਵਿਖੇ ਸਥਿਤ ਸ਼ਹੀਦੀ ਸਮਾਰਕ ਵਿਖੇ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ।
ਇਸ ਮੌਕੇ ਉਨ੍ਹਾਂ ਪੁਲਿਸ ਵਿਭਾਗ ਦੇ ਨੁਮਾਇੰਦੇ ਨੂੰ ਸਾਈਕਲ ਰੈਲੀ, ਵਿਕਰਟਰੀ ਪਰੇਡ ਅਤੇ ਮੈਰਾਥਨ ਵਾਲੇ ਦਿਨ ਸੁਰੱਖਿਆ ਅਤੇ ਟਰੈਫਿਕ ਦੇ ਲੋੜੀਂਦੇ ਪ੍ਰਬੰਧ ਕਰਨ, ਸਿਵਲ ਸਰਜਨ ਫਾਜ਼ਿਲਕਾ ਨੂੰ ਸਮਾਗਮ ਵਾਲੇ ਸਥਾਨਾਂ ਤੇ ਮੈਡੀਕਲ ਟੀਮ ਸਮੇਤ ਐਂਬੂਲੈਸ ਵੈਨ ਦਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਮਿਉਸੀਪਲ ਕਮੇਟੀ ਦੇ ਨੁਮਾਇੰਦੇ ਨੂੰ ਹਦਾਇਤ ਕਰਦਿਆਂ ਕਿਹਾ ਉਕਤ ਸਮੂਹ ਸਮਾਗਮਾਂ ਦੌਰਾਨ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਸਿੱਖਿਆ ਵਿਭਾਗ ਦੇ ਨੁਮਾਇੰਦੇ ਨੂੰ ਵਿਕਟਰੀ ਪਰੇਡ ਤੇ ਮੈਰਾਥਨ ’ਚ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਸਮੂਲੀਅਤ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਸਹਾਇਕ ਕਮਿਸ਼ਨਰ ਮਨਜੀਤ ਸਿੰਘ ਔਲਖ, ਸਿਵਲ ਸਰਜਨ ਸਤੀਸ਼ ਗੋਇਲ, ਮੇਜਰ ਪਰਨਵ ਪ੍ਰਭਾਤ, ਜ਼ਿਲ੍ਹਾ ਫੂਡ ਸਪਲਾਈ ਅਫਸਰ ਹਿਮਾਂਸ਼ੂ ਕੁਕੜ, ਡੀ.ਐਸ.ਪੀ. ਹੈਡਕੁਆਟਰ ਕੈਲਾਸ਼ ਚੰਦ, ਆਸਫ ਵਾਲਾ ਸ਼ਹੀਦੀ ਸਮਾਰਕ ਕਮੇਟੀ ਮੈਂਬਰ ਸਾਹਿਬਾਨ ਸ਼ਸ਼ੀ ਕਾਂਤ, ਪ੍ਰਫੂਲ ਨਾਗਪਾਲ, ਵਪਾਰ ਮੰਡਲ ਪ੍ਰਧਾਨ ਗੁਲਭਦਰ ਤੋਂ ਇਲਾਵਾ ਉਘੀਆਂ ਸ਼ਖਸੀਅਤਾਂ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਹਾਜ਼ਰ ਸਨ।