– ਕੈਮਿਸਟ ਐਸੋਸੀਏਸ਼ਨਾਂ ਵੱਲੋਂ ਸਹਿਯੋਗ ਦੇਣ ਦਾ ਸੰਕਲਪ
ਚੰਡੀਗੜ੍ਹ, 31 ਅਗਸਤ (ਵਿਸ਼ਵ ਵਾਰਤਾ) : ਸੂਬੇ ਵਿੱਚ ਥੋਕ ਅਤੇ ਰਿਟੇਲ ਦਵਾਈਆਂ ਦੀਆਂ ਦੁਕਾਨਾਂ ‘ਤੇ ਚੱਲ ਰਹੀਆਂ ਛਾਪੇਮਾਰੀਆਂ ਤੇ ਜਾਂਚਾਂ ਦੇ ਨਾਲ- ਨਾਲ ਡਰੱਗ ਰੈਗੂਲੇਟਰੀ ਅਫਸਰਾਂ ਵੱਲੋਂ ਕੈਮਿਸਟ ਐਸੋਸੀਏਸ਼ਨਾਂ ਨਾਲ ਡਰੱਗ ਲੇਜਿਸਲੇਸ਼ਨ ਅਤੇ ਡਰੱਗ ਤੇ ਕਾਸਮੈਟਿਕ ਰੂਲਜ਼ 1945 ਤਹਿਤ ਰੱਖ-ਰਖਾਵ ਦਾ ਰਿਕਾਰਡ ਰੱਖਣ ਦੀ ਜਾਗਰੁਕਤਾ ਪ੍ਰਦਾਨ ਕਰਨ ਸਬੰਧੀ ਸੂਬੇ ਭਰ ਵਿੱਚ ਮੀਟਿੰਗਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਪੰਜਾਬ ਦੇ ਫੂਡ ਤੇ ਡਰੱਗ ਪ੍ਰਬੰਧਨ ਕਮਿਸ਼ਨਰ ਸ੍ਰੀ ਕੇਐਸ ਪੰਨੂ ਨੇ ਦਿੱਤੀ।
ਸ੍ਰੀ ਪੰਨੂ ਨੇ ਦੱਸਿਆ ਕਿ ਇਹ ਉਪਰਾਲਾ ਸੂਬੇ ਵਿੱਚ ਰੈਗੁਲੇਟਰੀ ਅਫਸਰਾਂ ਤੇ ਕੈਮਿਸਟਾਂ ਦੇ ਆਪਸੀ ਤਾਲਮੇਲ ਵਿੱਚ ਕਿਸੇ ਵੀ ਕਿਸਮ ਦੇ ਫਾਸਲੇ ਨੂੰ ਦੂਰ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ ਤਾਂ ਜੋ ਦਵਾਈਆਂ ਦੇ ਵਪਾਰ ਨਾਲ ਜੁੜੇ ਲੋਕਾਂ ਨੂੰ ਮੋਜੂਦਾ ਕਾਨੂੰਨ ਤੋਂ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਸਾਰੀਆਂ ਤਹਿਸੀਲਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਵੀ ਬੜੀ ਖੁਸ਼ੀ ਦੀ ਗੱਲ ਹੈ ਕਿ ਕੈਮਿਸਟ ਖੁਦ ਵੀ ਸਰਕਾਰ ਦੀ ਨਸ਼ਿਆਂ ਵਿਰੁੱਧ ਵਿੱਢੀ ਇਸ ਮੁਹਿੰਮ ਵਿੱਚ ਵਧ-ਚੜ੍ਹਕੇ ਯੋਗਦਾਨ ਪਾ ਰਹੇ ਹਨ। ਹਜ਼ਾਰਾਂ ਕੈਮਿਸਟਾਂ ਵੱਲੋਂ ਨਸ਼ੀਲੀਆਂ ਦਵਾਈਆਂ ਨਾ ਵੇਚਣ ਦੀ ਸਹੁੰ ਖਾਧੀ ਗਈ ਹੈ ਅਤੇ ਕੈਂਡਲ ਮਾਰਚ ਕੱਢਕੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਸਰਕਾਰ ਦੀ ਮੁਹਿੰਮ ਪ੍ਰਤੀ ਆਪਣੀ ਸੁਹਿਰਦਤਾ ਦਿਖਾਈ ਗਈ ਹੈ।
ਕੈਮਿਸਟ ਐਸੋਸੀਏਸ਼ਨਾਂ ਵੱਲੋਂ ਮਿਲਿਆਂ ਅਜਿਹਾ ਭਰਵਾਂ ਹੁੰਘਾਰਾ ਅਤੇ ਪ੍ਰਸ਼ਾਸਨ ਵੱਲੋਂ ਨਸ਼ਿਆਂ ਪ੍ਰਤੀ ਅਖ਼ਤਿਆਰ ਕੀਤਾ ਨਾ ਸਹਿਣ ਯੋਗ ਵਤੀਰਾ ਜਾਹਿਰ ਤੌਰ ‘ਤੇ ਸੂਬੇ ਵਿੱਚੋਂ ਨਸ਼ਿਆਂ ਦਾ ਸਫਾਇਆ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸ ਨਾਲ ਪੰਜਾਬ ਦੇ ਲੋਕਾਂ ਨੂੰ ਚੰਗੇ ਦਰਜੇ ਦੀਆਂ ਅਤੇ ਸਾਫ, ਸੁਰੱÎਖਿਅਤ ਦਵਾਈਆਂ ਪ੍ਰਾਪਤ ਹੋਣਗੀਆਂ।
ਸ੍ਰੀ ਪੰਨੂ ਨੇ ਆਮ ਲੋਕਾਂ ਨੂੰ ਸਾਹਮਣੇ ਆਕੇ ਕਿਸੇ ਵੀ ਕੈਮਿਸਟ ਵੱਲੋਂ ਵੇਚੀਆਂ ਜਾਂਦੀਆਂ ਵਰਜਿਤ ਤੇ ਨਸ਼ੀਲੀਆਂ ਦਵਾਈਆਂ ਸਬੰਧੀ ਵਿਭਾਗ ਨੂੰ ਆਗਾਹ ਕਰਨ ਲਈ ਅਪੀਲ ਕੀਤੀ।