ਡਰੱਗਜ਼ ਮਾਮਲਾ – ਭਾਜਪਾ ਆਗੂ ਬੋਨੀ ਅਜਨਾਲਾ ਨੂੰ SIT ਨੇ ਕੀਤਾ ਤਲਬ
ਚੰਡੀਗੜ੍ਹ,13ਦਸੰਬਰ(ਵਿਸ਼ਵ ਵਾਰਤਾ)-ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਦਸੰਬਰ 2021 ਵਿੱਚ ਦਰਜ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਇਕ ਮਾਮਲੇ ਵਿੱਚ ਹੁਣ ਭਾਜਪਾ ਆਗੂ ਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਜਾਂਚ ਲਈ ਤਲਬ ਕੀਤਾ। ਇਸ ਤੋਂ ਪਹਿਲਾਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੰਮਨ ਕੀਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੇ ਚੇਅਰਮੈਨ ਅਤੇ ਵਧੀਕ ਡਾਇਰੈਕਟਰ ਜਨਰਲ ਪੁਲੀਸ ਪਟਿਆਲਾ ਰੇਂਜ ਵੱਲੋਂ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਨੂੰ ਇਸ ਸਬੰਧੀ ਪੱਤਰ ਭੇਜਿਆ ਗਿਆ। ਉਸ ਪੱਤਰ ਦੀ ਇੱਕ ਕਾਪੀ ਥਾਣਾ ਰਣਜੀਤ ਐਵੇਨਿਊ ਦੇ ਮੁੱਖ ਅਫਸਰ ਨੂੰ ਵੀ ਭੇਜੀ ਗਈ ਹੈ ਜਿਸ ਵਿੱਚ ਹਦਾਇਤ ਕੀਤੀ ਗਈ ਹੈ ਕਿ 20 ਦਸੰਬਰ 2021 ਨੂੰ ਥਾਣਾ ਪੰਜਾਬ ਸਟੇਟ ਕ੍ਰਾਈਮ ਮੁਹਾਲੀ ਵੱਲੋਂ ਐਨਡੀਪੀਐਸ ਐਕਟ ਹੇਠ ਦਰਜ ਕੀਤੇ ਗਏ ਕੇਸ ਵਿੱਚ ਜਾਂਚ ਕਰ ਰਹੀ ਸਿੱਟ ਵੱਲੋਂ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ 13 ਦਸੰਬਰ ਨੂੰ ਪਟਿਆਲਾ ਰੇਂਜ ਦਫਤਰ ਵਿਖੇ ਸੰਮਨ ਕੀਤਾ ਗਿਆ ਹੈ। ਉਸ ਨੂੰ ਦੁਪਹਿਰ 2 ਵਜੇ ਇਸ ਦਫਤਰ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਇਸ ਸਬੰਧੀ ਥਾਣਾ ਰਣਜੀਤ ਐਵੇਨਿਊ ਦੇ ਐਸਐਚਓ ਨੂੰ ਆਦੇਸ਼ ਕੀਤੇ ਗਏ ਹਨ ਕਿ ਉਹ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਇਸ ਸਬੰਧੀ ਨੋਟਿਸ ਦੇਵੇ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਇਸੇ ਕੇਸ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ 18 ਦਸੰਬਰ ਨੂੰ ਪੇਸ਼ ਹੋਣ ਲਈ ਸੰਮਨ ਕੀਤਾ ਗਿਆ ਹੈ।