ਟੈਰਰ ਫੰਡਿੰਗ ਮਾਮਲਾ- ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਹਰਸ਼ਵੀਰ ਦੀ ਮੁਹਾਲੀ ਅਦਾਲਤ ਵਿੱਚ ਹੋਈ ਪੇਸ਼ੀ
ਅਦਾਲਤ ਨੇ ਭੇਜਿਆ ਇੰਨੇ ਦਿਨਾਂ ਦੀ ਨਿਆਂਇਕ ਹਿਰਾਸਤ ‘ਚ
ਚੰਡੀਗੜ੍ਹ 21 ਨਵੰਬਰ(ਵਿਸ਼ਵ ਵਾਰਤਾ) – ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਵੱਲੋਂ ਟੈਰਰ ਫੰਡਿਗ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਵਿਦਿਆਰਥੀ ਹਰਸ਼ਵੀਰ ਸਿੰਘ ਬਾਜਵਾ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਅਦਾਲਤ ਨੇ ਉਸਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਸਪੈੱਸ਼ਲ ਸੈੱਲ ਨੇ ਉਸਦਾ ਰਿਮਾਂਡ ਹੋਰ ਵਧਾਉਣ ਦੀ ਮੰਗ ਕੀਤੀ ਸੀ।
ਇਸ ਦੇ ਨਾਲ ਹੀ ਜਾਣਕਾਰੀ ਅਨੁਸਾਰ ਬਾਜਵਾ ਦੇ ਮੋਬਾਈਲ ਫੋਨ ਰਾਹੀਂ ਐੱਸ.ਐੱਸ.ਓ.ਸੀ ਵੱਲੋਂ ਉਸ ਦੇ ਦੋਸਤ ਸਰਕਲ ਦੇ ਰਿਕਾਰਡ ਦੀ ਵੀ ਲਗਾਤਾਰ ਖੋਜ ਕੀਤੀ ਜਾ ਰਹੀ ਹੈ। ਬਾਜਵਾ ਯੂਨੀਵਰਸਿਟੀ ਦੇ ਗਾਂਧੀਅਨ ਅਤੇ ਪੀਸ ਸਟੱਡੀਜ਼ ਵਿਭਾਗ ਵਿੱਚ ਐਮਏ (ਤੀਜੇ ਸਮੈਸਟਰ) ਦਾ ਵਿਦਿਆਰਥੀ ਹੈ।
SSOC ਮੁਤਾਬਕ ਉਸ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨਾਲ ਵੀ ਸਬੰਧ ਹਨ ਅਤੇ ਦਹਿਸ਼ਤ ਪੈਦਾ ਕਰਨ ਲਈ ਪੈਸਾ ਇਕੱਠਾ ਕਰਨ ਵਿੱਚ ਉਸ ਦੀ ਭੂਮਿਕਾ ਸਾਹਮਣੇ ਆਈ ਹੈ। ਬਾਜਵਾ ਮੂਲ ਰੂਪ ਤੋਂ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਦਾ ਰਹਿਣ ਵਾਲਾ ਹੈ। ਇਸ ਦੇ ਨਾਲ ਹੀ ਪੁਲਿਸ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਵਿੱਚ ਉਸਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਦੱਸ ਦਈਏ ਕਿ 10 ਨਵੰਬਰ ਨੂੰ ਪੰਜਾਬ ਦੇ ਕੋਟਕਪੂਰਾ ਵਿੱਚ ਅੱਧੀ ਦਰਜਨ ਹਮਲਾਵਰਾਂ ਨੇ ਪ੍ਰਦੀਪ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। SSOC ਦੇ ਅਨੁਸਾਰ, ਬਾਜਵਾ ਨੇ ਇਹਨਾਂ ਨਿਸ਼ਾਨੇਬਾਜ਼ਾਂ ਵਿੱਚੋਂ ਇੱਕ ਨੂੰ 20,000 ਰੁਪਏ ਟਰਾਂਸਫਰ ਕੀਤੇ ਸਨ। ਇਹ ਵੀ ਪਤਾ ਲੱਗਾ ਹੈ ਕਿ ਬਾਜਵਾ ਕੈਨੇਡਾ ਵਿਚ ਲੁਕੇ ਲਾਰੈਂਸ ਗੈਂਗ ਦੇ ਗੋਲਡੀ ਬਰਾੜ ਦੇ ਸੰਪਰਕ ਵਿਚ ਹੈ। ਗੋਲਡੀ ਬਰਾੜ ਨੇ ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਇਸ ਮਾਮਲੇ ਵਿੱਚ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਪੁਲਿਸ ਵੱਲੋਂ ਕਈ ਹੋਰਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾ ਸਕਦਾ ਹੈ।