ਚੰਡੀਗਡ਼੍ਹ, 16 ਅਗਸਤ (ਵਿਸ਼ਵ ਵਾਰਤਾ) : ਟਰੱਕ ਯੂਨੀਅਨਾਂ ਤੇ ਪੰਜਾਬ ਸਰਕਾਰ ਵਿਚਾਲੇ ਰੇਡ਼ਕਾ ਜਾਰੀ ਹੈ। ਪੰਜਾਬ ਸਰਕਾਰ ਜਿੱਥੇ ਪਹਿਲਾਂ ਹੀ ਟਰੱਕ ਯੂਨੀਅਨਾਂ ਨੂੰ ਖਤਮ ਕਰਨ ਦਾ ਐਲਾਨ ਕਰ ਚੁਕੀ ਹੈ, ਉਥੇ ਇਸ ਫੈਸਲੇ ਦੇ ਖਿਲਾਫ ਟਰੱਕ ਯੂਨੀਅਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਇਹ ਐਲਾਨ ਕੀਤਾ ਸੀ ਕਿ ਟਰੱਕ ਯੂਨੀਅਨਾਂ ਨੂੰ ਖਤਮ ਕਰਨ ਦਾ ਫੈਸਲਾ ਵਾਪਸ ਨਹੀਂ ਹੋਵੇਗਾ।
ਇਸ ਦੌਰਾਨ ਅੱਜ ਟਰੱਕ ਯੂਨੀਅਨਾਂ ਦਾ ਇਕ ਵਫਦ ਚੀਫ ਪ੍ਰਮੁੱਖ ਸਕੱਤਰ ਸਤੀਸ਼ ਕੁਮਾਰ ਨੂੰ ਮਿਲਿਆ, ਜਿਸ ਦੀ ਅਗਵਾਈ ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ ਕਰ ਰਹੇ ਸਨ। ਇਸ ਮੀਟਿੰਗ ਵਿਚ ਟਰੱਕ ਯੂਨੀਅਨਾਂ ਨੂੰ ਕਿਹਾ ਗਿਆ ਕਿ ਉਹ ਆਪਣੇ-ਆਪਣੇ ਇਲਾਕੇ ਦੀਆਂ ਸੋਸਾਈਟੀਆਂ ਸਰਕਾਰ ਕੋਲ ਰਜਿਸਟਰਡ ਕਰਾ ਲੈਣ ਅਤੇ ਉਸ ਦੇ ਕਾਇਦੇ ਤੇ ਕਾਨੂੰਨ ਬਣਾ ਕੇ ਟਰੱਕ ਯੂਨੀਅਨਾਂ ਚਲਾਉਣ। ਹੁਣ ਪੰਜਾਬ ਵਾਸੀਆਂ ਨਾਲ ਟਰੱਕ ਯੂਨੀਅਨਾਂ ਦੀ ਧੱਕੇਸ਼ਾਹੀ ਨਹੀਂ ਹੋਣ ਦਿਤੀ ਜਾਵੇਗੀ।
ਪੰਜਾਬ ਸਿਵਲ ਸਕੱਤਰ ਵਿਖੇ ਹੋਈ ਇਸ ਮੀਟਿੰਗ ਵਿਚ ਦਰਜਨ ਦੇ ਕਰੀਬ ਟਰੱਕ ਯੂਨੀਅਨ ਦੇ ਨੁਮਾਇੰਦੇ ਸ਼ਾਮਿਲ ਸਨ। ਇਸ ਤੋਂ ਇਲਾਵਾ ਇਸ ਮੀਟਿੰਗ ਵਿਚ ਮੁੱਖ ਮੰਤਰੀ ਦੇ ਡਿਪਟੀ ਪ੍ਰਿੰਸੀਪਲ ਸੈਕਟਰੀ ਗੁਰਕਿਰਤ ਗੁਰਪਾਲ ਸਿੰਘ ਵੀ ਹਾਜ਼ਿਰ ਸਨ।
ਦੱਸਣਯੋਗ ਹੈ ਕਿ ਝੋਨੇ ਦਾ ਸੀਜ਼ਨ ਆ ਰਿਹਾ ਹੈ ਇਸ ਸਬੰਧੀ ਸਰਕਾਰ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਟਰੱਕ ਯੂਨੀਅਨ ਦੇ ਇਕ ਨੁਮਾਇੰਦੇ ਨੇ ਕਿਹਾ ਕਿ ਸਾਨੂੰ ਇਹ ਸੀਜਨ ਲਾਉਣ ਦਿੱਤਾ ਜਾਵੇ ਕਿਉਂਕਿ ਅਸੀਂ ਪਹਿਲਾਂ ਹੀ ਟੈਂਡਰ ਭਰੇ ਹੋਏ ਹਨ, ਇਸ ਬਾਰੇ ਵੀ ਵਿਚਾਰ ਕੀਤਾ ਜਾਵੇ।
ਟਰੱਕ ਯੂਨੀਅਨਾਂ ਤੇ ਸਰਕਾਰ ਵਿਚਾਲੇ ਰੇਡ਼ਕਾ ਜਾਰੀ
Advertisement
Advertisement