ਜੰਗਲੀ ਖੇਤਰਾਂ ‘ਚ ਤਾਰਬੰਦੀ ‘ਤੇ ਖਰਚੇ ਜਾਣਗੇ 12 ਕਰੋੜ ਰੁਪਏ : ਸਾਧੂ ਸਿੰਘ ਧਰਮਸੋਤ

802
Advertisement


ਚੰਡੀਗੜ੍ਹ, 17 ਅਗਸਤ (ਵਿਸ਼ਵ ਵਾਰਤਾ) :ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਦੀਆਂ ਫਸਲਾਂ ਦੇ ਬਚਾਅ ਲਈ ਜੰਗਲੀ ਖੇਤਰਾਂ ‘ਚ 57.38 ਕਿਲੋਮੀਟਰ ਲੰਬਾਈ ਦੀ ਤਾਰਬੰਦੀ ਕਰਨ ਦਾ ਫੈਸਲਾ ਕੀਤਾ ਹੈ ਜਿਸ ‘ਤੇ ਅਨੁਮਾਨਿਤ 1212.87 ਲੱਖ ਰੁਪਏ ਦੀ ਲਾਗਤ ਆਵੇਗੀ। ਇਹ ਪ੍ਰਗਟਾਵਾ ਪੰਜਾਬ ਦੇ ਜੰਗਲਾਤ ਦੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਜੰਗਲੀ ਜੀਵ ਸੁਰੱਖਿਆ ਐਕਟ-1972 ਦੇ ਲਾਗੂ ਹੋਣ ਮਗਰੋਂ ਸੂਬੇ ‘ਚ ਨੀਲ ਗਾਂ, ਜੰਗਲੀ ਸੂਰ ਅਤੇ ਸਾਂਬਰ ਆਦਿ ਜਾਤੀਆਂ ਦੀ ਅਬਾਦੀ ‘ਚ ਵਾਧਾ ਹੋਇਆ ਹੈ। ਭਾਵੇਂ ਇਸ ਨੂੰ ਜੰਗਲੀ ਜੀਵ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਪ੍ਰਾਪਤੀ ਮੰਨਿਆ ਜਾਂਦਾ ਹੈ ਪਰ ਜੰਗਲੀ ਜੀਵਾਂ ਦੇ ਵਾਧੇ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਦੋਂ ਜੰਗਲੀ ਜੀਵ ਉਨ੍ਹਾਂ ਦੀ ਖੜ੍ਹੀ ਫਸਲ ਦਾ ਨੁਕਸਾਨ ਕਰ ਦਿੰਦੇ ਹਨ। ਜੰਗਲੀ ਜੀਵਾਂ ਤੇ ਮਨੁੱਖ ਦੇ ਇਸ ਸੰਘਰਸ਼ ‘ਚ ਜੰਗਲੀ ਰੱਖਾਂ ਨੇੜਲੇ ਪਿੰਡਾਂ ਦੇ ਕਿਸਾਨਾਂ ਨੂੰ ਦਿਨ ਅਤੇ ਰਾਤ ਦੌਰਾਨ ਆਪਣੀ ਫਸਲ ਦੀ ਲਗਾਤਾਰ ਨਿਗਰਾਨੀ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ‘ਚ ਇਹ ਵੱਡੀ ਸਮੱਸਿਆ ਆਈ ਕਿਉਂਕਿ ਇੱਥੇ 6 ਜੰਗਲੀ ਰੱਖਾਂ ਹਨ। ਇਸਦੇ ਫਲਸਰੂਪ ਜ਼ਿਲ੍ਹਾ ਪਟਿਆਲਾ ਦੀਆਂ ਜੰਗਲੀ ਰੱਖਾਂ ਦੀ ਤਾਰਬੰਦੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਦੀ ਸਮੱਸਿਆ ਦੇ ਹੱਲ ਦੇ ਨਾਲ-ਨਾਲ ਜੰਗਲੀ ਜੀਵਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾ ਸਕੇ।
ਉਨ੍ਹਾਂ ਦੱਸਿਆ ਕਿ ਪਟਿਆਲਾ ਮੰਡਲ ਵਿਖੇ ਪੈਂਦੇ ਬੀੜ ਭੋਰੇ ਅਗੋਲ, ਮਾਲੀਆਂ ਖੇੜੀ, ਬਹਾਦਰਗੜ੍ਹ, ਛੋਟੀ ਭੁੱਨਰਹੇੜੀ, ਖੇੜੀ ਗੁੱਜਰਾਂ ਅਤੇ ਬੀੜ ਮੀਰਾਂਪੁਰ ਤੇ ਗੋਗਪੁਰ ਜੰਗਲਾਤ ਖੇਤਰਾਂ ਦੀ ਤਾਰਬੰਦੀ ਦੇ ਪ੍ਰਾਜੈਕਟ ‘ਤੇ ਉਪਰੋਕਤ ਅਨੁਮਾਨਿਤ ਰਕਮ ਖਰਚੀ ਜਾਵੇਗੀ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਗਲਾਤ ਵਿਭਾਗ ਵਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਤੱਖਣੀ ਰਹਿਮਾ ਪੁਰ ਜੰਗਲੀ ਰੱਖ ਵਿਖੇ 1.347 ਕਿਲੋਮੀਟਰ ਦੇ ਦਾਇਰੇ ਵਿੱਚ ਸੋਲਰ ਤਾਰਬੰਦੀ ਲਾਈ ਗਈ ਹੈ।
ਸ. ਧਰਮਸੋਤ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਬੀੜ ਭੋਰੇ ਅਗੋਲ ਵਿਖੇ 300 ਲੱਖ ਦੀ ਲਾਗਤ ਨਾਲ 15.60 ਕਿਲੋਮੀਟਰ ਮਾਲੀਆਂ ਖੇੜੀ, ਬਹਾਦਰਗੜ੍ਹ, ਛੋਟੀ ਭੁੱਨਰਹੇੜੀ, ਖੇੜੀ ਗੁੱਜਰਾਂ ਦੇ ਜੰਗਲੀ ਖੇਤਰਾਂ ਵਿਖੇ 356.87 ਲੱਖ ਦੀ ਲਾਗਤ ਨਾਲ 16.22 ਕਿਲੋਮੀਟਰ ਅਤੇ ਗੋਗਪੁਰ ਜੰਗਲਾਤ ਖੇਤਰ ਵਿਖੇ 556 ਲੱਖ ਦੀ ਲਾਗਤ ਨਾਲ 25.56 ਕਿਲੋਮੀਟਰ ‘ਚ ਤਾਰਬੰਦੀ ਕੀਤੀ ਜਾਵੇਗੀ।
ਸ. ਧਰਮਸੋਤ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਬੀੜ ਭਾਦਸੋਂ, ਬੀੜ ਭੁਨਰਹੇੜੀ, ਬੀੜ ਮੋਤੀ ਬਾਗ, ਬੀੜ ਗੁਰਦਿਆਲਪੁਰਾ ਅਤੇ ਬੀੜ ਦੋਸਾਂਝ ਦੇ 3464.75 ਹੈਕਟੇਅਰ ਖੇਤਰ ਵਿਖੇ ਕੁੱਲ 57.30 ਕਿਲੋਮੀਟਰ ਲੰਬਾਈ ਖੇਤਰ ‘ਚ ਤਾਰਬੰਦੀ ਕੀਤੀ ਗਈ ਹੈ ਜਿਸ ‘ਤੇ 791.37 ਲੱਖ ਰੁਪਏ ਖਰਚੇ ਜਾ ਚੁੱਕੇ ਹਨ। ਉਨ੍ਹਾਂ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਬੀੜ ਭਾਦਸੋਂ ਦੇ 1022.63 ਹੈਕਟੇਅਰ ਖੇਤਰ ‘ਚ 11.475 ਕਿਲੋਮੀਟਰ, ਬੀੜ ਭੁਨਰਹੇੜੀ ਦੇ 650 ਹੈਕਟੇਅਰ ਖੇਤਰ ‘ਚ 11.220 ਕਿਲੋਮੀਟਰ, ਬੀੜ ਮੋਤੀ ਬਾਗ ਦੇ 654 ਹੈਕਟੇਅਰ ਖੇਤਰ ‘ਚ 11.500 ਕਿਲੋਮੀਟਰ, ਬੀੜ ਗੁਰਦਿਆਲਪੁਰਾ ਦੇ 620.53 ਹੈਕਟੇਅਰ ਵਿਖੇ 10.611 ਮਿਲੋਮੀਟਰ ਅਤੇ ਬੀੜ ਦੋਸਾਂਝ ਦੇ 517.59 ਹੈਕਟੇਅਰ ‘ਚ 12.500 ਕਿਲੋਮੀਟਰ ਖੇਤਰ ‘ਚ ਤਾਰਬੰਦੀ ਕੀਤੀ ਜਾ ਚੁੱਕੀ ਹੈ।

Advertisement

LEAVE A REPLY

Please enter your comment!
Please enter your name here