ਚੰਡੀਗੜ੍ਹ, 14 ਸਤੰਬਰ(ਵਿਸ਼ਵ ਵਾਰਤਾ): ਸ੍ਰੋਮਣੀ ਅਕਾਲੀ ਦਲ ਨੇ ਅੱਜ ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਨੂੰ ਆਖਿਆ ਹੈ ਕਿ ਜੇ ਉਹ ਸੂਬੇ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਦੀ ਰਾਖੀ ਨਹੀਂ ਕਰ ਸਕਦਾ ਤਾਂ ਤੁਰੰਤ ਅਹੁਦੇ ਤੋਂ ਅਸਤੀਫਾ ਦੇ ਦੇਵੇ। ਪਾਰਟੀ ਨੇ ਕਿਹਾ ਕਿ ਸਿੱਧੂ ਜਾਣਬੁੱਝ ਕੇ ਸਿੱਖ ਯਾਦਗਾਰਾਂ ਦੀ ਸਾਂਭ-ਸੰਭਾਲ ਲਈ ਪੈਸੇ ਵਿਚ ਕਟੌਤੀ ਕਰਕੇ ਸਿੱਖ ਵਿਰਾਸਤ ਦਾ ਇਸ ਲਈ ਅਪਮਾਨ ਕਰ ਰਿਹਾ ਹੈ, ਕਿਉਂਕਿ ਇਹ ਯਾਦਗਾਰਾਂ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨੀਆਂ ਉਸਾਰੀਆਂ ਗਈਆਂ ਸਨ।
ਇੱਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਰਜਮਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਨਵਜੋਤ ਸਿੱਧੂ ਨੇ ਸੰਗਰੂਰ ਵਿਚ ਕੁੱਪ ਰੋਹੀੜਾ ਵਿਖੇ 1762 ਵਿਚ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨਾਲ ਲੜਦਿਆਂ ਸ਼ਹੀਦੀਆਂ ਪਾਉਣ ਵਾਲੇ 35 ਹਜ਼ਾਰ ਸਿੱਖਾਂ ਦੀ ਯਾਦ ਵਿਚ ਉਸਾਰੀ ਸਿੱਖ ਯਾਦਗਾਰ ਵੱਡਾ ਘੱਲੂਘਾਰਾ ਦੀ ਸਾਂਭ-ਸੰਭਾਲ ਲਈ ਪੈਸੇ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਅਜਿਹੀ ਸ਼ਰਮਨਾਕ ਹਰਕਤ ਕਰਕੇ ਸਿੱਧੂ ਨਾ ਸਿਰਫ ਸਿੱਖੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਉਹਨਾਂ ਸ਼ਹੀਦਾਂ ਦੀ ਯਾਦ ਦਾ ਅਪਮਾਨ ਕੀਤਾ ਹੈ, ਸਗੋਂ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਦਾ ਅਸਲੀ ਰੰਗ ਵੀ ਵਿਖਾ ਦਿੱਤਾ ਹੈ।
ਅਕਾਲੀ ਦਲ ਦੇ ਤਰਜਮਾਨ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਆਪਣੇ ਮੰਤਰਾਲੇ ਦਾ ਚਾਰਜ ਸੰਭਾਲਦੇ ਹੀ ਇਹ ਬਿਆਨ ਦੇ ਕੇ ਕਿ ਵਿਰਾਸਤੇ-ਖਾਲਸਾ ਇੱਕ ਸਫੈਦ ਹਾਥੀ ਹੈ, ਕਾਂਗਰਸ ਸਰਕਾਰ ਦੀ ਸਿੱਖ ਗੁਰਦੁਆਰਿਆਂ ਉੱਤੇ ਹਮਲੇ ਕਰਨ ਅਤੇ ਸਿੱਖ ਸੱਭਿਆਚਾਰ ਦਾ ਅਪਮਾਨ ਕਰਨ ਦੀ ਨੀਤੀ ਦਾ ਮੁਜ਼ਾਹਰਾ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਸਿੱਧੂ ਜਿਸ ਨੂੰ ਸੈਰ ਸਪਾਟਾ ਮੰਤਰੀ ਵਜੋਂ ਪੰਜਾਬ ਦਾ ਬਰਾਂਡ ਅੰਬੈਸਡਰ ਮੰਨਿਆ ਜਾਂਦਾ ਹੈ, ਨੇ ਇੱਕ ਅਜਿਹੀ ਯਾਦਗਾਰ ਦੀ ਨਿੰਦਾ ਕੀਤੀ ਸੀ, ਜਿਸ ਨੂੰ ਪੂਰੀ ਦੁਨੀਆਂ ਅੰਦਰ ਸਿੱਖ ਧਰਮ ਅਤੇ ਸੱਭਿਆਚਾਰ ਦਾ ਮੁਜੱਸਮਾ ਬਣ ਚੁੱਕੀ ਹੈ। ਉਹਨਾਂ ਕਿਹਾ ਕਿ ਕਾਮੇਡੀ ਸਰਕਸ ਤੋਂ ਉਪੱਰ ਕੁੱਝ ਵੀ ਸੋਚ ਨਾ ਸਕਣ ਵਾਲੇ ਸਿੱਧੂ ਦੀ ਇਸ ਹਰਕਤ ਦੀ ਪੂਰੀ ਦੁਨੀਆਂ ਦੇ ਪੰਜਾਬੀਆਂ ਨੇ ਭੰਡੀ ਕੀਤੀ ਸੀ, ਪਰ ਉਸ ਨੇ ਫਿਰ ਵੀ ਕੋਈ ਸਬਕ ਨਹੀਂ ਸਿੱਖਿਆ।
ਡਾਕਟਰ ਚੀਮਾ ਨੇ ਕਿਹਾ ਕਿ ਸਿੱਧੂ ਅਕਾਲੀ-ਭਾਜਪਾ ਸਰਕਾਰ ਦੁਆਰਾ ਮੁਕੰਮਲ ਕੀਤੇ ਗਏ ਸਾਰੇ ਧਾਰਮਿਕ ਅਤੇ ਸੱਭਿਆਚਾਰਕ ਪ੍ਰਾਜੈਕਟਾਂ ਨਾਲ ਤਰਤੀਬਵਾਰ ਵਿਤਕਰਾ ਕਰਦਾ ਗਿਆ। ਉਹਨਾਂ ਕਿਹਾ ਕਿ ਜਦੋਂ ਦਾ ਸਿੱਧੂ ਮੰਤਰੀ ਬਣਿਆ ਹੈ ਅਤੇ ਉਸ ਨੇ ਪੰਜਾਬ ਵਿਰਾਸਤ ਅਤੇ ਸੈਰ ਸਪਾਟਾ ਤਰੱਕੀ ਬੋਰਡ ਨੂੰ ਆਪਣੇ ਹੱਥਾਂ ਵਿਚ ਲਿਆ ਹੈ ਤਾਂ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲਾ ਵਿਰਾਸਤੀ ਮਾਰਗ ਸਾਂਭ-ਸੰਭਾਲ ਖੁਣੋਂ ਖਰਾਬ ਹੋਣਾ ਸ਼ੁਰੂ ਹੋ ਗਿਆ ਹੈ।
ਸਿੱਧੂ ਨੂੰ ਇਹ ਕਹਿੰਦਿਆਂ ਕਿ ਉਸ ਨੂੰ ਸਮਝਣਾ ਚਾਹੀਦਾ ਹੈ ਕਿ ਉਸ ਦੇ ਸਿਰ ਦੇ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਵੀ ਹੈ, ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਭਾਜਪਾ ਦੇ ਕਾਰਜਕਾਲ ਦੌਰਾਨ ਉਸਾਰੇ ਗਏ ਸਾਰੇ ਸਮਾਰਕ, ਆਨੰਦਪੁਰ ਸਾਹਿਬ ਵਿਖੇ ਵਿਰਾਸਤੇ-ਖਾਲਸਾ, ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ, ਵੱਡਾ ਅਤੇ ਛੌਟਾ ਘੱਲੂਘਾਰਾ ਮੈਮੋਰੀਅਲ, ਅੰਮ੍ਰਿਤਸਰ ਵਿਖੇ ਜੰਗੀ ਯਾਦਗਾਰ, ਅਤੇ ਕਰਤਾਰਪੁਰ ਵਿਖੇ ਜੰਗੇ-ਆਜ਼ਾਦੀ ਯਾਦਗਾਰ ਆਦਿ ਸਾਡੀ ਧਾਰਮਿਕ-ਸੱਭਿਆਚਾਰਕ ਪਰੰਪਰਾ ਅਤੇ ਪੰਜਾਬੀਆਂ ਦੀ ਬਹਾਦਰੀ ਦੀ ਗਵਾਹੀ ਭਰਦੇ ਹਨ। ਉਹਨਾਂ ਕਿਹਾ ਕਿ ਜੇ ਤੁਸੀਂ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਸਾਡੀਆਂ ਆਉਣ ਵਾਲੀਆਂ ਪੀੜ•ੀਆਂ ਅੰਦਰ ਆਪਣੀ ਸ਼ਾਨਦਾਰ ਵਿਰਾਸਤ ਬਾਰੇ ਸਵੈਮਾਣ ਭਰਨ ਲਈ ਬਣਾਏ ਗਏ ਇਹਨਾਂ ਸਮਾਰਕਾਂ ਦੀ ਮਹੱਤਤਾ ਨੂੰ ਨਹੀਂ ਸਮਝ ਸਕਦੇ ਤਾਂ ਚੰਗਾ ਹੋਵੇਗਾ ਕਿ ਤੁਸੀਂ ਅਸਤੀਫਾ ਦੇ ਦਿਓ ਅਤੇ ਵਾਪਸ ਮੁੰਬਈ ਜਾ ਕੇ ਆਪਣੀ ਕਾਮੇਡੀ ਸ਼ੋਅ ਤਿਆਰ ਕਰਨਾ ਸ਼ੁਰੂ ਕਰ ਦਿਓ।