ਜੇਲ ‘ਚ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਭਾਵੁਕ ਹੋਏ ਭਗਵੰਤ ਮਾਨ, ਕਿਹਾ- ਮੁੱਖ ਮੰਤਰੀ ਨਾਲ ਅੱਤਵਾਦੀਆਂ ਵਰਗਾ ਸਲੂਕ ਹੋ ਰਿਹਾ
….ਦੁਪਹਿਰ 12 ਤੋਂ 12:30 ਵਜੇ ਤੱਕ ਹੋਈ ਮੀਟਿੰਗ ਦੌਰਾਨ ਸੀਐਮ ਅਰਵਿੰਦ ਕੇਜਰੀਵਾਲ ਨੇ ਸੀਐਮ ਭਗਵੰਤ ਮਾਨ ਅਤੇ ਡਾ. ਸੰਦੀਪ ਪਾਠਕ ਤੋਂ ਦਿੱਲੀ ਅਤੇ ਪੰਜਾਬ ਦੇ ਲੋਕਾਂ ਦਾ ਪੁੱਛਿਆ ਹਾਲਚਾਲ
…ਕੇਜਰੀਵਾਲ ਨੇ ਸਕੂਲ-ਹਸਪਤਾਲ ਬਣਾਏ, ਬਿਜਲੀ-ਪਾਣੀ ਮੁਫਤ ਕੀਤਾ, ਇਹ ਉਨਾਂ ਦਾ ਕਸੂਰ ਹੈ ਕਿ ਉਨਾਂ ਨੂੰ ਸਭ ਤੋਂ ਮਾੜੇ ਅਪਰਾਧੀਆਂ ਵਰਗੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ – ਭਗਵੰਤ ਮਾਨ
…ਕੇਜਰੀਵਾਲ ਨਾਲ ਫੋਨ ‘ਤੇ ਸ਼ੀਸ਼ੇ ਰਾਹੀਂ ਗੱਲ ਕਰਵਾਈ ਗਈ, ਸ਼ੀਸ਼ਾ ਵੀ ਬਹੁਤ ਗੰਦਾ ਸੀ, ਅਸੀਂ ਇਕ-ਦੂਜੇ ਦੇ ਚਿਹਰੇ ਵੀ ਸਾਫ ਨਹੀਂ ਦੇਖ ਸਕੇ – ਭਗਵੰਤ ਮਾਨ
…ਚਿਦੰਬਰਮ ਨਾਲ ਸੋਨੀਆ ਗਾਂਧੀ ਦੀ ਮੁਲਾਕਾਤ ਆਹਮੋ-ਸਾਹਮਣੇ ਬੈਠਾ ਕੇ ਕਰਵਾਈ ਜਾਂਦੀ ਸੀ, ਪਰੰਤੂ ਸਾਡੀ ਮੁਲਾਕਾਤ ਇਸ ਤਰ੍ਹਾਂ ਕਰਵਾਈ ਗਈ, ਜਿਵੇਂ ਸਾਹਮਣੇ ਕੋਈ ਵੱਡਾ ਅਪਰਾਧੀ ਬੈਠਾ ਹੋਵੇ-ਭਗਵੰਤ ਮਾਨ
…ਆਮ ਆਦਮੀ ਪਾਰਟੀ ਇਕਜੁੱਟ ਹੈ ਅਤੇ ਚੱਟਾਨ ਵਾਂਗ ਕੇਜਰੀਵਾਲ ਨਾਲ ਖੜੀ ਹੈ, ਚੋਣ ਨਤੀਜਿਆਂ ਤੋਂ ਬਾਅਦ ‘ਆਪ’ ਵੱਡੀ ਤਾਕਤ ਬਣ ਕੇ ਉਭਰੇਗੀ- ਭਗਵੰਤ ਮਾਨ
…ਅਰਵਿੰਦ ਕੇਜਰੀਵਾਲ ਨੇ ਮੁਫਤ ਬਿਜਲੀ, ਪਾਣੀ, ਇਲਾਜ,ਔਰਤਾਂ ਲਈ ਬੱਸ ਸੇਵਾ ਸਮੇਤ ਲੋਕਾਂ ਦੇ ਸੁੱਖ-ਦੁੱਖ ਬਾਰੇ ਪੁੱਛਿਆ – ਡਾ. ਸੰਦੀਪ ਪਾਠਕ
…ਅਗਲੇ ਹਫਤੇ ਤੋਂ ਮੁੱਖ ਮੰਤਰੀ ਕੇਜਰੀਵਾਲ ਦੋ ਮੰਤਰੀਆਂ ਨੂੰ ਜੇਲ੍ਹ ਵਿੱਚ ਬੁਲਾ ਕੇ ਉਨ੍ਹਾਂ ਦੇ ਵਿਭਾਗਾਂ ਦਾ ਜਾਇਜ਼ਾ ਲੈਣਗੇ ਕਿ ਕੰਮ ਕਿਵੇਂ ਚੱਲ ਰਿਹਾ ਹੈ – ਡਾ ਸੰਦੀਪ ਪਾਠਕ
..ਮੁੱਖ ਮੰਤਰੀ ਕੇਜਰੀਵਾਲ ਨੇ ਵਿਧਾਇਕਾਂ ਨੂੰ 24 ਘੰਟੇ ਜਨਤਾ ਦੇ ਵਿਚਕਾਰ ਰਹਿਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਦਿੱਤਾ ਸੰਦੇਸ਼ – ਡਾ. ਸੰਦੀਪ ਪਾਠਕ
ਨਵੀਂ ਦਿੱਲੀ, 15 ਅਪ੍ਰੈਲ 2024 (ਵਿਸ਼ਵ ਵਾਰਤਾ):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਰਾਸ਼ਟਰੀ ਜਨਰਲ ਸਕੱਤਰ ਡਾ. ਸੰਦੀਪ ਪਾਠਕ ਨੇ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਜੇਲ ‘ਚ ਮੁਲਾਕਾਤ ਕੀਤੀ। ਉਨ੍ਹਾਂ ਦੀ ਮੁਲਾਕਾਤ ਕਰੀਬ 30 ਮਿੰਟ ਤੱਕ ਚੱਲੀ। ਇਸ ਦੌਰਾਨ ਜੇਲ ‘ਚ ਅਰਵਿੰਦ ਕੇਜਰੀਵਾਲ ਨਾਲ ਹੋਈ ਬਦਸਲੂਕੀ ਨੂੰ ਦੇਖ ਕੇ ਭਗਵੰਤ ਮਾਨ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ ‘ਚ ਅੱਤਵਾਦੀ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਸਾਨੂੰ ਸ਼ੀਸ਼ੇ ਰਾਹੀਂ ਫੋਨ ‘ਤੇ ਗੱਲ ਕਰਨ ਲਈ ਬਠਾਇਆ ਗਿਆ ਸੀ, ਸ਼ੀਸ਼ਾ ਵੀ ਬਹੁਤ ਗੰਦਾ ਸੀ, ਅਸੀਂ ਇੱਕ ਦੂਜੇ ਦੇ ਚਿਹਰੇ ਵੀ ਸਾਫ ਨਹੀਂ ਦੇਖ ਸਕੇ। ਅਰਵਿੰਦ ਕੇਜਰੀਵਾਲ ਦਾ ਕਸੂਰ ਸਿਰਫ ਇਹ ਹੈ ਕਿ ਉਨਾਂ ਨੇ ਸਕੂਲ ਅਤੇ ਹਸਪਤਾਲ ਬਣਾਏ ਅਤੇ ਲੋਕਾਂ ਲਈ ਬਿਜਲੀ ਅਤੇ ਪਾਣੀ ਮੁਫਤ ਕੀਤਾ। ਇਸੇ ਕਰਕੇ ਉਨ੍ਹਾਂ ਨੂੰ ਉਹ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਜੋ ਗੰਭੀਰ ਅਪਰਾਧੀਆਂ ਨੂੰ ਮਿਲਦੀਆਂ ਹਨ। ਇਸ ਦੇ ਨਾਲ ਹੀ ਡਾ ਸੰਦੀਪ ਪਾਠਕ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਹਰ ਸਮੇਂ ਦਿੱਲੀ ਅਤੇ ਪੰਜਾਬ ਦੇ ਲੋਕਾਂ ਦੇ ਸੁੱਖ-ਦੁੱਖ ਬਾਰੇ ਪੁੱਛਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਲੋਕਾਂ ਨੂੰ ਮੁਫ਼ਤ ਬਿਜਲੀ, ਪਾਣੀ, ਇਲਾਜ ਅਤੇ ਔਰਤਾਂ ਲਈ ਮੁਫਤ ਬੱਸ ਸੇਵਾ ਦੀ ਸਹੂਲਤ ਮਿਲ ਰਹੀ ਹੈ ਜਾਂ ਨਹੀਂ। ਅਗਲੇ ਹਫ਼ਤੇ ਤੋਂ ਉਹ ਦੋ ਮੰਤਰੀਆਂ ਨੂੰ ਜੇਲ੍ਹ ਬੁਲਾ ਕੇ ਉਨ੍ਹਾਂ ਦੇ ਵਿਭਾਗਾਂ ਦਾ ਜਾਇਜ਼ਾ ਲੈਣਗੇ।
ਸੋਮਵਾਰ ਨੂੰ ਜੇਲ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਅੱਧਾ ਘੰਟਾ ਮੁਲਾਕਾਤ ਹੋਈ। ਸਾਨੂੰ 12 ਤੋਂ 12:30 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ। ਜਿਵੇਂ ਹੀ ਮੈਂ ਉਨ੍ਹਾਂ ਨੂੰ ਮਿਲਿਆ, ਮੈਨੂੰ ਇਹ ਦੇਖ ਕੇ ਬਹੁਤ ਦੁੱਖ ਹੋਇਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਹ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਜੋ ਕਿ ਭੈੜੇ ਅਪਰਾਧੀਆਂ ਨੂੰ ਦਿੱਤੀਆਂ ਜਾਂਦੀਆਂ ਹਨ। ਅਰਵਿੰਦ ਕੇਜਰੀਵਾਲ ਦਾ ਕੀ ਕਸੂਰ? ਉਨਾਂ ਦਾ ਕਸੂਰ ਸਿਰਫ ਇਹ ਹੈ ਕਿ ਉਨਾਂ ਨੇ ਲੋਕਾਂ ਲਈ ਹਸਪਤਾਲ, ਮੁਹੱਲਾ ਕਲੀਨਿਕ ਅਤੇ ਸਕੂਲ ਬਣਾਏ। ਬਿਜਲੀ ਅਤੇ ਪਾਣੀ ਸਾਰਿਆਂ ਲਈ ਮੁਫਤ ਕੀਤਾ। ਤੁਸੀਂ ਉਨਾਂ ਦੇ ਨਾਲ ਅਜਿਹਾ ਸਲੂਕ ਕਰ ਰਹੇ ਹੋ ਜਿਵੇਂ ਤੁਸੀਂ ਕਿਸੇ ਵੱਡੇ ਅੱਤਵਾਦੀ ਨੂੰ ਫੜ ਲਿਆ ਹੋਵੇ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜੇਲ ਮੈਨੂਅਲ ਦੇ ਨਿਯਮਾਂ ਅਨੁਸਾਰ ਜੇਲ ਵਿਚ ਦੋਸ਼ੀ ਦਾ ਆਚਰਣ ਚੰਗਾ ਹੋਵੇ ਤਾਂ ਉਸ ਨੂੰ ਆਹਮੋ-ਸਾਹਮਣੇ ਮਿਲਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਜਦੋਂ ਪੀ. ਚਿਦੰਬਰਮ ਜੇਲ੍ਹ ਵਿੱਚ ਸਨ ਅਤੇ ਸੋਨੀਆ ਗਾਂਧੀ ਉਨ੍ਹਾਂ ਨੂੰ ਮਿਲਣ ਆਉਂਦੀ ਸੀ ਤਾਂ ਉਨ੍ਹਾਂ ਨੂੰ ਇੱਕ ਕਮਰੇ ਵਿੱਚ ਆਹਮੋ-ਸਾਹਮਣੇ ਬਿਠਾਇਆ ਜਾਂਦਾ ਸੀ। ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਆਹਮੋ-ਸਾਹਮਣੇ ਪੇਸ਼ ਕੀਤਾ ਗਿਆ। ਪਰ ਅੱਜ ਫੋਨ ਰਾਹੀਂ ਮੁਲਾਕਾਤ ਦਾ ਇੰਤਜ਼ਾਮ ਕੀਤਾ ਗਿਆ ਸੀ ਜਿਵੇਂ ਕੋਈ ਵੱਡਾ ਅਪਰਾਧੀ ਸਾਹਮਣੇ ਬੈਠਾ ਹੋਵੇ। ਉਹ ਨਹੀਂ ਜਾਣਦੇ ਕਿ ਸਾਡੇ ਨਾਲ ਇੰਨੀ ਦੁਸ਼ਮਣੀ ਕਿਉਂ ਹੈ ਕਿ ਸਾਡੇ ਨਾਲ ਅੱਤਵਾਦੀਆਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਅਰਵਿੰਦ ਕੇਜਰੀਵਾਲ ਨਾਲ ਅਜਿਹਾ ਸਲੂਕ ਕਿਉਂ? ਵਿਰੋਧੀ ਧਿਰ ਨਾਲ ਅਜਿਹਾ ਵਤੀਰਾ ਉਨ੍ਹਾਂ ਨੂੰ ਮਹਿੰਗਾ ਪਵੇਗਾ। ਅਰਵਿੰਦ ਕੇਜਰੀਵਾਲ ਇੱਕ ਪੱਕੇ ਇਮਾਨਦਾਰ ਵਿਅਕਤੀ ਹਨ, ਜਿਨ੍ਹਾਂ ਨੇ ਪਾਰਦਰਸ਼ਤਾ ਦੀ ਰਾਜਨੀਤੀ ਸ਼ੁਰੂ ਕੀਤੀ ਅਤੇ ਭਾਜਪਾ ਦੀ ਰਾਜਨੀਤੀ ਨੂੰ ਖਤਮ ਕੀਤਾ। ਅੱਜ ਉਸ ਨਾਲ ਅਜਿਹਾ ਵਿਵਹਾਰ ਦੇਖ ਕੇ ਬਹੁਤ ਦੁੱਖ ਹੋਇਆ।
ਭਗਵੰਤ ਮਾਨ ਨੇ ਦੱਸਿਆ ਕਿ ਜਦੋਂ ਮੈਂ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦਾ ਹਾਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੇਰੀ ਚਿੰਤਾ ਨਾ ਕਰੋ, ਦੱਸੋ ਪੰਜਾਬ ਦਾ ਹਾਲ ਕੀ ਹੈ? ਪੰਜਾਬ ਵਿੱਚ ਚੰਗੇ ਸਕੂਲ ਬਣ ਰਹੇ ਹਨ, ਮੰਡੀਆਂ ਵਿੱਚ ਕਣਕ ਦੀ ਫ਼ਸਲ ਚੁੱਕਣ ਦਾ ਪ੍ਰਬੰਧ ਕੀਤਾ ਗਿਆ ਹੈ, ਉੱਥੇ ਆਮ ਆਦਮੀ ਕਲੀਨਿਕ ਵਧੀਆ ਚੱਲ ਰਹੇ ਹਨ, ਲੋਕਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ, ਕਿਉਂਕਿ ਅਸੀਂ ਨਾਮ ਦੀ ਨਹੀਂ ਕੰਮ ਦੀ ਰਾਜਨੀਤੀ ਕਰਦੇ ਹਾਂ। ਮੈਂ ਉਨਾਂ ਨੂੰ ਕਿਹਾ ਕਿ ਪੰਜਾਬ ‘ਚ ਸਭ ਕੁੱਝ ਚੰਗਾ ਚੱਲ ਰਿਹਾ ਹੈ। ਮੈਂ ਵੀ ਅਸਾਮ ਜਾ ਕੇ ਆਇਆ ਹਾਂ ਅਤੇ ਮੰਗਲਵਾਰ ਨੂੰ ਗੁਜਰਾਤ ਜਾਵਾਂਗਾ। ਦਿੱਲੀ ਵਿੱਚ ਵੀ ਪ੍ਰਚਾਰ ਕਰਾਂਗਾ, ਅਤੇ ਕੁਰੂਕਸ਼ੇਤਰ ਵਿਚ ਜਾ ਕੇ ਵੀ ਪ੍ਰਚਾਰ ਕੀਤਾ ਹੈ। ਆਮ ਆਦਮੀ ਪਾਰਟੀ ਇੱਕ ਸੋਚ ਦਾ ਨਾਮ ਹੈ। ਅਰਵਿੰਦ ਕੇਜਰੀਵਾਲ ਇਸੇ ਸੋਚ ਦਾ ਨਾਂ ਹੈ। ਤੁਸੀਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਸਕਦੇ ਹੋ, ਪਰ ਤੁਸੀਂ ਉਸਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ?
ਸੀਐਮ ਭਗਵੰਤ ਮਾਨ ਨੇ ਮੀਡੀਆ ਦੇ ਇਸ ਦੋਸ਼ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਭਗਦੜ ਮੱਚ ਗਈ ਹੈ ਅਤੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਇੱਕ ਅਨੁਸ਼ਾਸਿਤ ਧੜਾ ਹੈ। ਆਮ ਆਦਮੀ ਪਾਰਟੀ ਬਹੁਤ ਹੀ ਅਨੁਸ਼ਾਸਿਤ ਪਾਰਟੀ ਹੈ। ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਾਲ ਇਕਜੁੱਟ ਹੈ। ਅਸੀਂ ਸਾਰੇ ਅਰਵਿੰਦ ਕੇਜਰੀਵਾਲ ਦੇ ਨਾਲ ਚੱਟਾਨ ਵਾਂਗ ਖੜੇ ਹਾਂ। ਅਰਵਿੰਦ ਕੇਜਰੀਵਾਲ ਜਲਦੀ ਹੀ ਜੇਲ੍ਹ ਤੋਂ ਬਾਹਰ ਆਉਣਗੇ। 4 ਜੂਨ ਨੂੰ ਜਦੋਂ ਲੋਕ ਸਭਾ ਚੋਣਾਂ ਦੇ ਨਤੀਜੇ ਆਉਣਗੇ ਤਾਂ ਆਮ ਆਦਮੀ ਪਾਰਟੀ ਬਹੁਤ ਵੱਡੀ ਪਾਰਟੀ ਬਣ ਕੇ ਉਭਰੇਗੀ। ਇਸ ਦੇ ਨਾਲ ਹੀ ਸੀਐਮ ਅਰਵਿੰਦ ਕੇਜਰੀਵਾਲ ਨੇ ਸੰਗਠਨ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਸੰਦੀਪ ਪਾਠਕ ਦੀ ਤਾਰੀਫ਼ ਕੀਤੀ। ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਨੇ ਮੈਨੂੰ ਇਸ ਲਈ ਡਿਊਟੀ ‘ਤੇ ਲਗਾਇਆ ਹੈ ਕਿ ਮੈਨੂੰ ਲੋਕ ਸਭਾ ਚੋਣ ਦੇ ਪ੍ਰਚਾਰ ਲਈ ਥਾਂ-ਥਾਂ ਜਾਣਾ ਪਵੇਗਾ। ਜੇਕਰ ਮੈਨੂੰ ਭਾਰਤ ਗਠਜੋੜ ਨਾਲ ਸੰਬੰਧਿਤ ਪਾਰਟੀਆਂ ਲਈ ਪ੍ਰਚਾਰ ਕਰਨ ਲਈ ਕਿਸੇ ਵੀ ਰਾਜ ਵਿੱਚ ਜਾਣਾ ਪੈਂਦਾ ਹੈ, ਤਾਂ ਮੈਂ ਜਾਵਾਂਗਾ। ਕੁੱਲ ਮਿਲਾ ਕੇ ਅਰਵਿੰਦ ਕੇਜਰੀਵਾਲ ਨੂੰ ਦੇਸ਼ ਅਤੇ ਸੰਵਿਧਾਨ ਦੀ ਚਿੰਤਾ ਸੀ, ਜੇਕਰ ਸੰਵਿਧਾਨ ਬਚੇਗਾ ਤਾਂ ਹੀ ਪਾਰਟੀ ਬਚੇਗੀ।
21 ਸੇਵਾਮੁਕਤ ਜੱਜਾਂ ਵੱਲੋਂ ਚੀਫ਼ ਜਸਟਿਸ ਨੂੰ ਪੱਤਰ ਲਿਖ ਕੇ ਨਿਆਂਪਾਲਿਕਾ ਨੂੰ ਬਦਨਾਮ ਕਰਨ ਦੇ ਦੋਸ਼ ਲਾਏ ਜਾਣ ਦੇ ਸਵਾਲ ‘ਤੇ ਸੀ.ਐਮ.ਭਗਵੰਤ ਮਾਨ ਨੇ ਕਿਹਾ ਕਿ ਜੇਕਰ ਅੱਜ ਦੇਸ਼ ਦੇ ਹਾਲਾਤ ਬਾਰੇ ਕਿਸੇ ਨੂੰ ਪੁੱਛੋ ਤਾਂ ਉਹ ਕਹੇਗਾ ਕਿ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਨੇ ਗਲਤ ਜੇਲ੍ਹ ਵਿਚ ਰੱਖਿਆ ਹੈ । ਉਹ ਚਾਹੁੰਦੇ ਹਨ ਕਿ ਦੇਸ਼ ਵਿੱਚ ਕੋਈ ਵਿਰੋਧੀ ਧਿਰ ਨਾ ਹੋਵੇ। ਸਿਰਫ਼ ਸਾਨੂੰ ਚੋਣ ਲੜਨੀ ਚਾਹੀਦੀ ਹੈ ਅਤੇ ਜਿੱਤਣੀ ਚਾਹੀਦੀ ਹੈ। ਫਿਰ ਦੇਸ਼ ਵਿੱਚ ਲੋਕਤੰਤਰ ਕਿੱਥੇ ਰਹਿ ਗਿਆ ਹੈ? ਇਹ ਤਾਨਾਸ਼ਾਹੀ ਬਣ ਗਿਆ ਹੈ। ਅਸੀਂ ਦੇਸ਼ ਭਗਤ ਲੋਕ ਹਾਂ। ਅਸੀਂ ਦੇਸ਼ ਲਈ ਲੜਾਂਗੇ। ਉਨ੍ਹਾਂ ਨੇ ਸਾਨੂੰ ਸੰਦੇਸ਼ ਦਿੱਤਾ ਕਿ ਬਾਹਰ ਜਾ ਕੇ ਸਾਰੇ ਵਰਕਰਾਂ, ਵਿਧਾਇਕਾਂ ਅਤੇ ਮੰਤਰੀਆਂ ਕਹੋ ਕਿ ਉਹ ਮੇਰੀ ਚਿੰਤਾ ਨਾ ਕਰਨ, ਜਨਤਾ ਦੀ ਚਿੰਤਾ ਕਰਨ। ਉਨ੍ਹਾਂ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੀ ਸਿਹਤ ਠੀਕ ਹੈ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਡਾ. ਸੰਦੀਪ ਪਾਠਕ ਨੇ ਕਿਹਾ ਕਿ ਸਾਨੂੰ ਸੀਐਮ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ 30 ਮਿੰਟ ਦਾ ਸਮਾਂ ਮਿਲਿਆ। ਜਿਵੇਂ ਹੀ ਅਸੀਂ ਉਨ੍ਹਾਂ ਨੂੰ ਮਿਲਣ ਗਏ ਤਾਂ ਭਗਵੰਤ ਮਾਨ ਉਨ੍ਹਾਂ ਨੂੰ ਦੇਖ ਕੇ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਕੁਝ ਸਮਾਂ ਆਪਣੇ ਆਪ ਨੂੰ ਸੰਭਾਲਣ ਤੋਂ ਬਾਅਦ ਅੱਗੇ ਦੀ ਗੱਲਬਾਤ ਸ਼ੁਰੂ ਹੋਈ। ਜਦੋਂ ਅਸੀਂ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੇਰੀ ਚਿੰਤਾ ਕਰਨੀ ਛੱਡ ਦਿਓ ਅਤੇ ਦੱਸੋ ਜਨਤਾ ਕਿਵੇਂ ਹੈ? ਉਨ੍ਹਾਂ ਸਵਾਲ ਕੀਤਾ ਕਿ ਜਨਤਾ ਨੂੰ ਜਿਹੜੀ ਮੁਫਤ ਬਿਜਲੀ ਮਿਲ ਰਹੀ ਸੀ ਕਿ ਉਹ ਮਿਲ ਰਹੀ ਹੈ। ਕਿਤੇ ਬਿਜਲੀ ਕੱਟ ਤਾਂ ਨਹੀਂ ਲੱਗ ਰਿਹਾ ਹੈ? ਉਨ੍ਹਾਂ ਨੇ ਪੁੱਛਿਆ ਕਿ ਹਸਪਾਤਲ ਵਿਚ ਜੋ ਮੁਫਤ ਦਵਾਈਆਂ ਮਿਲ ਰਹੀਆਂ ਸਨ, ਕਿ ਉਹ ਹੁਣ ਵੀ ਮਿਲ ਰਹੀਆਂ ਹਨ। ਕੀ ਔਰਤਾਂ ਨੂੰ ਮੁਫ਼ਤ ਬੱਸ ਸੇਵਾ ਦੀ ਸਹੂਲਤ ਹਾਲੇ ਵੀ ਜਾਰੀ ਹੈ? ਉਨਾਂ ਨੇ ਇਹ ਸਭ ਕੁਝ ਪੁੱਛਿਆ ਕਿ ਦਿੱਲੀ ਦੀ ਹਾਲਤ ਕਿਵੇਂ ਹੈ ਅਤੇ ਲੋਕ ਕਿਵੇਂ ਹਨ? ਅਸੀਂ ਉਨ੍ਹਾਂ ਨੂੰ ਇੱਕ-ਇੱਕ ਗੱਲ ਦੱਸੀ।
ਡਾ. ਸੰਦੀਪ ਪਾਠਕ ਨੇ ਦੱਸਿਆ ਕਿ ਅਸੀਂ ਵਾਰ-ਵਾਰ ਪੁੱਛ ਰਹੇ ਸੀ ਕਿ ਤੁਸੀਂ ਕਿਵੇਂ ਹੋ ਅਤੇ ਉਹ ਕਹਿੰਦੇ ਰਹੇ ਕਿ ਮੇਰੀ ਚਿੰਤਾ ਕਰਨਾ ਬੰਦ ਕਰੋ। ਉਨ੍ਹਾਂ ਦੱਸਿਆ ਕਿ ਅਗਲੇ ਹਫ਼ਤੇ ਤੋਂ ਉਹ ਦੋ ਮੰਤਰੀਆਂ ਨੂੰ ਜੇਲ੍ਹ ਵਿੱਚ ਬੁਲਾ ਕੇ ਉਨ੍ਹਾਂ ਮੰਤਰੀਆਂ ਦੇ ਵਿਭਾਗਾਂ ਦਾ ਜਾਇਜ਼ਾ ਲੈਣਗੇ ਕਿ ਕੰਮ ਕਿਵੇਂ ਚੱਲ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੈਨੂੰ ਇਹ ਵੀ ਕਿਹਾ ਕਿ ਇਹ ਸੰਦੇਸ਼ ਸਾਰੇ ਵਿਧਾਇਕਾਂ ਨੂੰ ਭੇਜਿਆ ਜਾਵੇ ਕਿ ਉਹ ਜਨਤਾ ਵਿੱਚ ਜਾਣ, ਆਪਣੇ ਇਲਾਕੇ ਦੇ ਹਰ ਘਰ ਵਿੱਚ ਜਾ ਕੇ ਜਨਤਾ ਨਾਲ ਗੱਲ ਕਰਨ, ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ 24 ਘੰਟੇ ਜਨਤਾ ਦੇ ਵਿਚਕਾਰ ਰਹਿਣ। ਜਿਸ ਤਰ੍ਹਾਂ ਅਸੀਂ ਅੱਜ ਤੱਕ ਲੋਕਾਂ ਦੀ ਸੇਵਾ ਕਰ ਰਹੇ ਸੀ, ਉਸ ਤੋਂ 10 ਗੁਣਾ ਜ਼ਿਆਦਾ ਲੋਕਾਂ ਦੀ ਸੇਵਾ ਕਰਨੀ ਹੈ।
ਡਾ. ਸੰਦੀਪ ਪਾਠਕ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਕਿ ਉਹ ਜਲਦੀ ਹੀ ਬਾਹਰ ਆਉਣਗੇ ਅਤੇ ਬਾਹਰ ਆਉਣ ਤੋਂ ਬਾਅਦ ਉਹ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਜ਼ਰੂਰ ਪੂਰਾ ਕਰਨਗੇ। ਹਰ ਸਮੇਂ ਉਹ ਦਿੱਲੀ ਦੇ ਲੋਕਾਂ ਬਾਰੇ ਪੁੱਛਦੇ ਰਹੇ ਕਿ ਉਹ ਕਿਵੇਂ ਹਨ, ਕਿਸੇ ਨੂੰ ਕੋਈ ਸਮੱਸਿਆ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਉਹ ਜਿੱਥੇ ਵੀ ਰਹਿੰਦੇ ਹਨ, ਉਨ੍ਹਾਂ ਦਾ ਜੀਵਨ ਸੰਘਰਸ਼ ਭਰਿਆ ਰਿਹਾ ਹੈ ਅਤੇ ਉਹ ਭਵਿੱਖ ਵਿੱਚ ਵੀ ਸੰਘਰਸ਼ ਕਰਦੇ ਰਹਿਣਗੇ।
*ਮੀਡੀਆ ਨਾਲ ਗੱਲ ਕਰਦੇ ਹੋਏ ਵੀ ਭਾਵੁਕ ਹੋਏ ਭਗਵੰਤ ਮਾਨ*
ਸੀਐਮ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਜਦੋਂ ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਡਾ. ਸੰਦੀਪ ਪਾਠਕ ਜੇਲ੍ਹ ਤੋਂ ਬਾਹਰ ਆਏ ਤਾਂ ਉਨ੍ਹਾਂ ਮੀਡੀਆ ਨੂੰ ਸੰਬੋਧਨ ਕੀਤਾ। ਇਸ ਦੌਰਾਨ ਸੀਐਣ ਭਗਵੰਤ ਮਾਨ ਜੇਲ ਵਿਚ ਅਰਵਿੰਦ ਕੇਜਰੀਵਾਲ ਨਾਲ ਕੀਤੇ ਜਾ ਰਹੇ ਵਿਵਹਾਰ ਨੂੰ ਲੈ ਕੇ ਬੇਹੱਦ ਭਾਵੁਕ ਹੋ ਗਏ। ਉਨ੍ਹਾਂ ਦੀਆਂ ਅੱਖਾਂ ‘ਚ ਹੰਝੂ ਸਨ ਅਤੇ ਕੁਝ ਸਮੇਂ ਲਈ ਮੀਡੀਆ ਨਾਲ ਗੱਲ ਨਹੀਂ ਕਰ ਸਕੇ। ਆਪਣੇ ਆਪ ‘ਤੇ ਕਾਬੂ ਪਾ ਕੇ ਅਰਵਿੰਦ ਕੇਜਰੀਵਾਲ ਨਾਲ ਹੋਈ ਮੁਲਾਕਾਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।