ਜੇਕਰ ਸੁਖਬੀਰ ਨੂੰ ਸੱਚਮੁੱਚ ਕਿਸਾਨਾਂ ਦਾ ਦਰਦ ਹੈ ਤਾਂ ਸੰਸਦ ਦਾ ਘਿਰਾਓ ਕਰੇ-ਕੈਪਟਨ ਅਮਰਿੰਦਰ ਸਿੰਘ 

179
Advertisement


• ਨਵੰਬਰ, 2018 ਤੱਕ 10.25 ਲੱਖ ਛੋਟੇ ਤੇ ਸੀਮਾਂਤ ਕਿਸਾਨਾਂ ਦਾ ਕਰਜ਼ਾ ਮੁਆਫੀ ਕਰਨ ਲਈ ਅਗਾਮੀ ਬਜਟ ‘ਚ ਢੁਕਵੀਂ ਵਿਵਸਥਾ ਕਰਨ ਦਾ ਵਾਅਦਾ
ਚੰਡੀਗੜ, 19 ਮਾਰਚ (ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਮੁੱਦੇ ‘ਤੇ ਵਿਧਾਨ ਸਭਾ ਦੇ ਬਾਹਰ ਢਕਵੰਜ ਕਰਨ ਦੀ ਬਜਾਏ ਇਸ ਗੰਭੀਰ ਮੁੱਦੇ ‘ਤੇ ਕੇਂਦਰ ਵਿੱਚ ਅਕਾਲੀ ਦਲ ਦੀ ਭਾਈਵਾਲ ਸਰਕਾਰ ‘ਤੇ ਦਬਾਅ ਬਣਾਉਣ ਲਈ ਸੰਸਦ ਦਾ ਘਿਰਾਓ ਕਰਨ ਦੀ ਚੁਣੌਤੀ ਦਿੱਤੀ ਹੈ।
ਸੁਖਬੀਰ ਬਾਦਲ ਵੱਲੋਂ ਭਲਕੇ ਬਜਟ ਇਜਲਾਸ ਦੇ ਪਹਿਲੇ ਦਿਨ ਵਿਧਾਨ ਸਭਾ ਦਾ ਘਿਰਾਓ ਕਰਨ ਦੇ ਦਿੱਤੇ ਸੱਦੇ ਦੀ ਸਖ਼ਤ ਅਲੋਚਨਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਵੱਲੋਂ ਕਿਸਾਨਾਂ ਦੇ ਮੁੱਦਿਆਂ ‘ਤੇ ਮਗਰਮੱਛ ਦੇ ਹੂੰਝ ਵਹਾਉਣ ਨੂੰ ਹਾਸੋਹੀਣਾ ਦੱਸਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਆਪਣੇ 10 ਸਾਲਾਂ ਦੇ ਸ਼ਾਸਨਕਾਲ ਦੌਰਾਨ ਕਿਸਾਨਾਂ ਦੀ ਭਲਾਈ ਦਾ ਇਕ ਵੀ ਕਦਮ ਚੁੱਕਣ ਵਿੱਚ ਪੂਰੀ ਤਰਾਂ ਨਾਕਾਮ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੀ ਸਰਕਾਰ ਵੇਲੇ ਕਰਜ਼ੇ ਨਾਲ ਜੂਝ ਰਹੀ ਕਿਸਾਨੀ ਵੱਲ ਕਦੇ ਮੂੰਹ ਨਹੀਂ ਕੀਤਾ ਜਦਕਿ ਹੁਣ ਕਿਸਾਨਾਂ ਦੇ ਮੁਦੱਈ ਹੋਣ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਅਕਾਲੀਆਂ ਨੇ ਪਿਛਲੇ ਚਾਰ ਸਾਲਾਂ ਵਿੱਚ ਮੁਲਕ ਦੇ ਕਿਸਾਨਾਂ ਲਈ ਕਰਜ਼ਾ ਮੁਆਫੀ ਸਕੀਮ ਲਿਆਉਣ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਜ਼ੋਰ ਪਾਉਣ ਲਈ ਕੁਝ ਵੀ ਨਹੀਂ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਮੁੱਦੇ ‘ਤੇ ਸੁਖਬੀਰ ਦਾ ਸਟੈਂਡ ਬੇਤੁੱਕਾ ਹੈ ਕਿਉਂ ਜੋ ਕੇਂਦਰੀ ਕੈਬਨਿਟ ਵਿੱਚ ਉਸ ਦੀ ਪਤਨੀ ਮੈਂਬਰ ਅਤੇ ਉਸ ਦੀ ਪਾਰਟੀ ਭਾਜਪਾ ਦੀ ਸਹਿਯੋਗੀ ਹੋਣ ਦੇ ਬਾਵਜੂਦ ਅਕਾਲੀ ਦਲ ਦੇ ਪ੍ਰਧਾਨ ਨੇ ਕਰਜ਼ੇ ਦੇ ਬੋਝ ਹੇਠ ਦੱਬੇ ਪੰਜਾਬ ਦੇ ਕਿਸਾਨਾਂ ਵਾਸਤੇ ਕੇਂਦਰ ਦੀ ਸਹਾਇਤਾ ਲਈ ਕੋਈ ਚਾਰਾਜੋਈ ਨਹੀਂ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਨੂੰ ਕਿਸਾਨਾਂ ਦੀ ਹਾਲਤ ਪ੍ਰਤੀ ਸੱਚਮੁੱਚ ਹੀ ਥੋੜਾ-ਬਹੁਤ ਚਿੰਤਾ ਹੈ ਤਾਂ ਉਸ ਨੂੰ ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਇਸ ਮਸਲੇ ‘ਤੇ ਫੋਕੀ ਵਾਹ-ਵਾਹ ਖੱਟਣ ਦੀ ਬਜਾਏ ਇਸ ਨੂੰ ਬੀਤੇ ਚਾਰ ਸਾਲਾਂ ਵਿੱਚ ਕੇਂਦਰ ਸਰਕਾਰ ਕੋਲ ਚੁੱਕਣਾ ਚਾਹੀਦਾ ਸੀ ਤਾਂ ਕਿ ਕਿਸਾਨਾਂ ਨੂੰ ਕੁਝ ਰਾਹਤ ਮਿਲ ਜਾਂਦੀ।
ਆਉਂਦੀ 24 ਮਾਰਚ ਨੂੰ ਵਿਧਾਨ ਸਭਾ ਦੇ ਸਾਲ 2018-19 ਦੇ ਬਜਟ ਵਿੱਚ ਕਿਸਾਨਾਂ ਦੀ ਕਰਜ਼ਾ ਮੁਆਫੀ ਬਾਰੇ ਢੁਕਵੀ ਵਿਵਸਥਾ ਕਰਨ ਦਾ ਵਾਅਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁੱਦੇ ‘ਤੇ ਉਨਾਂ ਦੀ ਸਰਕਾਰ ਪੂਰੀ ਤਰਾਂ ਵਚਨਬੱਧ ਹੈ ਜੋ ਹੁਣ ਤੱਕ ਇਸ ਪਾਸੇ ਵੱਲ ਚੁੱਕੇ ਕਦਮਾਂ ਤੋਂ ਪ੍ਰਤੱਖ ਜ਼ਾਹਰ ਹੁੰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਰਜ਼ਾ ਮੁਆਫੀ ਸਕੀਮ ਹੇਠ ਨਵੰਬਰ, 2018 ਤੱਕ 10.25 ਲੱਖ ਛੋਟੇ ਤੇ ਸੀਮਾਂਤ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਣਾ ਹੈ ਜਿਨਾਂ ਵਿੱਚੋਂ 82 ਹਜ਼ਾਰ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਦਿੱਤੇ ਵੀ ਜਾ ਚੁੱਕੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਸਾਡੀ ਸਰਕਾਰ ਨੂੰ ਅਕਾਲੀ-ਭਾਜਪਾ ਗੱਠਜੋੜ ਪਾਸੋਂ ਵਿਰਸੇ ਵਿੱਚ ਮਿਲੇ ਗੰਭੀਰ ਵਿੱਤੀ ਸੰਕਟ ਦੇ ਬਾਵਜੂਦ ਕਿਸਾਨਾਂ ਲਈ ਐਲਾਨੀ ਕਰਜ਼ਾ ਮੁਆਫੀ ਸਕੀਮ ਸਹੀ ਦਿਸ਼ਾ ਵਿੱਚ ਚੱਲ ਰਹੀ ਹੈ। ਉਨਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਕਿਸਾਨਾਂ ਪ੍ਰਤੀ ਗੈਰ-ਜ਼ਿੰਮੇਵਾਰਾਨਾ ਰਵੱਈਏ ਦੇ ਉਲਟ ਇਹ ਸਕੀਮ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿੱਚ ਪਿਛਲੇ ਇਕ ਸਾਲ ਦੌਰਾਨ ਵਿਧਾਨ ਸਭਾ ਚੋਣਾਂ ਸਮੇਤ ਵੱਖ-ਵੱਖ ਚੋਣਾਂ ‘ਚ ਮੂਧੇ ਮੂੰਹ ਡਿੱਗਣ ਪਿੱਛੋਂ ਡਾਢੀ ਨਮੋਸ਼ੀ ਦਾ ਸਾਹਮਣਾ ਕਰ ਰਹੇ ਅਕਾਲੀ ਵਜੂਦ ਕਾਇਮ ਕਰਨ ਲਈ ਤਰਲੋਮੱਛੀ ਹੋ ਰਹੇ ਹਨ।
ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਘਿਰਾਓ ਦਾ ਸੱਦਾ ਦੇ ਕੇ ਜਮਹੂਰੀ ਸੰਸਥਾ ਦੀ ਪਵਿੱਤਰਤਾ ਨੂੰ ਢਾਹ ਲਾਉਣ ਦੇ ਕੀਤੇ ਕੋਝੇ ਯਤਨ ਲਈ ਸੁਖਬੀਰ ਨੂੰ ਲੰਮੇ ਹੱਥੀਂ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸੁਖਬੀਰ ਕੋਲ ਸਹੀ ਮਾਅਨਿਆਂ ਵਿੱਚ ਕਾਂਗਰਸ ਸਰਕਾਰ ਵਿਰੁੱਧ ਕੋਈ ਠੋਸ ਮੁੱਦਾ ਹੈ ਤਾਂ ਉਸ ਨੂੰ ਅਜਿਹੇ ਸ਼ਰਮਨਾਕ ਹੱਥਕੰਡੇ ਅਪਣਾਉਣ ਦੀ ਬਜਾਏ ਸਦਨ ਵਿੱਚ ਰਿਕਾਰਡ ‘ਤੇ ਲਿਆਉਣਾ ਚਾਹੀਦਾ ਹੈ।

Advertisement

LEAVE A REPLY

Please enter your comment!
Please enter your name here