ਜਾਖੜ ਵੱਲੋਂ ਸਾਂਪਲਾ ਨੂੰ ਨਿੱਜੀ ਹਮਲੇ ਕਰਨ ਦੀ ਬਜਾਏ ਗੰਭੀਰ ਮਸਲਿਆਂ ’ਤੇ ਬਹਿਸ ਦੀ ਚੁਣੌਤੀ

532
Advertisement

ਪਠਾਨਕੋਟ, 29 ਸਤੰਬਰ (ਵਿਸ਼ਵ ਵਾਰਤਾ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਦੇ ਉਮੀਦਵਾਰ ਸੁਨੀਲ ਜਾਖੜ ਨੇ ਸੁਖਬੀਰ ਬਾਦਲ ਅਤੇ ਵਿਜੇ ਸਾਂਪਲਾ ਵੱਲੋਂ ਉਨਾਂ ’ਤੇ ਕੀਤੇ ਨਿੱਜੀ ਹਮਲਿਆਂ ਖਿਲਾਫ ਪਲਟਵਾਰ ਕਰਦਿਆਂ ਇਨਾਂ ਦੋਵਾਂ ਆਗੂਆਂ ਨੂੰ ਹੋਛੀ ਬਿਆਨਬਾਜ਼ੀ ਕਰਨ ਦੀ ਬਜਾਏ ਗੰਭੀਰ ਮੁੱਦਿਆਂ ’ਤੇ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ।

ਅੱਜ ਸਵੇਰੇ ਪਿੰਡ ਨੰਗਲ ਤੋਂ ਘਿਆਲਾ ਤੱਕ ਸੈਂਕੜੇ ਕਾਰਾਂ ਅਤੇ ਮੋਟਰ ਸਾਇਕਲਾਂ ਨਾਲ ਰੋਡ ਸ਼ੋਅ ਕਰਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਪਿੰਡਾਂ ਤੇ ਸ਼ਹਿਰੀ ਇਲਾਕਿਆਂ ਵਿੱਚ ਵਰਕਰਾਂ ਨਾਲ ਲੜੀਵਾਰ ਮੀਟਿੰਗਾਂ ਦੌਰਾਨ ਆਪਦੇ ਸੰਬੋਧਨ ਵਿੱਚ ਸ੍ਰੀ ਜਾਖੜ ਨੇ ਅਕਾਲੀ ਤੇ ਭਾਜਪਾ ਆਗੂਆਂ ਦੀ ਮੁੱਦਾਹੀਣ ਬਿਆਨਬਾਜ਼ੀ ਲਈ ਸਖਤ ਆਲੋਚਨਾ ਕੀਤੀ।

ਸਾਂਪਲਾ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਸਹੁਰਾ ਪਰਿਵਾਰ ਸਵਿਟਜ਼ਰਲੈਂਡ ਵਿੱਚ ਰਹਿੰਦਾ ਹੋਣ ਅਤੇ ਜਾਖੜ ਦੇ ਜੱਦੀ ਸ਼ਹਿਰ ਅਬੋਹਰ ਨੂੰ ਕੋਈ ਬੱਸ ਨਾ ਜਾਣ ਦੀ ਕੀਤੀ ਟਿੱਪਣੀ ’ਤੇ ਮੋੜਵਾਂ ਜਵਾਬ ਦਿੰਦਿਆਂ ਸ੍ਰੀ ਜਾਖੜ ਨੇ ਆਖਿਆ ਕਿ ਇਨਾਂ ਲੀਡਰਾਂ ਨੂੰ ਗੁਰਦਾਸਪੁਰ ਲੋਕ ਸਭਾ ਸੀਟ ਲਈ ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਦੀ ਹਾਰ ਸਪਸ਼ਟ ਦਿਸ ਰਹੀ ਹੈ ਜਿਸ ਕਰਕੇ ਨਿਰਾਸ਼ਾ ਦੇ ਆਲਮ ਵਿੱਚ ਡੁੱਬੇ ਆਗੂ ਮੂਰਖਤਾਨਾ ਬਿਆਨਬਾਜ਼ੀ ਕਰ ਰਹੇ ਹਨ।

ਸ੍ਰੀ ਜਾਖੜ ਨੇ ਆਖਿਆ ਕਿ ਜੇਕਰ ਸਾਂਪਲਾ ਗੁਰਦਾਸਪੁਰ ਅਤੇ ਇੱਥੋਂ ਦੇ ਵਾਸੀਆਂ ਦੀ ਭਲਾਈ ਲਈ ਸੱਚਮੁਚ ਹੀ ਗੰਭੀਰ ਹੈ ਤਾਂ ਉਸ ਨੂੰ ਇਸ ਖੇਤਰ ਦੀ ਤਰੱਕੀ ਲਈ ਮੋਦੀ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਖੇਤੀ ਸਨਅਤ ਵਿਕਾਸ ਲਈ ਇਸ ਖੇਤਰ ਵਿੱਚ ਅਥਾਹ ਸੰਭਾਵਨਾਵਾਂ ਹਨ। ਉਨਾਂ ਆਖਿਆ ਕਿ ਲੋਕ ਅਜਿਹੀਆਂ ਬੇਤੁੱਕੀਆਂ ਗੱਲਾਂ ਸੁਣਨੀਆਂ ਨਹੀਂ ਚਾਹੁੰਦੇ ਸਗੋਂ ਉਹ ਚੰਗੀ ਸਿਹਤ ਸੰਭਾਲ, ਸਿੱਖਿਆ, ਰੋਜ਼ਗਾਰ ਅਤੇ ਜ਼ਰੂਰੀ ਵਸਤਾਂ ਦੀਆਂ ਘੱਟ ਕੀਮਤਾਂ ਵਰਗੀਆਂ ਗੱਲਾਂ ਸੁਣਨੀਆਂ ਚਾਹੁੰਦੇ ਹਨ।

ਸ੍ਰੀ ਜਾਖੜ ਨੇ ਆਖਿਆ ਕਿ ਅਕਾਲੀ ਸਰਕਾਰ ਦੌਰਾਨ ਇਕੱਲੇ ਪਠਾਨਕੋਟ ਵਿੱਚ ਹੀ 4000 ਝੂਠੇ ਕੇਸ ਦਰਜ ਕੀਤੇ ਗਏ ਹਨ ਅਤੇ ਜਾਂਚ ਵਿੱਚ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਿਆਂ ਦੀ ਸਮੱਸਿਆ ਨਾਲ ਬੁਰੀ ਤਰਾਂ ਜਕੜ ਦੇਣ ਦਾ ਜ਼ਿਕਰ ਕਰਦਿਆਂ ਸ੍ਰੀ ਜਾਖੜ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਰਫ ਛੇ ਮਹੀਨਿਆਂ ਵਿੱਚ ਨਸ਼ਿਆਂ ਦੇ ਕਾਰੋਬਾਰ ਦਾ ਲੱਕ ਤੋੜ ਕੇ ਆਪਣੇ ਵਾਅਦੇ ਨੂੰ ਪੁਗਾ ਦਿੱਤਾ ਹੈ।

ਪਿਛਲੇ ਸਾਲ ਦਸਿਹਰੇ ਮੌਕੇ ਮੁੱਖ ਮੰਤਰੀ ਵੱਲੋਂ ਚਿੱਟਾ ਰਾਵਣ ਸਾੜੇ ਜਾਣ ਨੂੰ ਚੇਤੇ ਕਰਦਿਆਂ ਸ੍ਰੀ ਜਾਖੜ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਭਲਕੇ ਪਠਾਨਕੋਟ ਵਿਖੇ ਦਸਿਹਰੇ ਦੇ ਤਿਉਹਾਰ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ ਜਿੱਥੇ ਉਹ ਲੋਕਾਂ ਨੂੰ ਸੂਬੇ ਵਿੱਚੋਂ ਚਿੱਟੇ ਦਾ ਖੁਰਾ-ਖੋਜ ਮਿਟਾ ਦੇਣ ਬਾਰੇ ਲੋਕਾਂ ਨੂੰ ਦੱਸਣਗੇ।

ਸ੍ਰੀ ਜਾਖੜ ਨੇ ਕਿਹਾ ਕਿ ਵਿਕਾਸਮੁਖੀ ਪਹੁੰਚ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਸੂਬੇ ਦੇ ਅਰਥਚਾਰੇ ਦੀ ਪੁਨਰਸੁਰਜੀਤੀ ਨੂੰ ਗਤੀ ਦੇ ਦਿੱਤੀ ਹੈ ਅਤੇ ਅਗਲੇ ਸਾਢੇ ਚਾਰ ਸਾਲਾਂ ’ਚ ਉਹ ਇਸ ਨੂੰ ਜੋਬਨ ’ਤੇ ਲੈ ਆਉਣਗੇ। ਉਨਾਂ ਵਾਅਦਾ ਕੀਤਾ ਕਿ ਉਹ ਮੁੱਖ ਮੰਤਰੀ ਦੀ ਮਦਦ ਨਾਲ ਸਾਰੇ ਸਥਾਨਕ ਮੁੱਦਿਆਂ ਨੂੰ ਹੱਲ ਕਰਨਗੇ। ਸ੍ਰੀ ਜਾਖੜ ਨੇ ਕਿਹਾ ਕਿ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਫਤਵਾ ਦਿੱਤਾ ਹੈ ਜਿਨਾਂ ਨੇ ਪਹਿਲਾਂ ਹੀ ਕਿਸਾਨੀ ਕਰਜ਼ਾ ਮੁਆਫ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਸੂਬੇ ਵਿਚ ਰੁਜ਼ਗਾਰ ਪੈਦਾ ਕਰਨ, ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਸਨਅਤੀ ਵਿਕਾਸ ਨੂੰ ਬੜਾਵਾ ਦੇਣ ਲਈ ਅਨੇਕਾਂ ਫੈਸਲੇ ਲਏ ਹਨ।

ਕੇਂਦਰ ਦੀਆਂ ਨੀਤੀਆਂ ਉੱਤੇ ਸਵਾਲ ਉਠਾਉਂਦੇ ਹੋਏ ਸ੍ਰੀ ਜਾਖੜ ਨੇ ਕਿਹਾ ਕਿ ਇਨਾਂ ਨੇ ਦੇਸ਼ ਲਈ ਗੰਭੀਰ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਨੋਟਬੰਦੀ ਅਤੇ ਜੀ.ਐਸ.ਟੀ ਦੇ ਮਾਰੂ ਪ੍ਰਭਾਵ ਦਿਸਣ ਲੱਗ ਪਏ ਹਨ ਜੋ ਕਿ ਅੱਗੇ ਹੋਰ ਤਬਾਹੀ ਲਿਆਉਣਗੇ। ਉਨਾਂ ਕਿਹਾ ਕਿ ਮੋਦੀ ਸਰਕਾਰ ਪੰਜਾਬ ਨੂੰ ਜੀ.ਐਸ.ਟੀ ਦੀ ਕਿਸ਼ਤ ਸਮੇਂ ਸਿਰ ਜਾਰੀ ਕਰਨ ਵਿਚ ਅਸਫਲ ਰਹੀ ਹੈ ਜਿਸ ਕਾਰਨ ਇਸ ਨੇ ਸੂਬੇ ਲਈ ਵਿੱਤੀ ਮੋਰਚੇ ਉੱਤੇ ਮੁਸ਼ਕਲਾਂ ਪੈਦਾ ਕੀਤੀਆਂ ਹਨ।

ਸ੍ਰੀ ਜਾਖੜ ਨੇ ਉਲਟਾ ਸਵਾਲ ਕਰਦੇ ਹੋਏ ਪੁੱਛਿਆ ਕਿ ਉਹ ਕਾਲਾ ਧੰਨ ਕਿੱਥੇ ਗਿਆ ਜਿਸ ਦੀ ਪ੍ਰਧਾਨ ਮੰਤਰੀ ਗੱਲ ਕਰਦੇ ਸਨ। ਨੋਟਬੰਦੀ ਦੇ ਮਾਮਲੇ ਉੱਤੇ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕਰਦੇ ਹੋਏ ਉਨਾਂ ਕਿਹਾ ਕਿ ਮੋਦੀ ਸਰਕਾਰ ਵੱਖ ਵੱਖ ਦਾਅਵੇ ਕਰਨ ਦੇ ਬਾਵਜੂਦ ਪਾਕਿਸਤਾਨੀ ਘੁਸਪੈਠ ਨੂੰ ਰੋਕਣ ਵਿਚ ਅਸਫ਼ਲ ਰਹੀ ਹੈ।

ਮੋਦੀ ਸਰਕਾਰ ਨੂੰ ਕਾਰਪੋਰੇਟਜ਼ ਦੀ ਸਰਕਾਰ ਦੱਸਦੇ ਹੋਏ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਇੱਕ ਪਾਸੇ ਐਲ.ਪੀ.ਜੀ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ ਅਤੇ ਦੂਜੇ ਪਾਸੇ ਪ੍ਰਧਾਨ ਮੰਤਰੀ ‘ਘਰ ਘਰ ਚੁੱਲਾ’ ਦਾ ਵਾਅਦਾ ਕਰ ਰਹੇ ਹਨ ਜੋ ਕਿ ਉਨਾਂ ਲਈ ਇਕ ਮਜ਼ਾਕ ਬਣ ਗਿਆ ਹੈ ਜੋ ਐਲ.ਪੀ.ਜੀ ਸਲੈਂਡਰ ਪ੍ਰਾਪਤ ਕਰਨ ਲਈ ਮੁਸ਼ਕਲ ਮਹਿਸੂਸ ਕਰ ਰਹੇ ਹਨ।

ਸ੍ਰੀ ਜਾਖੜ ਦੇ ਨਾਲ ਪਠਾਨਕੋਟ ਦੇ ਵਿਧਾਇਕ ਅਮਿਤ ਬੇਦੀ, ਲੁਧਿਆਣਾ ਤੋਂ ਐਮ.ਪੀ. ਰਵਨੀਤ ਬਿੱਟੂ, ਪੰਜਾਬ ਪ੍ਰਦੇਸ਼ ਕਾਂਗਰਸ ਦੀ ਮਹਿਲਾ ਵਿੰਗ ਦੀ ਪ੍ਰਧਾਨ ਮਮਤਾ ਦੱਤਾ, ਵਿਧਾਇਕ ਨੱਥੂ ਰਾਮ ਚੌਧਰੀ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਵੀ ਹਾਜ਼ਰ ਸਨ।

Advertisement

LEAVE A REPLY

Please enter your comment!
Please enter your name here