ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਖਰਚੇ ਦੇ ਅੰਤਿਮ ਮਿਲਾਨ ਤੋਂ ਪਹਿਲਾਂ ਜਿਮਨੀ ਚੋਣ ਲੜਨ ਵਾਲੇ ਉਮੀਦਵਾਰਾਂ ਲਈ ਟ੍ਰੇਨਿੰਗ ਸੈਸ਼ਨ
ਖਰਚਾ ਰਜਿਸਟਰ ਨਾਲ ਲਗਾਏ ਜਾਣ ਵਾਲੇ ਦਸਤਾਵੇਜ਼ਾਂ ਬਾਰੇ ਦਿੱਤੀ ਜਾਣਕਾਰੀ
ਜਲੰਧਰ, 1 ਜੂਨ (ਵਿਸ਼ਵ ਵਾਰਤਾ):- ਲੋਕ ਸਭਾ ਹਲਕੇ ਦੀ ਜਿਮਨੀ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਚੋਣ ਖਰਚੇ ਸਬੰਧੀ ਮੁਕੰਮਲ ਲੇਖਾ-ਜੋਖਾ ਤਿਆਰ ਕਰਨ ਵਿੱਚ ਸਹੂਲਤ ਦੇਣ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਖਰਚੇ ਦੇ ਅੰਤਿਮ ਮਿਲਾਨ ਤੋਂ ਪਹਿਲਾਂ ਅੱਜ ਇਕ ਟ੍ਰੇਨਿੰਗ ਸੈਸ਼ਨ ਕਰਵਾਇਆ ਗਿਆ।
ਟ੍ਰੇਨਿੰਗ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ ਨੇ ਦੱਸਿਆ ਕਿ ਲੋਕ ਸਭਾ ਹਲਕਾ ਜਲੰਧਰ ਦੀ ਜਿਮਨੀ ਚੋਣ ਲਈ 10 ਮਈ ਵੋਟਾਂ ਪੈਣ ਉਪਰੰਤ 13 ਮਈ ਨੂੰ ਨਤੀਜਿਆਂ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਚੋਣ ਨਤੀਜੇ ਦੇ ਐਲਾਨ ਉਪਰੰਤ 30 ਦਿਨਾਂ ਦੇ ਅੰਦਰ-ਅੰਦਰ ਭਾਵ 12 ਜੂਨ 2023 ਤੱਕ ਚੋਣ ਖਰਚੇ ਦਾ ਮੁਕੰਮਲ ਤੇ ਦਰੁੱਸਤ ਹਿਸਾਬ ਜ਼ਿਲ੍ਹਾ ਚੋਣ ਅਫ਼ਸਰ ਪਾਸ ਜਮ੍ਹਾ ਕਰਵਾਇਆ ਜਾਣਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਦੇ ਨਾਲ ਚੋਣ ਖਰਚੇ ਸਬੰਧੀ ਅਬਸਟ੍ਰੈਕਟ ਸਟੇਟਮੈਂਟ 1 ਤੋਂ 4 ਸਮੇਤ ਸ਼ਡਿਊਲ 1 ਤੋਂ 11 ਜ਼ਿਲ੍ਹਾ ਚੋਣ ਅਫ਼ਸਰ ਪਾਸ ਜਮ੍ਹਾ ਕਰਵਾਉਣੀ ਹੋਵੇਗੀ। ਇਸ ਕੰਮ ਵਿੱਚ ਉਮੀਦਵਾਰਾਂ ਦੀ ਸਹੂਲਤ ਲਈ ਉਮੀਦਵਾਰਾਂ ਅਤੇ ਉਨ੍ਹਾਂ ਦੇ ਚੋਣ ਏਜੰਟਾਂ ਨੂੰ ਲੋੜੀਂਦੀ ਸਿਖਲਾਈ ਪ੍ਰਦਾਨ ਕੀਤੀ ਗਈ ਹੈ।
ਸਿਖਲਾਈ ਸੈਸ਼ਨ ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਚੋਣ ਏਜੰਟਾਂ ਨੂੰ ਖਰਚਾ ਰਜਿਸਟਰ ਨਾਲ ਲਗਾਏ ਜਾਣ ਵਾਲੇ ਦਸਤਾਵੇਜ਼ਾਂ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਗਈ ਤਾਂ ਜੋ ਅਕਾਊਂਟ ਰੀਕਨਸਾਈਲੇਸ਼ਨ ਮੀਟਿੰਗ ਵਿੱਚ ਕਿਸੇ ਕਿਸਮ ਦੀ ਔਕੜ ਪੇਸ਼ ਨਾ ਆਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 8 ਜੂਨ ਨੂੰ ਖਰਚਾ ਅਬਜ਼ਰਵਰ ਦੀ ਮੌਜੂਦਗੀ ਵਿੱਚ ਖਰਚਾ ਨਿਗਰਾਨ ਟੀਮਾਂ ਵੱਲੋਂ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦਾ ਖਰਚਾ ਟੀਮਾਂ ਵੱਲੋਂ ਮੇਨਟੇਨ ਕੀਤੇ ਸ਼ੈਡੋ ਅਬਜ਼ਰਵੇਸ਼ਨ ਰਜਿਸਟਰਾਂ ਨਾਲ ਅੰਤਿਮ ਮਿਲਾਨ ਕੀਤਾ ਜਾਣਾ ਹੈ। ਉਨ੍ਹਾਂ ਇਸ ਮੌਕੇ ਸਹਾਇਕ ਖਰਚਾ ਨਿਗਰਾਨਾਂ ਨੂੰ ਨਾਮਜ਼ਦਗੀ ਭਰਨ ਤੋਂ ਲੈ ਕੇ ਗਿਣਤੀ ਵਾਲੇ ਦਿਨ ਤੱਕ ਉਮੀਦਵਾਰ ਵੱਲੋਂ ਖਰਚ ਕੀਤੇ ਗਏ ਇਕ-ਇਕ ਪੈਸੇ ਦੇ ਮੁਕੰਮਲ ਲੇਖੇ-ਜੋਖੇ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ। ਇਸ ਮੌਕੇ ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ ਆਦਿ ਵੀ ਮੌਜੂਦ ਸਨ।