ਮੁਹਿੰਮ ਤਹਿਤ ਜ਼ਿਲ੍ਹੇ ਦੇ ਸਕੂਲਾਂ ਦੇ 1.25 ਲੱਖ ਵਿਦਿਆਰਥੀਆਂ ਦੀਆਂ ਅੱਖਾਂ ਦੀ ਕੀਤੀ ਜਾਵੇਗੀ ਸੰਪੂਰਨ ਜਾਂਚ: ਧੀਮਾਨ
ਜ਼ਿਲ੍ਹੇ ਦੇ 11 ਸਿੱਖਿਆ ਬਲਾਕਾਂ ਵਿੱਚ ਮੁਹਿੰਮ ਦੀ ਸ਼ੁਰੂਆਤ
ਫ਼ਿਰੋਜ਼ਪੁਰ, 11 ਅਗਸਤ 2023( ਵਿਸ਼ਵ ਵਾਰਤਾ)- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਦੀ ਅਗਵਾਈ ਹੇਠ ਅੱਜ ਜ਼ਿਲ੍ਹੇ ਵਿੱਚ “ਨਿਰੋਗ ਨਜ਼ਰ ਮੁਹਿੰਮ” ਸ਼ੁਰੂ ਕੀਤੀ ਗਈ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਨਿਗਰਾਨੀ ਹੇਠ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਉਨ੍ਹਾਂ ਦੇ ਸਕੂਲਾਂ ਵਿੱਚ ਜਾ ਕੇ ਅੱਖਾਂ ਦੀ ਸੰਪੂਰਨ ਜਾਂਚ ਕੀਤੀ ਜਾਵੇਗੀ ਅਤੇ ਰੈੱਡ ਕਰਾਸ ਵੱਲੋਂ ਜਿਹੜੇ ਵਿਦਿਆਰਥੀਆਂ ਦੀ ਨਿਗ੍ਹਾ ਕਮਜ਼ੋਰ ਹੋਈ ਉਨ੍ਹਾਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਜਾਣਗੀਆਂ ਅਤੇ ਜੇਕਰ ਹੋਰ ਕੋਈ ਅੱਖਾਂ ਦੀ ਬੀਮਾਰੀ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਦਾ ਮਾਹਿਰ ਡਾਕਟਰਾਂ ਤੋਂ ਯੋਗ ਇਲਾਜ ਕਰਵਾਇਆ ਜਾਵੇਗਾ। ਇਸ ਮੁਹਿੰਮ ਦੀ ਸ਼ੁਰੂਆਤ ਅੱਜ ਫਿਰੋਜ਼ਪੁਰ ਦੇ ਸਰਕਾਰੀ ਪ੍ਰਾਇਮਰੀ ਮਾਡਲ ਸਕੂਲ ਫਿਰੋਜ਼ਪੁਰ ਸ਼ਹਿਰ ਤੋਂ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਦਿਆਰਥੀਆਂ ਦੀਆਂ ਅੱਖਾਂ ਦੀ ਸੰਪੂਰਨ ਜਾਂਚ ਤੋਂ ਬਾਅਦ ਲੋੜ ਅਨੁਸਾਰ ਇਲਾਜ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਆਈ ਫਲੂ ਦੇ ਕੇਸ ਵੀ ਕਾਫੀ ਦੇਖਣ ਨੂੰ ਆ ਰਹੇ ਹਨ ਅਤੇ ਕੋਵਿਡ ਸਮੇਂ ਦੌਰਾਨ ਬੱਚਿਆਂ ਦੀ ਆਨਲਾਈਨ ਪੜ੍ਹਾਈ, ਮੋਬਾਈਲ ਦੀ ਜ਼ਿਆਦਾ ਵਰਤੋਂ, ਟੀ.ਵੀ. ਦੇਖਣ ਨਾਲ ਅੱਖਾਂ ਦੀ ਕਾਫੀ ਸਮੱਸਿਆ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੀਆਂ ਅੱਖਾਂ ਦੀ ਸੰਪੂਰਨ ਜਾਂਚ ਹੋਵੇਗੀ ਅਤੇ ਲੋੜ ਪੈਣ ਤੇ ਹਰ ਤਰ੍ਹਾਂ ਦਾ ਇਲਾਜ ਰੈੱਡ ਕਰਾਸ ਸੁਸਾਇਟੀ ਰਾਹੀਂ ਮਾਹਿਰ ਡਾਕਟਰਾਂ ਤੋਂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਚਪਨ ਵਿੱਚ ਹੀ ਬੱਚਿਆਂ ਦੀ ਨਜ਼ਰ ਦੀ ਜਾਂਚ ਬਹੁਤ ਜ਼ਰੂਰੀ ਹੈ, ਕਿਉਂਕਿ ਜੇਕਰ ਇਕ ਵਾਰ ਅੱਖਾਂ ਨੂੰ ਕਿਸੇ ਤਰ੍ਹਾਂ ਦੀ ਕਮਜ਼ੋਰੀ ਜਾਂ ਬਿਮਾਰੀ ਹੋ ਜਾਵੇ ਤਾਂ ਉਸ ਨੂੰ ਵੇਲੇ ਸਿਰ ਹੀ ਠੀਕ ਕੀਤਾ ਜਾ ਸਕਦਾ ਹੈ, ਪਰੰਤੂ ਜੇਕਰ ਜ਼ਿਆਦਾ ਦੇਰ ਹੋ ਜਾਵੇ ਤਾਂ ਇਹ ਬਿਮਾਰੀ ਲਾ-ਇਲਾਜ਼ ਹੋ ਜਾਂਦੀ ਹੈ। ਇਸ ਲਈ ਸ਼ੁਰੂ ਵਿੱਚ ਹੀ ਅੱਖਾਂ ਦੀ ਨਜ਼ਰ ਚੈਕ ਕਰਵਾ ਕੇ ਉਸ ਦਾ ਮੁੱਢਲੀ ਅਵੱਸਥਾ ਵਿੱਚ ਹੀ ਇਲਾਜ਼ ਕਰਵਾਉਣਾ ਜ਼ਰੂਰੀ ਹੈ।
ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹੇ ਦੇ 11 ਸਿੱਖਿਆ ਬਲਾਕਾਂ ਨਾਲ ਸਬੰਧਤ ਸਕੂਲਾਂ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਜ਼ਿਲ੍ਹੇ ਦੇ ਸਕੂਲਾਂ ਦੇ 1.25 ਲੱਖ ਦੇ ਕਰੀਬ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਹਰੇਕ ਵਿਦਿਆਰਥੀ ਦੀਆਂ ਅੱਖਾਂ ਦੀ ਸੰਪੂਰਨ ਜਾਂਚ ਅਤੇ ਉਨ੍ਹਾਂ ਨੂੰ ਮੁਫ਼ਤ ਇਲਾਜ, ਐਨਕਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ “ਨਿਰੋਗ ਨਜ਼ਰ ਮੁਹਿੰਮ” ਦਾ ਨਾਮ ਦਿੱਤਾ ਗਿਆ ਹੈ ਕਿਉਂਕਿ ਸਾਡੀਆਂ ਅੱਖਾਂ ਦਾ ਤੰਦਰੁਸਤ ਹੋਣਾ ਹੀ ਸਾਡੀ ਪੜ੍ਹਾਈ ਤੇ ਰੋਜ਼ਾਨਾ ਜੀਵਨ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀਆਂ ਦੀ ਨਿਗ੍ਹਾ ਕਮਜ਼ੋਰ ਹੈ ਤਾਂ ਉਹ ਆਪਣੀ ਪੜ੍ਹਾਈ ਚੰਗੀ ਤਰ੍ਹਾਂ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਤੇ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਲਈ ਵੱਖ-ਵੱਖ ਤਰ੍ਹਾਂ ਦੀ ਸਿਹਤ ਜਾਂਚ ਜਾਰੀ ਰੱਖੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ “ਨਿਰੋਗ ਨਜ਼ਰ ਮੁਹਿੰਮ” ਤਹਿਤ ਜ਼ਿਲ੍ਹੇ ਦੇ ਹਰੇਕ ਸਿੱਖਿਆ ਬਲਾਕ ਵਿੱਚ ਇੱਕ ਅੱਖਾਂ ਦੀ ਜਾਂਚ ਟੀਮ ਲਗਾਈ ਜਾਵੇਗੀ ਜੋ ਕਿ ਹਰੇਕ ਵਿਦਿਆਰਥੀ ਦੀਆਂ ਅੱਖਾਂ ਦੀ ਜਾਂਚ ਕਰੇਗੀ ਅਤੇ ਕਮਜ਼ੋਰ ਨਜ਼ਰ ਵਾਲੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ/ਰੈੱਡ ਕਰਾਸ ਵੱਲੋਂ ਮੁਫ਼ਤ ਐਨਕਾਂ ਦਿੱਤੀਆਂ ਜਾਣਗੀਆਂ ਅਤੇ ਜਿਨ੍ਹਾਂ ਵਿਦਿਆਰਥੀਆਂ ਨੂੰ ਸਰਜਰੀ ਦੀ ਜ਼ਰੂਰਤ ਹੋਵੇਗੀ ਉਨ੍ਹਾਂ ਨੂੰ ਸਪੈਸ਼ਲ/ਸੁਪਰ ਸਪੈਸ਼ਲਟੀ ਡਾਕਟਰਾਂ ਤੋਂ ਚੈਕ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਉਦੋਂ ਤੱਕ ਚੱਲੇਗੀ ਜਦੋਂ ਤੱਕ ਹਰੇਕ ਵਿਦਿਆਰਥੀ ਦੀਆਂ ਅੱਖਾਂ ਦਾ ਚੈਕਅਪ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ ਕਿ ਰੈੱਡ ਕਰਾਸ ਸੁਸਾਇਟੀ ਅਤੇ ਰਾਸ਼ਟਰੀ ਬਾਲ ਸਵੱਸਥ ਪ੍ਰੋਗਰਾਮ ਦੀਆਂ ਟੀਮਾਂ ਵੱਲੋਂ ਇਹ ਕੰਮ ਮਿਸ਼ਨਰੀ ਭਾਵਨਾ ਤਹਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੱਚਿਆਂ ਦੀਆਂ ਹੋਰ ਸਰੀਰਕ ਬਿਮਾਰੀਆਂ ਦੀ ਰੈਡ ਕਰਾਸ ਵੱਲੋਂ ਜਾਂਚ ਤੇ ਇਲਾਜ ਕਰਵਾਇਆ ਜਾਵੇਗਾ ਤਾਂ ਜੋ ਬੱਚਿਆਂ ਨੂੰ ਤੰਦਰੁਸਤ ਤੇ ਸਿਹਤਮੰਦ ਬਣਾਇਆ ਜਾ ਸਕੇ।
ਇਸ ਮੌਕੇ ਐਸ.ਡੀ.ਐਮ. ਸ੍ਰੀ ਗਗਨਦੀਪ ਸਿੰਘ, ਸਕੱਤਰ ਰੈੱਡ ਕਰਾਸ ਸ੍ਰੀ ਅਸ਼ੋਕ ਬਹਿਲ, ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਚਮਕੌਰ ਸਿੰਘ ਸਰਾਂ, ਪ੍ਰਭਾਰੀ ਸਿਵਲ ਸਰਜਨ ਡਾ. ਮੀਨਾਕਸ਼ੀ ਅਬਰੋਲ, ਸਹਾਇਕ ਸਿਵਲ ਸਰਜਨ ਡਾ. ਸ਼ੁਸਮਾ ਠੱਕਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।