ਕੌਮਾਂਤਰੀ ਖਿਡਾਰੀ ਅਰਸ਼ਦੀਪ ਨੇ ਵੀ ਕੋਚ ਜਚਵੰਤ ਰਾਏ ਤੋਂ ਲਈ ਹੈ ਸਿਖਲਾਈ
ਕ੍ਰਿਕਟ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ; ਕੋਚਾਂ ਅਤੇ ਖਿਡਾਰੀਆਂ ਨੂੰ ਸਮੇਂ ਅਨੁਸਾਰ ਢਲਣ ਦੀ ਲੋੜ: ਜਸਵੰਤ ਰਾਏ
ਕਿਹਾ, ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ਵੱਲ ਦੇਵਾਂਗਾ ਵਿਸ਼ੇਸ਼ ਧਿਆਨ
ਚੰਡੀਗੜ੍ਹ, 17 ਸਤੰਬਰ( ਵਿਸ਼ਵ ਵਾਰਤਾ)-ਹਿਮਾਚਲ ਪ੍ਰਦੇਸ਼ ਤੋਂ ਰਣਜੀ ਟਰਾਫੀ ਦੇ ਸਾਬਕਾ ਕ੍ਰਿਕਟਰ ਅਤੇ ਰਾਸ਼ਟਰੀ ਪੱਧਰ ਦੇ ਕੋਚ ਜਸਵੰਤ ਰਾਏ ਆਪਣੀ ਆਲਾ ਦਰਜੇ ਦੀ ਕੋਚਿੰਗ ਨਾਲ ਇੱਕ ਵਾਰ ਫਿਰ ਤੋਂ ਨੌਜਵਾਨ ਕ੍ਰਿਕਟਰਾਂ ਦੇ ਹੁਨਰ ਨੂੰ ਨਿਖਾਰਨ ਲਈ ਤਿਆਰ ਹਨ।
ਉਨ੍ਹਾਂ ਨੂੰ ਆਗਾਮੀ ਡੋਮੈਸਟਿਕ ਸੀਜ਼ਨ ਲਈ ਲਗਾਤਾਰ ਦੂਜੀ ਵਾਰ ਦਿੱਲੀ ਅੰਡਰ-19 ਪੁਰਸ਼ ਕ੍ਰਿਕਟ ਟੀਮ ਦਾ ਮੁੱਖ ਕੋਚ ਚੁਣਿਆ ਗਿਆ ਹੈ।
ਕੋਚ ਜਸਵੰਤ ਰਾਏ ਦਾ ਨਾਮ ਰਾਸ਼ਟਰੀ ਪੱਧਰ ‘ਤੇ ਉਸ ਵੇਲੇ ਸਾਹਮਣੇ ਆਇਆ, ਜਦੋਂ ਉਨ੍ਹਾਂ ਦੇ ਸਿਖਿਆਰਥੀ ਅਰਸ਼ਦੀਪ ਸਿੰਘ, ਜੋ ਲੈਫਟ-ਆਰਮ ਮੀਡੀਅਮ-ਤੇਜ਼ ਗੇਂਦਬਾਜ਼ ਹੈ, ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਪੰਜਾਬ ਕਿੰਗਜ਼ ਲਈ ਗੇਂਦਬਾਜ਼ੀ ਕਰਦਿਆਂ ਭਾਰਤੀ ਕ੍ਰਿਕਟ ਟੀਮ ਵਿੱਚ ਆਪਣੀ ਥਾਂ ਬਣਾਈ।
70 ਫਸਟ-ਕਲਾਸ ਮੈਚ ਖੇਡਣ ਵਾਲੇ ਚੰਡੀਗੜ੍ਹ ਦੇ ਇਹ ਸਾਬਕਾ ਕ੍ਰਿਕਟਰ ਹਿਮਾਚਲ ਪ੍ਰਦੇਸ਼ ਸੀਨੀਅਰ ਪੁਰਸ਼ ਟੀਮ, ਹਿਮਾਚਲ ਪ੍ਰਦੇਸ਼ ਮਹਿਲਾ ਟੀਮ ਅਤੇ ਪੰਜਾਬ ਅੰਡਰ-19 ਮਹਿਲਾ ਟੀਮ ਦੇ ਕੋਚ ਰਹੇ ਹਨ। ਉਹ 2017 ਤੋਂ 2019 ਤੱਕ ਹਿਮਾਚਲ ਪ੍ਰਦੇਸ਼ ਲਈ ਸੀਨੀਅਰ ਪੁਰਸ਼ ਟੀਮ ਚੋਣਕਾਰ ਵੀ ਰਹੇ।
ਦਿੱਲੀ ਦੀ ਅੰਡਰ-19 ਕ੍ਰਿਕਟ ਟੀਮ ਦੇ ਮੁੱਖ ਕੋਚ ਬਣੇ ਰਹਿਣ ‘ਤੇ ਜਸਵੰਤ ਰਾਏ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਅਤੇ ਉਹ ਉਨ੍ਹਾਂ ਪ੍ਰਤੀ ਜਤਾਏ ਭਰੋਸੇ ਨੂੰ ਸੱਚ ਸਾਬਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਪਿਛਲੇ ਸਾਲ ਦੇ ਪ੍ਰਦਰਸ਼ਨ ‘ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਛੇ ਸਾਲਾਂ ਦੇ ਵਕਫ਼ੇ ਤੋਂ ਬਾਅਦ ਦਿੱਲੀ ਦੀ ਅੰਡਰ-19 ਟੀਮ ਨੇ ਡੇਅਜ਼ ਅਤੇ ਵਨ ਡੇਅਜ਼ ਦੀ ਲੀਗ ਸਟੇਜ ‘ਚ ਪ੍ਰਵੇਸ਼ ਕੀਤਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਇਸ ਸਾਲ ਦਿੱਲੀ ਦੀ ਅੰਡਰ-19 ਟੀਮ ਡੇਅਜ਼ ਅਤੇ ਵਨ ਡੇਅਜ਼ ਦੋਵਾਂ ਦੇ ਡੋਮੈਸਟਿਡ ਟਾਈਟਲ (ਖਿਤਾਬ) ਆਪਣੇ ਨਾਮ ਕਰੇਗੀ।
ਉਨ੍ਹਾਂ ਕਿਹਾ ਕਿ ਕ੍ਰਿਕਟ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ ਇਸ ਲਈ ਕੋਚਾਂ ਅਤੇ ਖਿਡਾਰੀਆਂ ਦੋਵਾਂ ਨੂੰ ਇਸ ਅਨੁਸਾਰ ਢਲਣ ਦੀ ਜ਼ਰੂਰਤ ਹੈ। ਉਨ੍ਹਾਂ ਅੱਗੇ ਕਿਹਾ ਕਿ ਪਲਾਨਿੰਗ ਅਤੇ ਪਲਾਨਿੰਗ ਨੂੰ ਅਮਲ ਵਿੱਚ ਲਿਆਉਣਾ ਦੋਵੇਂ ਚੀਜ਼ਾਂ ਮਾਡਰਨ ਕ੍ਰਿਕਟ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਇਸ ਲਈ ਉਨ੍ਹਾਂ ਦਾ ਵਿਸ਼ੇਸ਼ ਧਿਆਨ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਕੇ ਖੇਤਰ ਵਿੱਚ ਨੌਜਵਾਨਾਂ ਦੇ ਹੁਨਰ ਨੂੰ ਵੱਧ ਤੋਂ ਵੱਧ ਨਿਖਾਰਨਾ ਹੋਵੇਗਾ।
ਜਸਵੰਤ ਰਾਏ ਇਸ ਸਮੇਂ ਟ੍ਰਾਈ-ਸਿਟੀ ਦੇ ਬਹੁਤ ਸਾਰੇ ਉਭਰਦੇ ਕ੍ਰਿਕਟਰਾਂ ਦੇ ਕਰੀਅਰ ਨੂੰ ਸੇਧ ਦੇ ਰਹੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਖਿਡਾਰੀ ਇਸ ਸਮੇਂ ਹਿਮਾਚਲ, ਪੰਜਾਬ ਅਤੇ ਯੂਟੀ ਚੰਡੀਗੜ੍ਹ ਦੀ ਤਰਫ਼ੋਂ ਖੇਡ ਰਹੇ ਹਨ।