ਜਲੰਧਰ ਜਿਮਨੀ ਚੋਣ : ਈਵੀਐੱਮ ‘ਚ ਕੈਦ ਹੋਈ ਉਮੀਦਵਾਰਾਂ ਦੀ ਕਿਸਮਤ

39
Advertisement

ਜਲੰਧਰ ਜਿਮਨੀ ਚੋਣ

ਈਵੀਐੱਮ ‘ਚ ਕੈਦ ਹੋਈ ਉਮੀਦਵਾਰਾਂ ਦੀ ਕਿਸਮਤ

ਪੜ੍ਹੋ, ਸਿਆਸੀ ਕਮਾਸਾਣ ਵਿਚਾਲੇ ਕਿਵੇਂ ਰਿਹਾ ਜਲੰਧਰ ਦਾ ਚੋਣ ਮਾਹੌਲ

 

ਚੰਡੀਗੜ੍ਹ, 10 ਮਈ (ਵਿਸ਼ਵ ਵਾਰਤਾ) : ਅੱਜ ਜਲੰਧਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਦੇ 1972 ਪੋਲਿੰਗ ਸਟੇਸ਼ਨਾਂ ‘ਤੇ ਸ਼ਾਂਤਮਈ ਢੰਗ ਨਾਲ ਵੋਟਾਂ ਪਈਆਂ ਅਤੇ ਸ਼ਾਮ 6 ਵਜੇ ਤੱਕ ਜ਼ਿਲ੍ਹੇ ਵਿਚ 52.3 ਫੀਸਦੀ ਪੋਲਿੰਗ ਦਰਜ ਕੀਤੀ ਗਈ। ਅੱਜ 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈ.ਵੀ.ਐਮਜ਼ ‘ਚ ਕੈਦ ਹੋਇਆ ਹੈ, ਚੋਣਾਂ ਦੇ ਨਤੀਜੇ 13 ਮਈ ਨੂੰ ਸਾਹਮਣੇ ਆਉਣਗੇ, ਜਿਸ ਤੋਂ ਪਤਾ ਲੱਗੇਗਾ ਕਿ ਜਲੰਧਰ ਵਿੱਚ ਕਿਸ ਨੇ ਬਾਜ਼ੀ ਮਾਰੀ ਹੈ।

ਜੇਕਰ ਮੁਕਾਬਲੇ ਦੀ ਗੱਲ ਕਰੀਏ ਤਾਂ ਇਹ ‘ਆਪ’, ਕਾਂਗਰਸ, ਭਾਜਪਾ ਅਤੇ ਅਕਾਲੀ-ਬਸਪਾ ਵਿਚਾਲੇ ਹੀ ਮੰਨਿਆ ਜਾ ਰਿਹਾ ਹੈ। ਪਰ ਵਿਸ਼ਵ ਵਾਰਤਾ ਨੂੰ ਵੱਖ-ਵੱਖ ਹਲਕਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ‘ਆਪ’ ਅਤੇ ਕਾਂਗਰਸ ਦਰਮਿਆਨ ਕਰੀਬੀ ਟੱਕਰ ਮੰਨੀ ਜਾ ਰਹੀ ਹੈ, ਜਿਸ ਵਿੱਚ ਕੋਈ ਵੀ ਧਿਰ ਜਿੱਤ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ‘ਆਪ’ ਅਤੇ ਕਾਂਗਰਸ ਵਿਚਾਲੇ ਜਲੰਧਰ ਸੀਟ ‘ਤੇ ਬਹੁਤ ਘੱਟ ਵੋਟਾਂ ਨਾਲ ਕਿਸੇ ਵੀ ਉਮੀਦਵਾਰ ਦੇ ਸਿਰ ‘ਤੇ ਤਾਜ ਸਜ ਸਕਦਾ ਹੈ, ਜਦਕਿ ਅਕਾਲੀ ਦਲ-ਬਸਪਾ ਅਤੇ ਭਾਜਪਾ ਤੀਜੇ ਅਤੇ ਚੌਥੇ ਸਥਾਨ ਲਈ ਚੋਣ ਲੜ ਰਹੇ ਹਨ। ਨਿਰਸੰਦੇਹ ਨਤੀਜੇ 13 ਮਈ ਨੂੰ ਆਉਣਗੇ ਪਰ ਅੱਜ ਵੋਟਾਂ ਵਾਲੇ ਦਿਨ ਵਿਸ਼ਵ ਵਾਰਤਾ ਨੂੰ ਮਿਲੀ ਜਾਣਕਾਰੀ ਅਨੁਸਾਰ ਦੋਵਾਂ ਪਾਰਟੀਆਂ ‘ਆਪ’ ਅਤੇ ‘ਕਾਂਗਰਸ’ ਵਿਚਾਲੇ ਸਖ਼ਤ ਟੱਕਰ ਹੈ।

ਦੱਸ ਦੇਈਏ ਕਿ ਜਲੰਧਰ ਲੋਕ ਸਭਾ (ਰਾਖਵੀਂ) ਸੀਟ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਦੀ ਖਾਲੀ ਹੋਈ ਸੀਟ ਲਈ ਸਿਆਸੀ ਪਾਰਟੀਆਂ ਦੇ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਸੰਸਦ ਮੈਂਬਰ ਸੰਤੋਖ ਸਿੰਘ ਦੀ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ‘ਆਪ’ ਨੇ ਸੁਸ਼ੀਲ ਰਿੰਕੂ ਨੂੰ ਮੈਦਾਨ ‘ਚ ਉਤਾਰਿਆ ਹੈ, ਜਿਨ੍ਹਾਂ ਦਾ ਦਲਿਤ ਭਾਈਚਾਰੇ ‘ਚ ਚੰਗਾ ਪ੍ਰਭਾਵ ਹੈ। ਸੁਸ਼ੀਲ ਰਿੰਕੂ ਨੇ ਚੋਣ ਪ੍ਰਚਾਰ ਦੌਰਾਨ ਹੀ ਕਾਂਗਰਸ ਛੱਡ ਕੇ ‘ਆਪ’ ਦਾ ਪੱਲਾ ਫੜ ਲਿਆ ਸੀ। ਦੱਸ ਦੇਈਏ ਕਿ ਸੁਸ਼ੀਲ ਰਿੰਕੂ ਇਸ ਤੋਂ ਪਹਿਲਾਂ ਪੱਛਮੀ ਸੀਟ ਤੋਂ ਵਿਧਾਇਕ ਰਹਿ ਚੁੱਕੇ ਹਨ।

ਕਾਂਗਰਸ ਵੱਲੋਂ ਕਰਮਜੀਤ ਕੌਰ ਜੋ ਕਿ ਮਰਹੂਮ ਸੰਤੋਖ ਚੌਧਰੀ ਦੀ ਪਤਨੀ ਹੈ, ਨੂੰ ਚੋਣ ਮੈਦਾਨ ਵਿੱਚ ਉਮੀਦਵਾਰ ਉਤਾਰਿਆ ਗਿਆ ਹੈ। ਕਰਮਜੀਤ ਕੌਰ ਪਹਿਲੀ ਵਾਰ ਚੋਣ ਲੜ ਰਹੀ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਸ ਜਲੰਧਰ ਲੋਕ ਸਭਾ ਸੀਟ ‘ਤੇ ਕਾਂਗਰਸ 14 ਵਾਰ, ਅਕਾਲੀ ਦਲ 2 ਵਾਰ ਅਤੇ ਜਨਤਾ ਦਲ 2 ਵਾਰ ਜਿੱਤ ਚੁੱਕੀ ਹੈ।
ਇਸ ਚੋਣ ਲੜਾਈ ਵਿੱਚ ਇੰਦਰ ਇਕਬਾਲ ਸਿੰਘ ਅਟਵਾਲ ਵੀ ਭਾਜਪਾ ਤੋਂ ਆਏ ਹਨ, ਜਿਨ੍ਹਾਂ ਨੇ ਅਕਾਲੀ ਦਲ ਛੱਡ ਕੇ ਭਾਜਪਾ ਨਾਲ ਹੱਥ ਮਿਲਾਇਆ ਹੈ। ਇੰਦਰ ਇਕਬਾਲ ਅਟਵਾਲ 2002 ਵਿੱਚ ਵਿਧਾਇਕ ਰਹਿ ਚੁੱਕੇ ਹਨ। ਇੰਦਰ ਇਕਬਾਲ ਅਟਵਾਲ ਸਾਬਕਾ ਸਪੀਕਰ ਅਤੇ ਸੀਨੀਅਰ ਆਗੂ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਹਨ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਚੋਣ ਮੈਦਾਨ ਵਿਚ ਹਨ। ਦੱਸ ਦੇਈਏ ਕਿ ਸੁੱਖੀ ਲਗਾਤਾਰ ਦੂਜੀ ਵਾਰ ਬੰਗਾ ਤੋਂ ਵਿਧਾਇਕ ਬਣੇ ਹਨ। ਅਕਾਲੀ ਦਲ ਤੋਂ ਪਹਿਲਾਂ ਇਹ ਬੀ.ਐਸ.ਪੀ. ਵਿੱਚ ਸਨ।

Advertisement