ਜਲੰਧਰ ਇੰਪਰੂਵਮੈਂਟ ਟਰੱਸਟ ‘ਚੋਂ 100 ਫਾਈਲਾਂ ਗਾਇਬ
ਅਧਿਕਾਰੀ ਤੇ ਕਰਮਚਾਰੀ ਹੋਣਗੇ ਮੁਅੱਤਲ !
ਚੰਡੀਗੜ੍ਹ, 25ਅਪ੍ਰੈਲ(ਵਿਸ਼ਵ ਵਾਰਤਾ)-ਇੰਪਰੂਵਮੈਂਟ ਟਰੱਸਟ ਜਲੰਧਰ ਤੋਂ ਗਾਇਬ 100 ਦੇ ਕਰੀਬ ਫਾਈਲਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਇਹ ਸੂਚੀ ਟਰੱਸਟ ਦੇ ਚੇਅਰਮੈਨ ਕਮ ਡੀਸੀ ਘਨਸ਼ਿਆਮ ਥੋਰੀ, ਸੀਵੀਓ ਅਤੇ ਲੋਕਲ ਬਾਡੀਜ਼ ਵਿਭਾਗ ਦੇ ਡਾਇਰੈਕਟਰ ਨੂੰ ਭੇਜ ਦਿੱਤੀ ਗਈ ਹੈ। ਡਾਇਰੈਕਟਰ ਨੇ ਕਿਹਾ ਹੈ ਕਿ ਗੁੰਮ ਹੋਏ ਦਸਤਾਵੇਜ਼ ਸਬੰਧੀ ਤੁਰੰਤ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਜਾਵੇ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਮੁੱਖ ਵਿਜੀਲੈਂਸ ਅਫਸਰ (ਸੀਵੀਓ) ਨੇ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਦਫਤਰ ਵਿੱਚ ਛਾਪਾ ਮਾਰਿਆ ਸੀ। ਈਓ ਪਰਮਿੰਦਰ ਸਿੰਘ ਗਿੱਲ ਨੇ ਉਸ ਸਮੇਂ ਕਈ ਫਾਈਲਾਂ ਗਾਇਬ ਹੋਣ ਦੀ ਗੱਲ ਕਹੀ ਸੀ। ਸੀਵੀਓ ਨੇ ਡਾਇਰੈਕਟਰ ਨੂੰ ਸ਼ਿਕਾਇਤ ਕੀਤੀ। ਹੁਣ ਡਾਇਰੈਕਟਰ ਨੇ ਈਓ ਨੂੰ ਪੱਤਰ ਭੇਜ ਕੇ ਗੁੰਮ ਹੋਈਆਂ ਫਾਈਲਾਂ ਦੇ ਸਬੰਧ ਵਿੱਚ ਐਫਆਈਆਰ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਡਾਇਰੈਕਟਰ ਨੇ ਪੱਤਰ ਵਿੱਚ ਲਿਖਿਆ ਹੈ ਕਿ ਜਿਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਅਧਿਕਾਰ ਖੇਤਰ ਦੀਆਂ ਫਾਈਲਾਂ ਗਾਇਬ ਹੋਈਆਂ ਹਨ, ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਦੱਸ ਦੇਈਏ ਕਿ ਇੰਪਰੂਵਮੈਂਟ ਟਰੱਸਟ ਦੀਆਂ ਸਕੀਮਾਂ ਨੂੰ ਚਾਰ ਕਲਰਕ ਦੇਖ ਰਹੇ ਹਨ।