ਚੰਡੀਗੜ, 16 ਅਗਸਤ (ਵਿਸ਼ਵ ਵਾਰਤਾ) : ”ਭਾਰਤ ਸਰਕਾਰ ਵੱਲੋਂ 21 ਫਰਵਰੀ, 2017 ਨੂੰ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਸੂਬਾ ਪੱਧਰ, ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ ਉੱਤੇ ਜਨਰਲ ਕੰਪੋਨੈਂਟ, ਅਨੁਸੂਚਿਤ ਜਾਤੀ ਕੰਪੋਨੈਂਟ ਅਤੇ ਅਨੁਸੂਚਿਤ ਜਨ-ਜਾਤੀ ਕੰਪੋਨੈਂਟ ਦੇ ਅਲੱਗ-ਅਲੱਗ ਖਾਤੇ ਖੋਲੇ ਗਏ ਹਨ ਜ਼ੋ ਕਿ ਭਾਰਤ ਸਰਕਾਰ ਤੋਂ ਪ੍ਰਾਪਤ ਫੰਡਾਂ ਦੇ ਅਕਾਊਂਟਿੰਗ ਮੰਤਵ ਲਈ ਹਨ।”
ਇਹ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜਨਰਲ ਤੇ ਅਨੁਸੂਚਿਤ ਜਾਤੀ ਸ਼੍ਰੇਣੀ ਦੇ ਅਧਿਆਪਕਾਂ ਨੂੰ ਇਨ੍ਹਾਂ ਖਾਤਿਆਂ ਵਿੱਚੋਂ ਵੱਖੋਂ-ਵੱਖ ਤਨਖਾਹ ਦੇਣ ਸਬੰਧੀ ਕੋਈ ਵੀ ਹਦਾਇਤਾਂ ਸਿੱਖਿਆ ਵਿਭਾਗ ਵੱਲੋਂ ਜਾਰੀ ਨਹੀਂ ਕੀਤੀਆਂ ਗਈਆਂ। ਬੁਲਾਰੇ ਨੇ ਅੱਗੇ ਦੱਸਿਆ ਕਿ ਵੱਖੋਂ-ਵੱਖਰੇ ਮੀਡੀਆ ਵਿੱਚ ਨਸ਼ਰ ਖਬਰ ਕਿ ਸਰਵ ਸਿੱਖਆ ਅਭਿਆਨ ਸਕੀਮ ਰਾਹੀਂ ਜਾਤੀ ਆਧਾਰ ਤੇ ਬੈਂਕ ਖਾਤੇ ਖੋਲ ਕੇ ਜਾਤੀ ਪ੍ਰਥਾ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ, ਬਿਲਕੁਲ ਗਲਤ ਹੈ।
ਬੁਲਾਰੇ ਨੇ ਅਗਾਂਹ ਕਿਹਾ ਕਿ ਅਜਿਹੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ (ਐਲੀਮੈਂਟਰੀ ਸਿੱਖਿਆ) ਸਰਵ ਸਿੱਖਿਆ ਅਭਿਆਨ ਨੂੰ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਜਨਰਲ ਤੇ ਅਨੁਸੂਚਿਤ ਜਾਤੀ ਸ਼੍ਰੇਣੀ ਦੇ ਅਧਿਆਪਕਾਂ ਦੀ ਕੋਈ ਸੂਚਨਾ ਇਕੱਤਰ ਨਾ ਕੀਤੀ ਜਾਵੇ ਅਤੇ ਕਿਸੇ ਵੀ ਸ਼੍ਰੇਣੀ ਦੇ ਕਰਮਚਾਰੀ ਦੀ ਤਨਖਾਹ ਕਿਸੇ ਵੀ ਖਾਤੇ ਵਿਚੋਂ ਦਿੱਤੀ ਜਾ ਸਕਦੀ ਹੈ।