ਜਕਤਾ ਨੀਲਕਾਂਤ ਅਵਹਾੜ ਨੂੰ ਬਾਲ ਭਲਾਈ ਕੌਂਸਲ ਦੀ ਚੇਅਰਪਰਸਨ ਥਾਪਿਆ
ਚੰਡੀਗੜ੍ਹ, 8 ਜੁਲਾਈ(ਵਿਸ਼ਵ ਵਾਰਤਾ):ਪੰਜਾਬ ਦੇ ਰਾਜਪਾਲ ਵੱਲੋਂ ਬਾਲ ਭਲਾਈ ਕੌਂਸਲ, ਪੰਜਾਬ ਦੇ ਪ੍ਰਧਾਨ ਹੋਣ ਦੀ ਹੈਸੀਅਤ ਵਿੱਚ ਨਵੀਂ ਕਾਰਜਕਾਰੀ ਕਮੇਟੀ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਦੀ ਚੇਅਰਪਰਸਨ ਸ੍ਰੀਮਤੀ ਪ੍ਰਾਜਕਤਾ ਨੀਲਕਾਂਤ ਅਵਹਾੜ ਨੂੰ ਥਾਪਿਆ ਗਿਆ ਹੈ। ਨਵੀਂ ਕਮੇਟੀ ਦੀ ਚੋਣ ਤਿੰਨ ਵਰ੍ਹੇ ਲਈ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਸ੍ਰੀਮਤੀ ਪ੍ਰਾਜਕਤਾ ਪੇਸ਼ੇ ਵਜੋਂ ਇਕ ਵਕੀਲ ਹਨ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਬਤੌਰ ਮੀਡੀਏਟਰ ਕਾਰਜ ਕਰਦੇ ਹਨ। ਉਨ੍ਹਾਂ ਨੂੰ ਬਾਲ ਭਲਾਈ ਕੌਂਸਲ, ਮੋਗਾ, ਨਵਾਂ ਸ਼ਹਿਰ, ਗੁਰਦਾਸਪੁਰ ਅਤੇ ਸੂਬੇ ਦੇ ਹੋਰ ਹਿੱਸਿਆਂ ਵਿੱਚ ਰੈਡ ਕਰਾਸ ਅਤੇ ਪਰਿਵਾਰਿਕ ਸਲਾਹ ਕੇਂਦਰਾਂ ਵਿੱਚ ਕੰਮ ਕਰਨ ਦਾ ਤਜੁਰਬਾ ਹੈ ਅਤੇ ਇਸ ਤੋਂ ਇਲਾਵਾ ਉਹ ਦਿੱਲੀ ਦੇ ਸੈਂਟਰ ਫਾਰ ਸੋਸ਼ਲ ਰਿਸਰਚ ਤੇ ਵਾਸ਼ਿੰਗਟਨ (ਅਮਰੀਕਾ) ਵਿੱਚ ‘ਆਸ਼ਾ’ ਸੰਸਥਾ ਵੱਲੋਂ ਕਾਨੂੰਨੀ ਸਲਾਹਕਾਰ, ਕਾਊਂਸਲਰ ਅਤੇ ਜੈਂਡਰ (ਲਿੰਗ) ਟ੍ਰੇਨਰ ਵਜੋਂ ਵੀ ਸੇਵਾਵਾਂ ਦੇ ਚੁੱਕੇ ਹਨ। ਉਹ ਇਕ ਗੈਰ ਸਰਕਾਰੀ ਸੰਸਥਾ ‘ਸੰਵੇਦਨਾ’ ਦੇ ਬਾਨੀ ਪ੍ਰਧਾਨ ਵੀ ਹਨ ਜੋ ਕਿ ਲਿੰਗ ਆਧਾਰਿਤ ਭੇਦ ਭਾਵ ਨੂੰ ਦੂਰ ਕਰਨ ਲਈ ਕੰਮ ਕਰਦੀ ਹੋਈ ਘਰੇਲੂ ਹਿੰਸਾ ਅਤੇ ਔਰਤਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਵਿੱਚ ਮੋਹਰੀ ਰੋਲ ਅਦਾ ਕਰਦੀ ਹੈ।
ਸ੍ਰੀਮਤੀ ਪ੍ਰਾਜਕਤਾ ਅਵਹਾੜ ਨੇ ਆਪਣੀਆਂ ਤਰਜੀਹਾਂ ਸਪੱਸ਼ਟ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਕੌਂਸਲਾਂ ਨੂੰ ਪੂਰੀ ਸਮਰੱਥਾ ਨਾਲ ਚਲਾਉਣ ਲਈ ਮੈਂਬਰਸ਼ਿਪ ਮੁਹਿੰਮ ਚਲਾਉਣ, ਫੰਡ ਇਕੱਠੇ ਕਰਨ ਅਤੇ ਕੌਂਸਲ ਨੂੰ ਸੂਬੇ ਵਿੱਚ ਬੱਚਿਆਂ ਦੀ ਭਲਾਈ ਲਈ ਇਕ ਬਿਹਤਰੀਨ ਮੰਚ ਮੁਹੱਈਆ ਕਰਵਾਉਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਕੌਂਸਲ ਵੱਲੋਂ ਲੋੜਵੰਦ ਬੱਚਿਆਂ ਖਾਸ ਕਰਕੇ ਜੋ ਕੋਵਿਡ ਮਹਾਂਮਾਰੀ ਤੋਂ ਪ੍ਰਭਾਵਿਤ ਹੋਏ ਹਨ, ਦੀ ਭਰਪੂਰ ਮਦਦ ਕੀਤੀ ਜਾਵੇਗੀ ਅਤੇ ਅਜਿਹੇ ਬੱਚਿਆਂ ਦੀ ਭਲਾਈ ਲਈ ਕੰਮ ਕਰ ਰਹੇ ਹੋਰਨਾਂ ਸੰਗਠਨਾਂ ਨਾਲ ਵੀ ਤਾਲਮੇਲ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਬਾਲ ਭਲਾਈ ਕੌਂਸਲ ਦੇ ਹੋਰ ਚੁਣੇ ਗਏ ਅਹੁਦੇਦਾਰਾਂ ਵਿੱਚ ਡਾ. (ਸ੍ਰੀਮਤੀ) ਪ੍ਰੀਤਮ ਸੰਧੂ ਨੂੰ ਸਕੱਤਰ ਅਤੇ ਖਜਾਨਚੀ ਸ੍ਰੀਮਤੀ ਰਤਿੰਦਰ ਬਰਾੜ ਨੂੰ ਥਾਪਿਆ ਗਿਆ ਹੈ। ਇਨ੍ਹਾਂ ਦੋਵਾਂ ਕੋਲ ਬਾਲ ਭਲਾਈ, ਬਾਲ ਸੁਰੱਖਿਆ, ਕਿਸ਼ੋਰ ਅਵਸਥਾ ਦੇ ਬੱਚਿਆਂ ਲਈ ਨਿਆਂ ਅਤੇ ਉਨ੍ਹਾਂ ਦੀ ਸੰਭਾਲ ਕਰਨ ਆਦਿ ਖੇਤਰਾਂ ਵਿੱਚ ਕੰਮ ਕਰਨ ਦਾ ਵੱਡਾ ਤਜੁਰਬਾ ਹੈ। ਡਾ. ਪ੍ਰੀਤਮ ਸੰਧੂ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੀ ਇਕ ਅਹਿਮ ਸੰਸਥਾ ਐਨ.ਆਈ.ਪੀ.ਸੀ.ਸੀ.ਡੀ. ਦੀ ਸਾਬਕਾ ਖੇਤਰੀ ਡਾਇਰੈਕਟਰ ਵੀ ਰਹਿ ਚੁੱਕੇ ਹਨ। ਉਨ੍ਹਾਂ ਤੋਂ ਇਲਾਵਾ ਰਤਿੰਦਰ ਬਰਾੜ ਜ਼ਿਲ੍ਹਾ ਅਤੇ ਮੁੱਖ ਦਫਤਰ ਦੋਵੇਂ ਪੱਧਰ ‘ਤੇ ਬੀਤੇ 25 ਵਰ੍ਹਿਆਂ ਤੋਂ ਕੰਮ ਕਰਨ ਦਾ ਤਜੁਰਬਾ ਰੱਖਦੇ ਹਨ ਅਤੇ ਹੋਰ ਭਲਾਈ ਸੰਗਠਨਾਂ ਜਿਵੇਂ ਕਿ ਆਈ.ਸੀ.ਐਸ.ਡਬਲਿਊ., ਸੀਨੀਅਰ ਸਿਟੀਜ਼ਨ ਅਤੇ ਰੈੱਡ ਕਰਾਸ ਆਦਿ ਨਾਲ ਵੀ ਸਰਗਰਮੀ ਨਾਲ ਜੁੜੇ ਹੋਏ ਹਨ।
——–