‘ਵਿਸ਼ਵ ਵਾਰਤਾ‘ ਨੂੰ ਸਰਵੋਤਮ ਪੰਜਾਬੀ ਵੈੱਬਸਾਈਟ ਦਾ ਪੁਰਸਕਾਰ

390
Advertisement

  • ਸਰਵੋਤਮ ਪੰਜਾਬੀ ਵੈੱਬਸਾਈਟ ਦਾ ਪੁਰਸਕਾਰ ਹਾਸਿਲ ਕਰਦੇ ਹੋਏ ‘ਵਿਸ਼ਵ ਵਾਰਤਾ’ ਦੇ ਸੰਸਥਾਪਕ ਦਵਿੰਦਰਜੀਤ ਸਿੰਘ ਦਰਸ਼ੀ|

ਪਟਿਆਲਾ, 21 ਮਾਰਚ (ਵਿਸ਼ਵ ਵਾਰਤਾ)-ਅੱਜ ਖ਼ਾਲਸਾ ਕਾਲਜ­ ਪਟਿਆਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਖ਼ਾਲਸਾ ਕਾਲਜ ਪਟਿਆਲਾ, ਅਕਾਲ ਚੈਨਲ ਯੂ.ਕੇ. ਅਤੇ ਰੋਜ਼ਾਨਾ ‘ਪੰਜਾਬ ਟਾਇਮਜ਼’ ਜਲੰਧਰ ਦੇ ਸਹਿਯੋਗ ਨਾਲ ਪੰਜਾਬੀ ਮੀਡੀਆ ਅਕੈਡਮੀ ਵੱਲੋਂ ਆਯੋਜਿਤ ਛੇਵਾਂ ਪੰਜਾਬੀ ਮੀਡੀਆ ਪੁਰਸਕਾਰ-2018 ਪੂਰੀ ਤਰਾਂ ਸਫਲ ਹੋ ਨਿੱਬੜਿਆ। ਇਸ ਮੌਕੇ ਸ. ਦਵਿੰਦਰਜੀਤ ਸਿੰਘ ਦਰਸ਼ੀ ਦੀ ਅਗਵਾਈ ਹੇਠ ਕਾਇਮ ਕੀਤੀ ਗਈ ਪੰਜਾਬੀ ਦੀ ਪਹਿਲੀ ਨਿਊਜ਼ ਏਜੰਸੀ ਤੇ ਵੈੱਬਪੋਰਟਲ ‘ਵਿਸ਼ਵ ਵਾਰਤਾ‘ ਚੰਡੀਗੜ ਨੂੰ ਸਰਵੋਤਮ ਪੰਜਾਬੀ ਵੈੱਬਸਾਈਟ ਵਜੋਂ ਪੁਰਸਕਾਰ ਦਿੱਤਾ ਗਿਆ।


ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤੀ, ਜਦੋਂ ਕਿ ਮੈਂਬਰ ਰਾਜ ਸਭਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਵਿੰਦਰ ਸਿੰਘ ਭੂੰਦੜ ਮੁੱਖ ਮਹਿਮਾਨ ਵਜੋਂ ਪਹੁੰਚੇ। ਪ੍ਰਧਾਨਗੀ ਮੰਡਲ ਵਿੱਚ ਸ. ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ ਅਤੇ ਸਕੱਤਰ ਗਵਰਨਿੰਗ ਕਮੇਟੀ ਖ਼ਾਲਸਾ ਕਾਲਜ ਪਟਿਆਲਾ, ਡਾ.ਰੂਪ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ, ਪੰਜਾਬ ਟਾਇਮਜ਼ ਜਲੰਧਰ ਦੇ ਸੀ.ਈ.ਓ. ਮੈਡਮ ਰੁਪਿੰਦਰ ਕੌਰ, ਸਾਬਕਾ ਆਈ.ਏ.ਐਸ. ਅਧਿਕਾਰੀ ਸ. ਹਰਕੇਸ਼ ਸਿੰਘ ਸਿੱਧੂ, ਸਾਬਕਾ ਡੀ.ਆਈ.ਜੀ ਸ. ਹਰਿੰਦਰ ਸਿੰਘ ਚਾਹਲ ਆਈ.ਪੀ.ਐਸ. ਸ਼ਾਮਿਲ ਸਨ।
ਇਸ ਮੀਡੀਆ ਪੁਰਸਕਾਰ ਸਮਾਗਮ ਦੇ ਮੌਕੇ ‘ਤੇ ਬੋਲਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਮੀਡੀਆ ਅਕੈਡਮੀ ਵੱਲੋਂ ਕੀਤਾ ਇਹ ਪ੍ਰੋਗਰਾਮ ਬਹੁਤ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਵਿੱਚ ਮੀਡੀਆ ਦਾ ਬਹੁਤ ਮਹੱਤਵਪੂਰਨ ਰੋਲ ਹੈ ਅਤੇ ਇਹ ਇਕ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦਾ ਹੈ।
ਸਮਾਗਮ ਦੇ ਮੁੱਖ ਮਹਿਮਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈ ਉਨ੍ਹਾਂ ਕਿਹਾ ਕਿ ਬਲਜੀਤ ਸਿੰਘ ਬਰਾੜ ਵੱਲੋਂ ਮੀਡੀਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲੇ ਬਹੁਤ ਸ਼ਲਾਘਾਯੋਗ ਹਨ ਅਤੇ ਜੋ ਇਹ ਅਵਾਰਡ ਉਨ੍ਹਾਂ ਨੇ ਵੱਖ ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ ਅਤੇ ਸਮਾਜ ਦੀਆਂ ਹੋਰ ਸ਼ਖ਼ਸੀਅਤਾਂ ਨੂੰ ਦਿੱਤੇ ਹਨ ਇਹ ਬਹੁਤ ਹੀ ਪ੍ਰਸੰਸਾਯੋਗ ਉੱਦਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੱਤਰਕਾਰ ਜੇਕਰ ਉਸਾਰੂ ਪੱਤਰਕਾਰੀ ਕਰਨ ਤਾਂ ਇਸ ਨਾਲ ਸਮਾਜ ਨੂੰ ਬਹੁਤ ਵੱਡੀ ਅਗਵਾਈ ਅਤੇ ਚੰਗੀ ਦਿਸ਼ਾ ਮਿਲ ਸਕਦੀ ਹੈ।
ਸਥਾਨਕ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਇਸ ਮੌਕੇ ਤੇ ਬੋਲਦੇ ਹੋਏ ਕਿਹਾ ਕਿ ਇਸ ਸਮੇਂ ਇਹ ਜ਼ਰੂਰਤ ਹੈ ਕਿ ਸਮੁੱਚੇ ਸਮਾਜ ਵਿੱਚ ਮਿਲ ਜੁਲ ਕੇ ਚੱਲਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਕਿ ਅਸੀਂ ਹਾਂ ਪੱਖੀ ਅਤੇ ਉਸਾਰੂ ਸੋਚ ਦਾ ਫੈਲਾਅ ਕਰੀਏ ਤਾਂ ਜੋ ਇੱਕ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ। ਉਨ੍ਹਾਂ ਪੰਜਾਬ ਅਕੈਡਮੀ ਦੇ ਉਪਰਾਲਿਆਂ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਅੱਛਾ ਉੱਦਮ ਹੈ ਜਿਸ ਸਦਕਾ ਲੋਕਾਂ ਵਿੱਚ ਆਸ਼ਾਵਾਦੀ ਰੁਝਾਨ ਪੈਦਾ ਹੋਵੇਗਾ।
ਰੋਜ਼ਾਨਾ ‘ਪੰਜਾਬ ਟਾਇਮਜ਼’ ਦੇ ਸੰਪਾਦਕ ਅਤੇ ਪੰਜਾਬੀ ਮੀਡੀਆ ਅਕੈਡਮੀ ਦੇ ਪ੍ਰਧਾਨ ਸ. ਬਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਕਰਵਾਏ ਗਏ ਇਸ ਵਿਸ਼ਾਲ ਪ੍ਰੋਗਰਾਮ ਵਿੱਚ ਰੋਜ਼ਾਨਾ ‘ਅਜੀਤ’ ਜਲੰਧਰ ਦੇ ਬਾਨੀ ਸੰਪਾਦਕ ਅਤੇ ਪੰਜਾਬੀ ਪੱਤਰਕਾਰੀ ਦੇ ਬਾਬਾ ਬੋਹੜ ਡਾ. ਸਾਧੂ ਸਿੰਘ ਹਮਦਰਦ ਦੀ ਯਾਦ ਵਿੱਚ ਸ਼ੁਰੂ ਕੀਤਾ ਗਿਆ ਨਿਰਮਲ ਪੱਤਰਕਾਰੀ ਪੁਰਸਕਾਰ ਪਹਿਲੀ ਵਾਰ ‘ਅਜੀਤ’ ਦੇ ਸਟਾਫ ਰਿਪੋਰਟਰ ਅਤੇ ਜਲੰਧਰ ਪੰਜਾਬ ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਸ. ਮੇਜਰ ਸਿੰਘ ਨੂੰ ਪ੍ਰਦਾਨ ਕੀਤਾ ਗਿਆ। ਪ੍ਰੋਗਰਾਮ ਵਿੱਚ ਪੰਜਾਬੀ ਦੇ ਅੱਧਾ ਦਰਜਨ ਮੀਡੀਆ ਅਦਾਰਿਆਂ ਦੇ ਮਾਲਕ ਅਤੇ ਮੁੱਖੀ ਹਾਜ਼ਰ ਸਨ। ਪ੍ਰੋਗਰਾਮ ਵਿੱਚ 1੦ ਸ਼ਖਸੀਅਤਾਂ ਨੂੰ ਪੰਜਾਬੀ ਮੀਡੀਆ ਰਤਨ ਪੁਰਸਕਾਰ ਪ੍ਰਦਾਨ ਕੀਤੇ ਗਏ।
ਸ. ਸੰਦੀਪ ਕੌਲ ਰੈਜ਼ੀਡੈਂਟ ਐਡੀਟਰ ਰੋਜ਼ਾਨਾ ਚੜਦੀ ਕਲਾ ਅਤੇ ਟਾਇਮ ਟੀਵੀ ਚੈਨਲ ਨੂੰ ਸਰਵੋਤਮ ਪੰਜਾਬੀ ਪੱਤਰਕਾਰ ਪੁਰਸਕਾਰ, ਸ. ਗੁਰਚੇਤ ਸਿੰਘ ਫੱਤੇਵਾਲੀਆ ਨੂੰ ਸਰਵੋਤਮ ਪੰਜਾਬੀ ਲੋਕ ਪੱਤਰਕਾਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ। ਪੱਤਰਕਾਰੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜਨਲ ਸੈਂਟਰ ਜਲੰਧਰ ਨੂੰ ਸਰਵੋਤਮ ਪੰਜਾਬੀ ਪੱਤਰਕਾਰੀ ਸਿੱਖਿਆ ਸੰਸਥਾ, ਸ. ਅਮਰੀਕ ਸਿੰਘ ਕੁਨਰ  ਦੀ ਅਗਵਾਈ ਹੇਠ ਚੱਲ ਰਹੇ ਅਕਾਲ ਚੈਨਲ ਯੂਕੇ ਨੂੰ ਸਰਵੋਤਮ ਪੰਜਾਬੀ ਟੀਵੀ ਚੈਨਲ, ਚੜਦੀ ਕਲਾ ਟਾਇਮ ਟੀਵੀ ਨੂੰ ਭਾਰਤ ਵਿੱਚ ਸਰਵੋਤਮ ਟੀਵੀ ਚੈਨਲ ਵਜੋਂ ਪੁਰਸਕਾਰ ਦਿੱਤਾ ਗਿਆ। ਸਟੇਸ਼ਨ ਡਾਇਰੈਕਟਰ ਸ. ਅਮਰਜੀਤ ਸਿੰਘ ਵੜੈਚ ਦੀ ਅਗਵਾਈ ਹੇਠ ਅਕਾਸ਼ਵਾਣੀ ਨੂੰ ਸਰਵੋਤਮ ਪੰਜਾਬੀ ਰੇਡੀਓ ਚੈਨਲ ਵਜੋਂ ਪੁਰਸਕਾਰ ਦਿੱਤਾ ਗਿਆ। ਪੀਟੀਸੀ ਦੇ ਸ. ਹਰਪ੍ਰੀਤ ਸਿੰਘ ਸਾਹਨੀ ਨੂੰ ਸਰਵੋਤਮ ਪੰਜਾਬੀ ਟੀਵੀ ਪੇਸ਼ਕਾਰ ਵਜੋਂ ਸਨਮਾਨਿਤ ਕੀਤਾ ਗਿਆ।
ਡਾ. ਧਰਮਿੰਦਰ ਸਿੰਘ ਉੱਭਾ ਪ੍ਰਿੰਸੀਪਲ ਖ਼ਾਲਸਾ ਕਾਲਜ ਪਟਿਆਲਾ ਨੂੰ ਸਾਹਿਤ, ਸਭਿਆਚਾਰ, ਸੇਵਾ ਅਤੇ ਸਿਖਿਆਂ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ, ਸ. ਐਸ.ਪੀ.ਐਸ. ਓਬਰਾਏ ਚੇਅਰਮੈਨ ਸਰਬੱਤ ਦਾ ਭਲਾ ਟਰੱਸਟ ਨੂੰ ਸੇਵਾ ਅਤੇ ਸਿਖਿਆਂ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ, ਪ੍ਰੋਫੈਸਰ ਪੰਡਿਤਰਾਓ ਧਰੇਨਵਰ ਜੀ ਨੂੰ ਸਾਹਿਤ ਅਤੇ ਪੰਜਾਬੀ ਦੀ ਸ਼ਾਨਦਾਰ ਸੇਵਾ ਲਈ, ਸ. ਰਵਿੰਦਰਜੀਤ ਸਿੰਘ ਬਿੰਦੀ ਚੇਅਰਮੈਨ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਨੂੰ ਵਾਤਾਵਰਨ ਸੰਭਾਲ ਅਤੇ ਪੇਂਡੂ ਖੇਤਰ ‘ਚ ਸਿੱਖਿਆ ਪਸਾਰ ਹਿੱਤ ਸ਼ਾਨਦਾਰ ਯੋਗਦਾਨ ਲਈ, ਡਾ. ਗੌਰਵਦੀਪ ਸਿੰਘ ਵਿਰਕ ਲੈਬ ਡਾਇਰੈਕਟਰ ਵਿਰਕ ਫਰਟੀਲਿਟੀ ਸਰਵਿਸਜ ਜਲੰਧਰ ਨੂੰ ਮੈਡੀਕਲ ਸੇਵਾ ਦੇ ਖੇਤਰ ਵਿੱਚ ਯੋਗਦਾਨ ਲਈ, ਸ. ਸੁਖਇੰਦਰਪਾਲ ਸਿੰਘ ਅਲੱਗ ਸਕੱਤਰ ਅਲੱਗ ਸ਼ਬਦ ਯੱਗ ਲੁਧਿਆਣਾ ਨੂੰ ਧਰਮ ਅਤੇ ਪੰਜਾਬੀ ਦੀ ਸ਼ਾਨਦਾਰ ਸੇਵਾ ਲਈ, ਸ. ਬਿਕਰਮਜੀਤ ਸਿੰਘ ਬਦੇਸ਼ਾ ਐਮ.ਡੀ. ਮਿਊਜ਼ਿਕ ਅਟੈਕ ਚੰਡੀਗੜ ਨੂੰ ਸੰਗੀਤ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਪੰਜਾਬ ਸੇਵਾ ਰਤਨ ਪੁਰਸਕਾਰ ਪ੍ਰਦਾਨ ਕੀਤੇ ਗਏ।
ਪ੍ਰੋਗਰਾਮ ਵਿੱਚ ਚੜ੍ਹਦੀ ਕਲਾ ਅਤੇ ਟਾਇਮ ਟੀਵੀ ਚੈਨਲ ਦੇ ਮੁੱਖ ਸੰਪਾਦਕ ਸ. ਜਗਜੀਤ ਸਿੰਘ ਦਰਦੀ, ਅਕਾਲ ਚੈਨਲ ਯੂਕੇ ਦੇ ਐਮ.ਡੀ. ਸ. ਅਮਰੀਕ ਸਿੰਘ ਕੂਨਰ, ਪੀਟੀਸੀ ਦੇ ਪ੍ਰਮੁੱਖ ਪੇਸ਼ਕਾਰ ਸ. ਹਰਪ੍ਰੀਤ ਸਿੰਘ ਸਾਹਨੀ ਹਾਜ਼ਰ ਸਨ।
ਇਸ ਪ੍ਰੋਗਰਾਮ ਦੌਰਾਨ ਖ਼ਾਲਸਾ ਕਾਲਜ­ ਪਟਿਆਲਾ ਦੇ ਵਿਦਿਆਰਥੀਆਂ ਵੱਲੋ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ ਗਏ। ਇਸੇ ਤਰਾਂ ਦਾ ਮਿਲੇਨੀਅਮ ਸਮਾਰਟ ਸਕੂਲ ਡੀਐਲਐਫ ਕਲੋਨੀ ਪਟਿਆਲਾ ਦੇ ਬੱਚਿਆਂ ਦੀ ਆਇਟਮ ਵੀ ਬਹੁਤ ਪ੍ਰਭਾਵਸ਼ਾਲੀ ਸੀ। ਇਹ ਪ੍ਰੋਗਰਾਮ ਸਵੇਰੇ 11:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਅਕਾਲ ਚੈਨਲ ਯੂ.ਕੇ. ਤੋਂ ਲਾਈਵ ਟੈਲੀਕਾਸਟ ਕੀਤਾ ਗਿਆ। ਸਮਾਰੋਹ ਦੌਰਾਨ ਮੰਚ ਦਾ ਸੰਚਾਲਨ ਡਾ. ਹਰਵਿੰਦਰ ਕੌਰ ਅਤੇ ਪ੍ਰੋ. ਜਸਪ੍ਰੀਤ ਕੌਰ ਨੇ ਕੀਤਾ।

Advertisement

LEAVE A REPLY

Please enter your comment!
Please enter your name here