ਕੁਲਜੀਤ ਤੇ ਸਿਮਰਨ ਦੀ ਫੋਟੋ
– ਪੰਜ ਸਾਲ ਤੋਂ ਚੱਢਾ ਨਾਲ ਕੁਲਜੀਤ ਦਾ ਨਹੀਂ ਸੀ ਕੋਈ ਵਾਸਤਾ : ਸਿਮਰਨ
– ਕੁਲਜੀਤ ਦੀ ਭੈਣ ਨੇ ਪੁੱਛਿਆ – ਦੋਸ਼ੀ ਪੁਲਿਸ ਅਫਸਰ ਕਿਉਂ ਬਖਸ਼ੇ
ਅਮ੍ਰਿਤਸਰ, 12 ਮਾਰਚ (ਵਿਸ਼ਵ ਵਾਰਤਾ)- ਇੰਦਰਪ੍ਰੀਤ ਸਿੰਘ ਚੱਢਾ ਖੁੱਦਕੁਸ਼ੀ ਮਾਮਲੇ ਵਿੱਚ ਸਾਬਕਾ ਉਲੰਪੀਅਨ ਦੀ ਬੇਟੀ ਕੁਲਜੀਤ ਕੌਰ ਘੁਮਾਣ ਨੂੰ ਗਲਤ ਢੰਗ ਨਾਲ ਫਸਾਇਆ ਗਿਆ ਹੈ। ਇਹ ਦਾਅਵਾ ਕੁਲਜੀਤ ਦੀ ਭੈਣ ਸਿਮਰਨ ਨੇ ਅੱਜ ਇੱਥੇ ਜਾਰੀ ਇਕ ਪ੍ਰੈਸ ਬਿਆਨ ਵਿੱਚ ਕੀਤਾ। ਉਸ ਨੇ ਕਿਹਾ ਕਿ ਉਸਦੀ ਪ੍ਰਵਾਸੀ ਭਾਰਤੀ ਭੈਣ ਕੈਂਸਰ ਦੀ ਮਰੀਜ਼ ਹੈ ਅਤੇ ਪਿੱਛਲੇ 5 ਸਾਲ ਤੋਂ ਉਸਦਾ ਚੱਢਾ ਨਾਲ ਕੋਈ ਵਾਸਤਾ ਨਹੀਂ ਹੈ।
ਸਿਮਰਨ ਨੇ ਕਿਹਾ ਕਿ ਸ਼ਿਕਾਇਤ ਕਰਤਾ ਨੇ ਉਸਦੀ ਭੈਣ ਨੂੰ ਇਸ ਮਾਮਲੇ ਵਿਚ ਗਲਤ ਢੰਗ ਨਾਲ ਫਸਾਇਆ ਹੈ। ਉਸ ਮੁਤਾਬਿਕ ਸੁਸਾਇਡ ਨੋਟ ਵਿੱਚ ਕੁਲਜੀਤ ਦਾ ਨਾਮ ਵੀ ਨਹੀਂ ਸੀ, ਫਿਰ ਵੀ ਪੈਸੇ ਦੇ ਜ਼ੋਰ ‘ਤੇ ਉਸ ਨੂੰ ਇਸ ਮਾਮਲੇ ਵਿੱਚ ਫਸਾ ਦਿੱਤਾ ਗਿਆ ਹੈ।
ਆਪਣੇ ਦਾਅਵੇ ਦੀ ਪੁਸ਼ਟੀ ਕਰਦਿਆਂ ਸਿਮਰਨ ਨੇ ਕਿਹਾ ਕਿ ਮਰਨ ਵਾਲੇ ਨੇ ਲੁਧਿਆਣਾ ਵੈਸਟ ਦੇ ਏ.ਸੀ.ਪੀ., ਐਨ.ਆਰ.ਆਈ ਕਮਿਸ਼ਨਰ ਅਤੇ ਦਿੱਲੀ ਹਾਈਕੋਰਟ ਕੋਲ ਸ਼ਿਕਾਇਤ ਕੀਤੀ ਸੀ, ਪਰ ਉਹ ਕਈ ਸਾਲ ਤੱਕ ਇਸ ਦੇ ਸਬੂਤ ਨਹੀਂ ਦੇ ਸਕਿਆ ਸੀ। ਉਸ ਨੇ ਕਿਹਾ ਕਿ ਮ੍ਰਿਤਕ ਦਾ ਕੁਲਜੀਤ ਅਤੇ ਅਮਰੀਕਾ ਅਧਾਰਿਤ ਫ੍ਰਾਂਸਿਸੀ ਨਾਲ ਤੀਹਰਾ ਸਮਝੌਤਾ ਹੋਇਆ ਸੀ।
ਉਸ ਮੁਤਾਬਿਕ ਮ੍ਰਿਤਕ ਆਪਣੀ ਫਰੈਚਾਇਜ਼ ਦੀਆਂ ਜਿੰਮੇਵਾਰੀਆਂ ਵਿੱਚ ਫੇਲ੍ਹ ਹੋ ਗਿਆ ਸੀ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਿਆ ਸੀ। ਉਸਨੇ ਕਿਹਾ ਕਿ ਸ਼ਿਕਾਇਤ ਕਰਤਾ ਕੰਪਨੀ ਵਿੱਚ ਸ਼ੇਅਰ ਧਾਰਕ ਅਤੇ ਨਿਰਦੇਸ਼ਕ ਦੇ ਤੌਰ ‘ਤੇ ਜਿੰਮ੍ਹੇਵਾਰੀ ਸੀ ਅਤੇ ਕਾਰਪੋਰੇਟ ਦੀਆਂ ਦੇਣਦਾਰੀਆਂ ਤੋਂ ਬੱਚਣ ਲਈ ਹੀ ਸ਼ਿਕਾਇਤ ਕਰਤਾ ਨੇ ਝੂਠੇ ਦੋਸ਼ ਲਗਾਏ ਹਨ।
ਉਨ੍ਹਾਂ ਕਿਹਾ ਕਿ ਜਾਂਚ ਟੀਮ ਨੇ ਉੁਨ੍ਹਾਂ ਵੱਲੋਂ ਦਾਇਰ ਕੀਤੇ 2000 ਪੰਨਿਆਂ ਦੀ ਪੜਤਾਲ ਕਰਨ ਦੀ ਜਰੂਰਤ ਨਹੀਂ ਸਮਝੀ ਅਤੇ ਨਾ ਹੀ ਉਨ੍ਹਾਂ ਸ਼ਿਕਾਇਤ ਕਰਤਾ ਵੱਲੋਂ ਪਾਏ 70 ਸਵਾਲਾਂ ਸਬੰਧੀ ਕੋਈ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸਤੋਂ ਸਾਬਿਤ ਹੁੰਦਾ ਹੈ ਕਿ ਜਾਂਚ ਟੀਮ ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣਾ ਹੀ ਨਹੀਂ ਚਾਹੁੰਦੀ। ਉਸ ਨੇ ਕਿਹਾ ਕਿ ਕੁਲਜੀਤ ਨੇ ਵਿਸ਼ੇਸ ਜਾਂਚ ਟੀਮ (ਸਿਟ) ਦੀ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਸੀ ਅਤੇ ਕਰੀਬ 10 ਵਾਰ ਉਹ ਸਿਟ ਸਾਹਮਣੇ ਪੇਸ਼ ਹੋਈ ਸੀ। ਉਸਨੇ ਕਿਹਾ ਕਿ ਇਹ ਬੜਾ ਹੈਰਾਨੀਜਨਕ ਹੈ ਕਿ ਸਹਿਯੋਗ ਦੇਣ ਦੇ ਬਾਵਜੂਦ ਸਿਟ ਨੇ ਕੁਲਜੀਤ ਨੂੰ ਗ੍ਰਿਫਤਾਰ ਕਰ ਲਿਆ।