ਚੰਨੀ ਕੈਬਨਿਟ ਚ ਵਾਧੇ ਲਈ ਮੀਟਿੰਗਾਂ ਦਾ ਦੌਰ ਜਾਰੀ
ਮੁੱਖ ਮੰਤਰੀ ਦੀ ਰਾਹੁਲ ਗਾਂਧੀ ਅਤੇ ਕੇ.ਸੀ ਵੇਣੂਗੋਪਾਲ ਨਾਲ ਮੁਲਾਕਾਤ ਜਾਰੀ
ਕਿਸੇ ਵੀ ਸਮੇਂ ਹੋ ਸਕਦਾ ਹੈ ਮੰਤਰੀਆਂ ਦੇ ਨਾਮਾਂ ਦਾ ਐਲਾਨ
ਦਿੱਲੀ,23ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਵੀਂ ਮੰਤਰੀ ਮੰਡਲ ਦੇ ਵਿਸਥਾਰ ਲਈ ਚਰਚਾ ਕਰਨ ਵਾਸਤੇ ਕਾਂਗਰਸ ਹਾਈਕਮਾਨ ਕੋਲ ਪਹੁੰਚੇ ਹੋਏ ਹਨ। ਕੱਲ੍ਹ ਤੋਂ ਚੱਲ ਰਹੀਆਂ ਮੈਰਾਥਨ ਮੀਟਿੰਗਾਂ ਤੋਂ ਬਾਅਦ ਅੱਜ ਮੁੱਖ ਮੰਤਰੀ ਨੂੰ ਦਿੱਲੀ ਬੁਲਾਇਆ ਗਿਆ ਹੈ ਜਿੱਥੇ ਉਹਨਾਂ ਦੀ ਸੰਗਠਨ ਦੇ ਜਨਰਲ ਸੈਕਟਰੀ ਕੇ.ਸੀ ਵੇਣੁਗੋਪਾਲ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਜਾਰੀ ਹੈ। ਜਿਸ ਤੋਂ ਬਾਅਦ ਇਹ ਤੈਅ ਹੋ ਗਿਆ ਹੈ ਕਿ ਨਵੇਂ ਕੈਬਨਿਟ ਮੰਤਰੀਆਂ ਦੇ ਨਾਮਾਂ ਦਾ ਐਲਾਨ ਅੱਜ ਦੇਰ ਰਾਤ ਜਾਂ ਫਿਰ ਭਲਕੇ ਹੋ ਸਕਦਾ ਹੈ। ਦੱਸ ਦਈਏ ਕਿ ਨਵੀਂ ਮੰਤਰੀ ਮੰਡਲ ਵਿੱਚ ਸ਼ਾਮਿਲ ਹੋਣ ਦੇ ਚਾਹਵਾਨ ਕਈ ਕਾਂਗਰਸੀ ਵਿਧਾਇਕਾਂ ਨੇ ਦਿੱਲੀ ਵਿੱਚ ਹੀ ਡੇਰਾ ਲਗਾਇਆ ਹੋਇਆ ਹੈ। ਇਸ ਤੋਂ ਇਲਾਵਾ ਇਹ ਵੀ ਚਰਚਾਵਾਂ ਜੋਰਾਂ ਤੇ ਹਨ ਕਿ ਕੈਪਟਨ ਪੱਖੀ ਕੁੱਝ ਵਿਧਾਇਕਾਂ ਦਾ ਕੈਬਨਿਟ ਵਿੱਚੋਂ ਨਾਮ ਕੱਟ ਸਕਦਾ ਹੈ।