ਚੰਦਰਯਾਨ-3 ਨੇ ਚੰਦ ਤੇ ਕੀਤੀ ਸੇਫ ਲੈਂਡਿੰਗ
ਭਾਰਤ ਦੱਖਣੀ ਧਰੁਵ ‘ਤੇ ਉਤਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼
ਚੰਡੀਗੜ੍ਹ,23ਅਗਸਤ(ਵਿਸ਼ਵ ਵਾਰਤਾ)ਭਾਰਤ ਨੇ ਨਵਾਂ ਇਤਿਹਾਸ ਰਚਦੇ ਹੋਏ ਚੰਦ ਦੇ ਦੱਖਣੀ ਧਰੁਵ ਉਤੇ ਚੰਦਰਯਾਨ-3 ਨੂੰ ਸਫਲਤਾਪੂਰਕ ਉਤਾਰ ਦਿੱਤਾ ਹੈ। ਚੰਦਰਯਾਨ-3 ਦੇ ਲੈਂਡਰ ਨੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਕਦਮ ਰੱਖ ਕੇ ਇਤਿਹਾਸ ਰਚ ਦਿੱਤਾ ਹੈ। ਇਸ ਨੇ ਚੰਦਰਮਾ ਦੇ ਅੰਤਿਮ ਪੰਧ ਤੋਂ 25 ਕਿਲੋਮੀਟਰ ਦੀ ਯਾਤਰਾ 20 ਮਿੰਟਾਂ ਵਿੱਚ ਪੂਰੀ ਕੀਤੀ। ਲੈਂਡਰ ਨੂੰ ਹੌਲੀ-ਹੌਲੀ ਹੇਠਾਂ ਉਤਾਰਿਆ ਗਿਆ। ਲੈਂਡਰ ਨੇ 6.04 ਵਜੇ ਚੰਦਰਮਾ ‘ਤੇ ਪਹਿਲਾ ਕਦਮ ਰੱਖਿਆ। ਇਸ ਤਰ੍ਹਾਂ ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ। ਭਾਰਤ ਚੰਦ ਦੇ ਕਿਸੇ ਵੀ ਹਿੱਸੇ ‘ਤੇ ਯਾਨ ਉਤਾਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਸਿਰਫ਼ ਅਮਰੀਕਾ, ਸੋਵੀਅਤ ਯੂਨੀਅਨ ਅਤੇ ਚੀਨ ਨੇ ਹੀ ਇਹ ਸਫ਼ਲਤਾ ਹਾਸਲ ਕੀਤੀ ਹੈ। ਹੁਣ ਹਰ ਕੋਈ ਵਿਕਰਮ ਲੈਂਡਰ ਤੋਂ ਪ੍ਰਗਿਆਨ ਰੋਵਰ ਦੇ ਬਾਹਰ ਆਉਣ ਦੀ ਉਡੀਕ ਕਰ ਰਿਹਾ ਹੈ। ਇਹ ਧੂੜ ਦੇ ਸੈਟਲ ਹੋਣ ਤੋਂ ਬਾਅਦ ਬਾਹਰ ਆ ਜਾਵੇਗਾ। ਇਹ ਲਗਭਗ 1 ਘੰਟਾ 50 ਮਿੰਟ ਲਵੇਗਾ। ਇਸ ਤੋਂ ਬਾਅਦ ਵਿਕਰਮ ਅਤੇ ਪ੍ਰਗਿਆਨ ਇਕ-ਦੂਜੇ ਦੀ ਤਸਵੀਰ ਲੈ ਕੇ ਧਰਤੀ ‘ਤੇ ਭੇਜਣਗੇ।