ਚੰਡੀਗੜ੍ਹ ਹਾਊਸਿੰਗ ਬੋਰਡ ਦਾ ਅਧਿਕਾਰੀ ਦੋਸ਼ੀ ਕਰਾਰ
ਪੜ੍ਹੋ, ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ, 16ਦਸੰਬਰ(ਵਿਸ਼ਵ ਵਾਰਤਾ)-ਚੰਡੀਗੜ੍ਹ ਹਾਊਸਿੰਗ ਬੋਰਡ (ਸੀ.ਐਚ.ਬੀ.) ਸੈਕਟਰ 9 ਦੇ ਸੀਨੀਅਰ ਸਹਾਇਕ ਰਾਜੇਸ਼ ਕੁਮਾਰ (53) ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਧੀਕ ਸੈਸ਼ਨ ਜੱਜ ਜੈਬੀਰ ਸਿੰਘ ਦੀ ਅਦਾਲਤ ਨੇ 7 ਸਾਲ ਪੁਰਾਣੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਮੁਲਜ਼ਮ ਸੀਐਚਬੀ ਦੀ ਅਕਾਊਂਟ ਸ਼ਾਖਾ ਵਿੱਚ ਕੰਮ ਕਰਦਾ ਸੀ। ਉਸ ਖ਼ਿਲਾਫ਼ ਯੂਟੀ ਚੰਡੀਗੜ੍ਹ ਦੇ ਵਿਜੀਲੈਂਸ ਵਿਭਾਗ ਵੱਲੋਂ ਕੇਸ ਦਰਜ ਕੀਤਾ ਗਿਆ ਸੀ। ਅੱਜ ਉਸ ਨੂੰ ਸਜ਼ਾ ਸੁਣਾਈ ਜਾਵੇਗੀ। ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7, 13(1)(ਡੀ) ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਹ ਮਾਮਲਾ ਮੁਹਾਲੀ ਫੇਜ਼ 11 ਦੇ ਰਹਿਣ ਵਾਲੇ ਬਿਕਰਮਜੀਤ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਦਰਜ ਕਰਵਾਈ ਸ਼ਿਕਾਇਤ ਵਿੱਚ ਬਿਕਰਮਜੀਤ ਨੇ ਕਿਹਾ ਸੀ ਕਿ ਰਾਜੇਸ਼ ਕੁਮਾਰ ਉਸ ਤੋਂ 9,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਦੇ ਭਰਾ (ਚਚੇਰੇ ਭਰਾ) ਅਮਰਿੰਦਰ ਸਿੰਘ ਤੋਂ ਚੰਡੀਗੜ੍ਹ ਦੇ ਸੈਕਟਰ 63 ਵਿਚ ਅਲਾਟ ਹੋਏ ਮਕਾਨ ਦੀਆਂ ਬਕਾਇਆ ਕਿਸ਼ਤਾਂ ‘ਤੇ ਵਿਆਜ ਮੁਆਫ ਕਰਨ ਦੇ ਨਾਂ ‘ਤੇ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਰਾਜੇਸ਼ ਨੇ 24 ਜੂਨ 2015 ਨੂੰ ਰਿਸ਼ਵਤ ਦੀ ਰਕਮ ਵਿੱਚੋਂ 2000 ਰੁਪਏ ਕਬੂਲ ਲਏ ਸਨ। ਉਸ ਤੋਂ ਬਾਅਦ ਸੀਨੀਅਰ ਸਹਾਇਕ ਬਾਕੀ ਰਕਮ ਦੀ ਮੰਗ ਕਰ ਰਿਹਾ ਸੀ। ਇਸ ਮਾਮਲੇ ਦੀ ਸ਼ਿਕਾਇਤ ਯੂਟੀ ਵਿਜੀਲੈਂਸ ਨੂੰ ਕਰਨ ਤੋਂ ਬਾਅਦ ਜਾਲ ਵਿਛਾ ਕੇ ਰਾਜੇਸ਼ ਕੁਮਾਰ ਨੂੰ ਰਿਸ਼ਵਤ ਦੀ ਬਾਕੀ 7 ਹਜ਼ਾਰ ਰੁਪਏ ਦੀ ਰਕਮ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਵਿਜੀਲੈਂਸ ਨੇ ਆਪਣਾ ਕੇਸ ਤਿਆਰ ਕਰਕੇ ਸੀਆਰਪੀਸੀ 173 ਤਹਿਤ ਅਦਾਲਤ ਵਿੱਚ ਚਲਾਨ ਪੇਸ਼ ਕੀਤਾ।