ਚੰਡੀਗੜ੍ਹ, 17 ਦਸੰਬਰ:(ਵਿਸ਼ਵ ਵਾਰਤਾ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਗਰ ਨਿਗਮ, ਨਗਰ ਪੰਚਾਇਤ ਤੇ ਨਗਰ ਕੌਂਸਲਾਂ ਦੇ ਚੋਣ ਨਤੀਜਿਆਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਕਾਂਗਰਸ ਦੀਆਂ ਨੀਤੀਆਂ ‘ਤੇ ਮੋਹਰ ਅਤੇ ਵਿਰੋਧੀਆਂ ਦੇ ਘਟੀਆ ਪ੍ਰਚਾਰ ਦੀ ਕਰਾਰੀ ਹਾਰ ਦੱਸਿਆ ਹੈ। ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਵਿਰੋਧੀਆਂ ਦੇ ਝੂਠੇ ਬਹਿਕਾਵੇ ਵਿੱਚ ਨਾ ਆਉਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਭੜਕਾਊ ਕਾਰਵਾਈਆਂ ਅਤੇ ਕੋਝੇ ਹੱਥਕੰਡਿਆਂ ਨਾਲ ਆਜ਼ਾਦਾਨਾ ਤੇ ਜਮਹੂਰੀ ਚੋਣ ਪ੍ਰਕ੍ਰਿਆ ਨੂੰ ਪਟੜੀ ਤੋਂ ਲਾਉਣ ਲਈ ਬਹੁਤ ਚਾਲਾਂ ਚੱਲੀਆਂ ਸਨ। ਅਕਾਲੀਆਂ ਵੱਲੋਂ ਵੋਟਰਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਤੇ ਵੋਟ ਪਾਉਣ ਲਈ ਬਾਹਰ ਨਾ ਨਿਕਲਣ ਦੀਆਂ ਧਮਕੀਆਂ ਦੇਣ ਦੀਆਂ ਰਿਪੋਰਟਾਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਅਕਾਲੀ-ਭਾਜਪਾ ਗੱਠਜੋੜ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਗੱਠਜੋੜ ਨੇ ਇਨ੍ਹਾਂ ਚੋਣਾਂ ਨੂੰ ਹਥਿਆਉਣ ਲਈ ਨੀਵੇਂ ਤੋਂ ਨੀਵੇਂ ਪੱਧਰ ਦੀਆਂ ਹੱਦਾਂ ਉਲੰਘ ਦਿੱਤੀਆਂ। ਮੁੱਖ ਮੰਤਰੀ ਨੇ ਆਖਿਆ ਕਿ ਵਿਰੋਧੀ ਪਾਰਟੀਆਂ ਨੇ ਵੋਟਰਾਂ ਨੂੰ ਡਰਾਉਣ-ਧਮਕਾਉਣ ਲਈ ਖੁੱਲ੍ਹੇਆਮ ਧਮਕੀਆਂ ਦੇਣ, ਗੁੰਮਰਾਹਕੁਨ ਬਿਆਨਬਾਜ਼ੀ ਅਤੇ ਅਫਵਾਹਾਂ ਫੈਲਾਉਣ ਤੋਂ ਲੈ ਕੇ ਸਾਰੇ ਹੱਥਕੰਡੇ ਅਪਣਾਏ ਪਰ ਉਨ੍ਹਾਂ ਦੀਆਂ ਇਹ ਚਾਲਾਂ ਨਾਕਾਮ ਸਿੱਧ ਹੋਈਆਂ। ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਪਾਰਟੀਆਂ ਨੂੰ ਉਨ੍ਹਾਂ ਦੇ ਕੀਤੇ ਮਾੜੇ ਕੰਮਾਂ ਦੀ ਸਜ਼ਾ ਦਿੱਤੀ ਹੈ।
ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਵੋਟਾਂ ਪਾਉਣ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨੇ ਇਕ ਵਾਰ ਫਿਰ ਆਪਣੀ ਸਿਆਸੀ ਪ੍ਰੋੜ੍ਹਤਾ ਦਾ ਵਿਖਾਵਾ ਕਰਦਿਆਂ ਅਕਾਲੀ-ਭਾਜਪਾ ਗੱਠਜੋੜ ਅਤੇ ਆਮ ਆਦਮੀ ਪਾਰਟੀ ਦੇ ਨਾਪਾਕ ਇਰਾਦਿਆਂ ਦਾ ਡਟ ਕੇ ਸਾਹਮਣਾ ਕੀਤਾ ਕਿਉਂ ਜੋ ਇਨ੍ਹਾਂ ਪਾਰਟੀਆਂ ਸੂਬੇ ਦੇ ਚੋਣ ਦ੍ਰਿਸ਼ ਤੋਂ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕ ਅਕਾਲੀਆਂ ਦੇ 10 ਸਾਲ ਦੇ ਕਾਰਨਾਮਿਆਂ ਨੂੰ ਭੁੱਲੇ ਨਹੀਂ ਜਿਸ ਕਰਕੇ ਪਹਿਲਾਂ ਤਾਂ ਲੋਕਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਅਕਾਲੀਆਂ ਨੂੰ ਸੱਤਾ ਤੋਂ ਬਾਹਰ ਦਾ ਰਾਹ ਵਿਖਾਇਆ ਅਤੇ ਹੁਣ ਮਿਉਂਸਿਪਲ ਚੋਣਾਂ ਵਿੱਚ ਇਨ੍ਹਾਂ ਨੂੰ ਕਰਾਰੀ ਹਾਰ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਦੇ ਸੰਗਤ ਦਰਸ਼ਨ ਦੀ ਜਗੀਰਦਾਰੀ ਪ੍ਰਣਾਲੀ ਦੀ ਸਖਤ ਅਲੋਚਨਾ ਕੀਤੀ ਜਿਸ ਨੇ ਸੂਬੇ ਨੂੰ ਵਿਕਾਸ ਦੀ ਪਟੜੀ ਤੋਂ ਲਾਹ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਲੋਕਾਂ ਦਾ ਅਕਾਲੀਆਂ ਖਿਲਾਫ ਗੁੱਸਾ ਇਕ ਵਾਰ ਮੁੜ ਫੁੱਟਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ, ਇਹ ਪਾਰਟੀ ਪੰਜਾਬ ਵਿੱਚ ਵਾ-ਵਰੋਲੇ ਵਾਂਗ ਆਈ ਸੀ ਪਰ ਬਿਨਾ ਇਸ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ। ਲੋਕਾਂ ਦੇ ਵੱਡੇ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਬਹੁਤ ਵੱਡੀ ਗਿਣਤੀ ਵਿੱਚ ਵੋਟਰਾਂ ਵੱਲੋਂ ਵੋਟ ਪਾਉਣਾ ਇਸ ਗੱਲ ਨੂੰ ਸਿੱਧ ਕਰਦਾ ਹੈ ਕਿ ਲੋਕਾਂ ਦਾ ਕਾਂਗਰਸ ਵਿੱਚ ਅਥਾਹ ਵਿਸ਼ਵਾਸ ਹੈ ਅਤੇ ਲੋਕ ਆਜ਼ਾਦ ਤੇ ਨਿਰਪੱਖ ਚੋਣਾਂ ਵਿੱਚ ਅੜਿੱਕਾ ਪਾਉਣ ਵਾਲੇ ਸਿਆਸੀ ਗੁੰਡਿਆਂ ਦੀਆਂ ਧਮਕੀਆਂ ਦੀ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਵੱਡੀ ਗਿਣਤੀ ਵਿੱਚ ਵੋਟ ਪਾਉਣ ਆਉਣਾ ਇਸ ਗੱਲ ਨੂੰ ਵੀ ਪ੍ਰਮਾਣਿਤ ਕਰਦਾ ਹੈ ਕਿ ਕਾਂਗਰਸ ਸਰਕਾਰ ਨੇ ਜਮਹੂਰੀ ਕਦਰਾਂ- ਕੀਮਤਾਂ ਨੂੰ ਸਫਲਤਾਪੂਰਵਕ ਕਾਇਮ ਰੱਖਿਆ ਹੈ ਜੋ ਪਾਰਟੀ ਦੀ ਵਿਚਾਰਧਾਰਾ ਅਤੇ ਉਨ੍ਹਾਂ ਦੀ ਪੰਜਾਬ ਦੇ ਲੋਕਾਂ ਨਾਲ ਨਿੱਜੀ ਦ੍ਰਿੜ੍ਹਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਆਜ਼ਾਦ ਤੇ ਨਿਰਪੱਖ ਚੋਣਾਂ ਦੇ ਮਾਹੌਲ ਨੂੰ ਕਾਇਮ ਕਰਨ ਵਿੱਚ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਛਟਿਆਉਣ ਲਈ ਵਿਰੋਧੀਆਂ ਦੇ ਯਤਨ ਇਹ ਦਰਸਾਉਂਦੇ ਹਨ ਕਿ ਉਹ ਹਰ ਪੱਧਰ ‘ਤੇ ਕਾਂਗਰਸ ਤੋਂ ਵਾਰ-ਵਾਰ ਹਾਰ ਦਾ ਮੂੰਹ ਵੇਖਣ ਦਾ ਗੁੱਸਾ ਜ਼ਾਹਰ ਕਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮਿਊਂਸਿਪਲ ਚੋਣਾਂ ਜਿਨ੍ਹਾਂ ਨੂੰ ਸਿਆਸੀ ਮਾਹਿਰ ਅਤੇ ਇੱਥੋਂ ਤੱਕ ਕਿ ਮੀਡੀਆ ਵੀ ਪਾਰਟੀ ਲਈ ਪ੍ਰੀਖਿਆ ਦੀ ਘੜੀ ਦੱਸਦਾ ਸੀ, ਵਿੱਚ ਕਾਂਗਰਸ ਦੀ ਹੂੰਝਾਫੇਰ ਜਿੱਤ ਇਹ ਸਿੱਧ ਕਰਦੀ ਹੈ ਕਿ ਸਰਕਾਰ ਸਹੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ ਅਤੇ ਸੂਬੇ ਦੇ ਲੋਕ ਸਰਕਾਰ ਦੀਆਂ ਪਿਛਲੇ 9 ਮਹੀਨੇ ਦੀਆਂ ਪ੍ਰਾਪਤੀਆਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।