· ਗੱਤਕੇ ਦੀ ਪ੍ਰਫੁੱਲਤਾ ਲਈ ਕੀਤੀਆਂ ਜਾਣਗੀਆਂ ਪੁਰਜ਼ੋਰ ਕੋਸ਼ਿਸ਼ਾਂ : ਦੁੱਗਲ
· ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਹੋਵੇਗੀ ਕਰੋਨਾ ਦੀਆਂ ਹਦਾਇਤਾਂ ਮੁਤਾਬਿਕ : ਗਰੇਵਾਲ
ਚੰਡੀਗੜ੍ਹ, 8 ਜੁਲਾਈ (ਵਿਸ਼ਵ ਵਾਰਤਾ)- ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੀ ਪੰਜਾਬ ਇਕਾਈ ਦੀ ਮੀਟਿੰਗ ਕੌਮੀ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦੀ ਅਗਵਾਈ ਵਿਚ ਹੋਈ ਜਿਸ ਵਿਚ ਅਤੇ ਗੱਤਕਾ ਐਸੋਸੀਏਸ਼ਨ ਪੰਜਾਬ ਦੇ ਚੇਅਰੈਮਨ ਅਵਤਾਰ ਸਿੰਘ ਪਟਿਆਲਾ ਸਮੇਤ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਦੇ ਪ੍ਰਧਾਨ ਅਤੇ ਆਹੁਦੇਦਾਰ ਸ਼ਾਮਲ ਹੋਏ।
ਇਸ ਮੀਟਿੰਗ ਵਿਚ ਗੱਤਕਾ ਐਸੋਸੀਏਸ਼ਨ ਪੰਜਾਬ ਦੀ ਪਿਛਲੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਕੀਤਾ ਗਿਆ ਅਤੇ ਭਵਿੱਖ ਵਿੱਚ ਗੱਤਕਾ ਸਰਗਰਮੀਆਂ ਵਿੱਚ ਹੋਰ ਤੇਜ਼ੀ ਲਿਆਉਣ ਦੇ ਮਕਸਦ ਨਾਲ ਇਕਾਈ ਵਿਚ ਬਦਲਾਅ ਕਰਨ ਲਈ ਪੰਜਾਬ ਇਕਾਈ ਭੰਗ ਕਰਕੇ ਨਵੀਂ ਇਕਾਈ ਦੀ ਚੋਣ ਵੀ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦੇ ਨਿਰਦੇਸਾਂ ਮੁਤਾਬਕ ਇਸ ਮੌਕੇ ਗੱਤਕਾ ਐਸੋਸੀਏਸ਼ਨ ਪੰਜਾਬ ਦੀ ਨਵੀਂ ਟੀਮ ਦੀ ਚੋਣ ਕਰਨ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਜਾਇੰਟ ਸਕੱਤਰ ਪੰਕਜ ਧਮੀਜਾ ਵੱਲੋਂ ਮਤਾ ਪੇਸ਼ ਕੀਤਾ ਗਿਆ ਜਿਸ ਵਿਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਆਏ ਜਿਲ੍ਹਾ ਪ੍ਰਧਾਨਾਂ ਅਤੇ ਹੋਰ ਪ੍ਰਮੁੱਖ ਆਹੁਦੇਦਾਰਾਂ ਨੇ ਪੂਰਨ ਸਹਿਮਤੀ ਨਾਲ ਮਤੇ ਦੀ ਤਾਈਦ-ਮਜ਼ੀਦ ਕੀਤੀ। ਉਪਰੰਤ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ ਜਿਲ੍ਹਾ ਫਿਰੋਜ਼ਪੁਰ ਦੇ ਮੈਨੇਜ਼ਰ ਹਰਬੀਰ ਸਿੰਘ ਦੁੱਗਲ ਨੂੰ ਸਰਵਸੰਮਤੀ ਨਾਲ ਗੱਤਕਾ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਚੁਣਿਆ ਗਿਆ। ਉਨ੍ਹਾਂ ਦੀ ਇਸ ਚੋਣ ਨੂੰ ਸਮੂਹ ਹਾਜ਼ਰੀਨ ਨੇ ਜੈਕਾਰਿਆਂ ਨਾਲ ਸਹਿਮਤੀ ਦਿੱਤੀ।
ਸ. ਦੁੱਗਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਰਾਸ਼ਟਰੀ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਪੰਜਾਬ ਦੇ ਚੋਣ ਬੋਰਡ ਨੇ ਜਿਸ ਵਿਸ਼ਵਾਸ ਨਾਲ ਉਨ੍ਹਾਂ ਨੂੰ ਇਸ ਅਹੁਦੇ ਦੀ ਜਿੰਮੇਵਾਰੀ ਸੌਂਪੀ ਹੈ, ਉਸ ਨੂੰ ਪੂਰੀ ਤਰ੍ਹਾਂ ਨਾਲ ਨਿਭਾਇਆ ਜਾਵੇਗਾ ਅਤੇ ਤਨਦੇਹੀ ਨਾਲ ਕੰਮ ਕਰਦਿਆਂ ਉਨ੍ਹਾਂ ਦੇ ਵਿਸਵਾਸ਼ ਨੂੰ ਕਾਇਮ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦ ਹੀ ਪੰਜਾਬ ਦੀ ਸਮੁੱਚੀ ਕਾਰਜਕਾਰਨੀ ਦਾ ਗਠਨ ਕਰਕੇ ਇਕ ਮਜਬੂਤ ਟੀਮ ਗਠਿਤ ਕੀਤੀ ਜਾਵੇਗੀ। ਪੰਜਾਬ ਪ੍ਰਧਾਨ ਨੇ ਕਿਹਾ ਕਿ ਵੱਧ ਤੋਂ ਵੱਧ ਨੌਜਵਾਨ ਲੜਕੇ-ਲੜਕੀਆਂ ਨੂੰ ਸਿੱਖ ਮਾਰਸ਼ਲ ਆਰਟ ਗੱਤਕਾ ਨਾਲ ਜੋੜਿਆ ਜਾਵੇਗਾ।
ਇਸ ਮੌਕੇ ਸ. ਗਰੇਵਾਲ ਨੇ ਦੱਸਿਆ ਕਿ ਕਰੋਨਾ ਵਾਇਰਸ ਦੀ ਸਥਿਤੀ ਠੀਕ ਹੋਣ ਪਿੱਛੋਂ ਪੰਜਾਬ ਵਿੱਚ ਰਾਜ ਪੱਧਰੀ ਅਤੇ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਕਰਵਾਈ ਜਾਵੇਗੀ। ਉਨ੍ਹਾਂ ਨਾਲ ਹੀ ਇਨ੍ਹਾਂ ਟੂਰਨਾਮੈਂਟਾਂ ਤੋਂ ਪਹਿਲਾਂ ਪੰਜਾਬ ਦੇ ਬਾਕੀ ਰਹਿੰਦੇ ਜਿਲ੍ਹਿਆਂ ਵਿੱਚ ਅਗਲੇ ਮਹੀਨਿਆਂ ਦੌਰਾਨ ਜਿਲ੍ਹਾ ਪੱਧਰੀ ਮੁਕਾਬਲੇ ਕਰਵਾਉਣ ਲਈ ਜਿਲ੍ਹਾ ਇਕਾਈਆਂ ਨੂੰ ਨਿਰਦੇਸ਼ ਵੀ ਦਿੱਤੇ।