28 ਐਸੋਸੀਏਟ ਪ੍ਰੋਫ਼ੈਸਰ, ਲੈਕਚਰਾਰ ਤੇ ਨਰਸਿੰਗ ਟਿਊਟਰ ਬੰਗਾ ਦੇ ਸੀਲ ਕੀਤੇ ਪਿੰਡਾਂ ਵਿੱਚ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਦੇ ਰਹੇ ਹਨ ਮੈਡੀਕਲ ਸੇਵਾਵਾਂ
25 ਮਾਰਚ ਤੋਂ ਪ੍ਰਸ਼ਾਸਨ ਦੀ ਬੇਨਤੀ ’ਤੇ ਛੁੱਟੀ ਵਾਲੇ ਦਿਨ ਵੀ ਰਹਿੰਦੇ ਨੇ ਫ਼ੀਲਡ ’ਚ
ਬੰਗਾ, 1 ਅਪ੍ਰੈਲ ( ਵਿਸ਼ਵ ਵਾਰਤਾ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਸੱਚ-ਮੁੱਚ ਹੀ ਮੈਡੀਕਲ ਕਿੱਤੇ ਨਾਲ ਜੁੜੇ ਪੇਸ਼ੇਵਰ ਰੱਬ ਦੇ ਦੂਤ ਬਣ ਕੇ ਬਹੁੜੇ ਹਨ। ਕੋਰੋਨਾ ਵਾਇਰਸ ਕਾਰਨ ਬੰਗਾ ਦੇ ਸੀਲ ਕੀਤੇ ਪਿੰਡਾਂ ਦੇ ਲੋਕਾਂ ਨੂੰ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਢਾਹਾਂ ਦੇ ਅਧਿਆਪਕ ਜੰਗੀ ਪੱਧਰ ’ਤੇ ਜੁਟੇ ਹੋਏ ਹਨ।
ਕੁੱਝ ਸਮਾਂ ਪਠਲਾਵਾ ’ਚ ਸੇਵਾਵਾਂ ਦੇਣ ਬਾਅਦ ਹੁਣ ਗੁਜਰਪੁਰ ਦੇ ਪੰਚਾਇਤ ਘਰ ਦੇ ਇੱਕ ਕਮਰੇ ’ਚ ਬੈਠੇ ਰਜਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਸੀਲ ਕੀਤੇ ਪਿੰਡਾਂ ਦੇ ਲੋਕਾਂ ਨੂੰ ਉਨ੍ਹਾਂ ਮਰਜ਼ਾਂ, ਜਿਹੜੇ ਓ ਪੀ ਡੀ ਨਾਲ ਸਬੰਧਤ ਹੁੰਦੇ ਹਨ, ਦੀ ਦਵਾਈ -ਬੂਟੀ ਕਰਕੇ ਬਹੁਤ ਸ਼ਾਂਤੀ ਮਿਲ ਰਹੀ ਹੈ। ਉਹ ਦੱਸਦੇ ਹਨ ਕਿ ਉਨ੍ਹਾਂ ਸਮੇਤ 28 ਐਸੋਸੀਏਟ ਪ੍ਰੋਫ਼ੈਸਰ, ਲੈਕਚਰਾਰ ਤੇ ਨਰਸਿੰਗ ਟਿਊਟਰ ਸਵੇਰੇ 9 ਵਜੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈਆਂ ਤਿੰਨ ਬੱਸਾਂ ’ਚ ਸਵਾਰ ਹੋ ਕੇ ਆਪੋ-ਆਪਣੇ ਡਿਊਟੀ ਵਾਲੇ ਪਿੰਡਾਂ ’ਚ ਪੁੱਜ ਜਾਂਦੇ ਹਨ, ਜਿੱਥੇ ਸ਼ਾਮ 5 ਵਜੇ ਤੱਕ ਉਹ ਇਨ੍ਹਾਂ ਲੋਕਾਂ ਦੀ ਸੇਵਾ ’ਚ ਜੁਟੇ ਰਹਿੰਦੇ ਹਨ।
ਆਪਣੀ ਰੋਜ਼ਾਨਾ ਦੀ ਡਿਊਟੀ ਬਾਰੇ ਉਹ ਦੱਸਦੇ ਹਨ ਕਿ ਸਭ ਤੋਂ ਪਹਿਲਾਂ ਬੱਸ ’ਚੋਂ ਉਤਰ ਕੇ, ਉਹ ਨਾਕੇ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਪਲਬਧ ਕਰਵਾਈਆਂ ਦਵਾਈਆਂ ਲੈਂਦੇ ਹਨ। ਉਨ੍ਹਾਂ ਦੀ ਤਿੰਨ ਮੈਂਬਰੀ ਟੀਮ, ਜਿਸ ਵਿੱਚ ਦੋ ਨਰਸਿੰਗ ਕਾਲਜ ਅਧਿਆਪਕ ਤੇ ਤੀਸਰਾ ਸਿਹਤ ਵਿਭਾਗ ਵੱਲੋਂ ਤਾਇਨਾਤ ਫ਼ਾਰਮਾਸਿਸਟ ਹੁੰਦਾ ਹੈ, ਪਿੰਡ ’ਚ ਜਾ ਕੇ ਗੁਰੂ ਘਰ ਤੋਂ ਆਪਣੇ ਆਉਣ ਦੀ ਅਨਾਊਂਸਮੈਂਟ ਕਰਵਾ ਦਿੰਦੇ ਹਨ, ਜਿਸ ਤੋਂ ਬਾਅਦ ਪਿੰਡ ਦੇ ਲੋਕ ਉਨ੍ਹਾਂ ਦੇ ਬੈਠਣ ਵਾਲੀ ਥਾਂ (ਪੰਚਾਇਤ ਘਰ ਆਦਿ) ਵਿਖੇ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ।
ਉਹ ਦੱਸਦੇ ਹਨ ਕਿ ਦਿਨ ’ਚ 25 ਤੋਂ 30 ਲੋਕ ਆ ਜਾਂਦੇ ਹਨ। ਜ਼ਿਆਦਾਤਰ ਲੋਕਾਂ ਨੂੰ ਜੋੜਾਂ ’ਚ ਦਰਦ, ਖੰਘ, ਜ਼ੁਕਾਮ, ਹਲਕਾ ਬੁਖਾਰ, ਜ਼ਖਮਾਂ ’ਤੇ ਪੱਟੀ ਦੀ ਲੋੜ ਹੁੰਦੀ ਹੈ, ਜਿਸ ਨੂੰ ਉਨ੍ਹਾਂ ਦੀ ਟੀਮ ਬਾਖੂਬੀ ਮਨੁੱਖਤਾ ਦੀ ਸੇਵਾ ਵਜੋਂ ਸਮਝ ਕੇ ਕਰਦੀ ਹੈ। ਉਹ ਦੱਸਦੇ ਹਨ ਕਿ ਇਹ ਪਿੰਡ ਕੋਰੋਨਾ ਪ੍ਰਭਾਵਿਤ ਹੋਣ ਕਾਰਨ ਉਹ ਇਹਿਤਿਆਤ ਵਜੋਂ ਦਸਤਾਨੇ ਤੇ ਮਾਸਕ ਪਾ ਕੇ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਸਵੇਰ ਤੇ ਸ਼ਾਮ ਮਰੀਜ਼ਾਂ ਦਾ ਜ਼ਿਆਦਾ ਜ਼ੋਰ ਹੁੰਦਾ ਹੈ। ਇਹ ਟੀਮਾਂ ਗੁਜਰਪੁਰਦ ਖੁਰਦ, ਪਠਲਾਵਾ, ਪੱਦੀ ਮਟਵਾਲੀ, ਹੀਓਂ, ਬਾਲੋਂ, ਗੋਬਿੰਦਪੁਰ, ਮਾਹਿਲ ਗਹਿਲਾਂ, ਲੁਧਾਣਾ ਝਿੱਕਾ, ਲਧਾਣਾ ਉੱਚਾ, ਨੌਰਾ, ਭੌਰਾ, ਸੂਰਾਪੁਰ, ਸੁੱਜੋਂ, ਪੱਲੀ ਝਿੱਕੀ, ਪੱਲੀ ਉੱਚੀ ’ਚ ਸਰਗਰਮ ਹਨ।
ਗੁਰੂ ਨਾਨਕ ਮਿਸ਼ਨ ਮੈਡੀਕਲ ਤੇ ਐਜੂਕੇਸ਼ਨ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਦੱਸਦੇ ਹਨ ਕਿ ਐਮ ਐਲ ਏ ਅੰਗਦ ਸਿੰਘ ਨਵਾਂਸ਼ਹਿਰ ਅਤੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵੱਲੋਂ ਉਨ੍ਹਾਂ ਦੇ ਟਰੱਸਟ ਹੇਠ ਚਲਦੇ ਕਾਲਜ ਦਾ ਇਨ੍ਹਾਂ ਪਿੰਡਾਂ ’ਚ ਯੋਗਦਾਨ ਮੰਗਿਆ ਗਿਆ ਸੀ, ਜਿਸ ਨੂੰ ਮਾਨਵਤਾ ਦੀ ਸੇਵਾ ਸਮਝਦੇ ਹੋਏ ਖਿੜੇ-ਮੱਥੇ ਪ੍ਰਵਾਨ ਕੀਤਾ ਗਿਆ। ਡਾ. ਸੁਰਿੰਦਰ ਕੌਰ ਜਸਪਾਲ ਪਿ੍ਰੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਪ੍ਰਭਾਵ ਕਾਰਨ ਸੀਲ ਕੀਤੇ ਪਿੰਡਾਂ ’ਚ ਡਿਊਟੀ ਦੇਣਾ ਭਾਵੇਂ ਮੁਸ਼ਕਿਲ ਹੈ ਪਰ ਸਾਡੇ ਅਧਿਆਪਕ ਖੁਸ਼ੀ ਤੇ ਦਲੇਰੀ ਨਾਲ ਸੇਵਾ ਨਿਭਾਅ ਰਹੇ ਹਨ।
ਐਸ ਡੀ ਐਮ ਗੌਤਮ ਜੈਨ ਅਨੁਸਾਰ ਇਨ੍ਹਾਂ ਮੈਡੀਕਲ ਪਿਛੋਕੜ ਵਾਲੇ ਨਰਸਿੰਗ ਅਧਿਆਪਕਾਂ ਦੇ ਆਉਣ ਨਾਲ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਆਮ ਬਿਮਾਰੀਆਂ ਦੀ ਦਵਾਈ ਹਾਸਲ ਕਰਨ ਵੱਡੀ ਰਾਹਤ ਮਿਲੀ ਹੈ।
ਫ਼ੋਟੋ ਕੈਪਸ਼ਨ: 1: ਢਾਹਾਂ ਕਲੇਰਾਂ ਤੋਂ ਬੰਗਾ ਦੇ ਪਿੰਡਾਂ ਲਈ ਚੱਲਣ ਤੋਂ ਪਹਿਲਾਂ ਨਰਸਿੰਗ ਕਾਲਜ ਦੇ ਅਧਿਆਪਕ।
2: ਪਿੰਡਾਂ ’ਚ ਲੋਕਾਂ ਨੂੰ ਦਵਾਈ ਦਿੰਦੇ ਹੋਏ ਨਰਸਿੰਗ ਅਧਿਆਪਕ।