ਗੁਰਦੇਵ ਸਿੰਘ ਸੰਧੂ ਨੇ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਲਿਮਟਿਡ ਦੇ ਵਾਈਸ ਚੇਅਰਮੈਨ ਦਾ ਅਹੁਦਾ ਸੰਭਾਲਿਆ
• ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚਕ ਦੀ ਮੌਜੂਦਗੀ ਵਿੱਚ ਸੰਭਾਲਿਆ ਅਹੁਦਾ
ਚੰਡੀਗੜ੍ਹ, 14 ਦਸੰਬਰ (ਵਿਸ਼ਵ ਵਾਰਤਾ):- ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਹਾਜ਼ਰੀ ਵਿੱਚ ਅੱਜ ਇੱਥੇ ਵਣ ਕੰਪਲੈਕਸ, ਸੈਕਟਰ-68 ਵਿਖੇ ਗੁਰਦੇਵ ਸਿੰਘ ਸੰਧੂ ਨੇ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਲਿਮਟਿਡ ਦੇ ਨਵੇਂ ਵਾਈਸ ਚੇਅਰਮੈਨ ਦਾ ਚਾਰਜ ਸੰਭਾਲ ਲਿਆ, ਜਿਸ ਨਾਲ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਪ੍ਰਸ਼ਾਸਕੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ।
ਇਸ ਮੌਕੇ ਮੰਤਰੀ ਨੇ ਭਰੋਸਾ ਜਤਾਇਆ ਕਿ ਨਵ-ਨਿਯੁਕਤ ਵਾਈਸ ਚੇਅਰਮੈਨ ਕਾਰਪੋਰੇਸ਼ਨ ਨੂੰ ਸਫ਼ਲਤਾ ਦੀਆਂ ਨਵੀਆਂ ਬੁਲੰਦੀਆਂ ‘ਤੇ ਲੈ ਕੇ ਜਾਣਗੇ ਅਤੇ ਕਾਰਪੋਰੇਸ਼ਨ ਲਈ ਅਜਿਹੀਆਂ ਵਿਕਾਸ ਕੇਂਦਰਿਤ ਯੋਜਨਾਵਾਂ ਉਲੀਕਣਗੇ, ਜਿਸ ਨਾਲ ਸੂਬੇ ਵਿੱਚ ਜੰਗਲਾਤ ਦਾ ਰਕਬਾ ਵਧੇਗਾ ਅਤੇ ਨਿਵੇਕਲੇ ਉਪਰਾਲੇ ਕੀਤੇ ਜਾ ਸਕਣਗੇ।
ਵਾਈਸ ਚੇਅਰਮੈਨ ਨੇ ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਜੰਗਲਾਤ ਮੰਤਰੀ ਦੀ ਅਗਵਾਈ ਹੇਠ ਸ਼ੁਰੂ ਕੀਤੀਆਂ ਗਈਆਂ ਵਿਭਾਗ ਦੀਆਂ ਵੱਖ-ਵੱਖ ਪਹਿਲਕਦਮੀਆਂ ਸਬੰਧੀ ਜਾਗਰੂਕਤਾ ਫੈਲਾਉਣਾ, ਉਨ੍ਹਾਂ ਦੀ ਪਹਿਲ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣੇ ‘ਤੇ ਜਤਾਏ ਭਰੋਸੇ ‘ਤੇ ਖਰਾ ਉਤਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਚੀਫ਼ ਵਾਈਲਡ ਲਾਈਫ ਵਾਰਡਨ ਧਰਮਿੰਦਰ ਸ਼ਰਮਾ, ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਲਿਮਟਿਡ ਦੇ ਸੀ.ਜੀ.ਐਮ. ਸੰਜੇ ਬਾਂਸਲ ਵੀ ਹਾਜ਼ਰ ਸਨ।