-ਯਾਤਰੂਆਂ ਵੱਲੋਂ ਪ੍ਰਸ਼ਾਸਨ ਤੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ
-ਸਾਫ਼, ਸਫ਼ਾਈ ਤੇ ਸੈਨੇਟਾਈਜੇਸ਼ਨ ਦੇ ਪੁਖ਼ਤਾ ਇੰਤਜਾਮ
ਪਟਿਆਲਾ, 4 ਮਈ( ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਮਹਾਂਰਾਸ਼ਟਰ ਦੇ ਨਾਂਦੇੜ ਤੋਂ ਵਾਪਸ ਲਿਆਂਦੇ ਯਾਤਰੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਿਆਲਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਮਾਤਾ ਨਾਨਕੀ ਸਰਾਂ ‘ਚ ਇਕਾਂਤਵਾਸ ਕੇਂਦਰ ਵਿਖੇ ਠਹਿਰਾਇਆ ਗਿਆ ਹੈ, ਨੂੰ ਸਿਹਤ ਵਿਭਾਗ ਦੇ ਮੈਡੀਕਲ ਅਮਲੇ ਵੱਲੋਂ ਲਗਾਤਾਰ ਕਾਊਂਸਲਿੰਗ ਸਮੇਤ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੀ ਅਗਵਾਈ ਹੇਠ ਡਾ. ਕਿਰਨਜੋਤ ਕੌਰ, ਡਾ. ਨਿਧੀ ਸ਼ਰਮਾ ਆਹਲੂਵਾਲੀਆ ਤੇ ਡਾ. ਯੁਵਰਾਜ, ਕੌਂਸਲਰ ਸ਼ਾਮ ਬਾਲਾ ਦੀਆਂ ਮੈਡੀਕਲ ਟੀਮਾਂ ਵੱਲੋਂ ਮੈਡੀਕਲ ਸਹੂਲਤ ਦੇਣ ਦੇ ਨਾਲ-ਨਾਲ ਯਾਤਰੀਆਂ ਦੀ ਕੋਵਿਡ-19 ਨੂੰ ਲੈਕੇ ਕਾਊਂਸਲਿੰਗ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਦਾ ਮਨੋਬਲ ਕਾਇਮ ਰਹੇ ਨਾਲ ਹੀ ਉਨ੍ਹਾਂ ਆਪਣਾ ਸਮਾਂ ਅਲੱਗ-ਅਲੱਗ ਗਤੀਵਿਧੀਆਂ ਜਾਂ ਗੱਲਾਂਬਾਤਾਂ ਤੇ ਧਾਰਮਿਕ ਕ੍ਰਿਆਵਾਂ ਰਾਹੀਂ ਬਤੀਤ ਕਰਨ ਲਈ ਪ੍ਰੇਰਤ ਕੀਤਾ ਜਾਂਦਾ ਹੈ। ਜਦੋਂਕਿ ਯਾਤਰੀਆਂ ਵਿਚਕਾਰ ਸਮਾਜਿਕ ਦੂਰੀ ਦਾ ਵਿਸੇਸ਼ ਖਿਆਲ ਰੱਖਿਆ ਜਾ ਰਿਹਾ ਹੈ।
ਇਸੇ ਦੌਰਾਨ ਗੁਰਦੁਆਰਾ ਸਾਹਿਬ ਦੀ ਸਰਾਂ ਵਿੱਚੋਂ ਇਕਾਂਤਵਾਸ ਯਾਤਰੀਆਂ ਨੇ ਆਪਣੇ ਵੀਡੀਓ ਸੰਦੇਸ਼ ਭੇਜ ਕੇ ਪ੍ਰਬੰਧਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਜਿੱਥੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ, ਉਥੇ ਹੀ ਲੰਗਰ ਤੇ ਰਿਹਾਇਸ਼ ਦੇ ਚੰਗੇ ਪ੍ਰਬੰਧਾਂ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ ਹੈ।
ਸ਼ਰਧਾਲੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਰੂਰੀ ਲੋੜ ਦੀਆਂ ਵਸਤਾਂ ਟੁਥ ਬਰੱਸ਼, ਪੇਸਟ, ਸਾਬਣ, ਸੈਂਪੂ, ਮੱਛਰ ਮਾਰ ਦਵਾਈ ਅਤੇ ਮੱਗ ਬਾਲਟੀਆਂ ਸਮੇਤ ਹੋਰ ਜਰੂਰੀ ਸਮਾਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਾਫ਼-ਸਫ਼ਾਈ ਤੇ ਪੌਸ਼ਟਿਕਤਾ ਦਾ ਧਿਆਨ ਰੱਖ ਕੇ ਤਿਆਰ ਕਰਵਾਇਆ ਜਾ ਰਿਹਾ ਚੰਗਾ ਭੋਜਨ, ਸਲਾਦ, ਫ਼ਲ, ਦੁੱਧ, ਚਾਹ, ਲੱਸੀ ਆਦਿ ਵੀ ਸਮੇਂ ਸਿਰ ਪਹੁੰਚਾਇਆ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਇਨ੍ਹਾਂ ਯਾਤਰੀਆਂ ਲਈ ਇੱਥੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਿਹਾਇਸ਼ ਸਮੇਤ ਲੰਗਰ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ, ਉਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਸੁਰੱਖਿਆ, ਨਗਰ ਨਿਗਮ ਵੱਲੋਂ ਸਾਫ਼ ਸਫ਼ਾਈ ਅਤੇ ਸੈਨੇਟਾਈਜੇਸ਼ਨ ਸਮੇਤ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਯਾਤਰੀਆਂ ਦੇ ਪ੍ਰਬੰਧਾਂ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸ.ਡੀ.ਐਮ. ਸ. ਚਰਨਜੀਤ ਸਿੰਘ ਦੀ ਦੇਖ-ਰੇਖ ਹੇਠ ਤਹਿਸਲੀਦਾਰ ਰਣਜੀਤ ਸਿੰਘ ਨੂੰ ਕਾਰਜਕਾਰੀ ਮੈਜਿਸਟਰੇਟ ਵਜੋਂ ਤਾਇਨਾਤ ਕੀਤਾ ਗਿਆ ਹੈ।
ਨਿਗਮ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਦੀ ਦੇਖ-ਰੇਖ ਹੇਠ ਸੈਨੇਟਾਈਜੇਸ਼ਨ ਤੇ ਸਾਫ਼ ਸਫ਼ਾਈ ਸਮੇਤ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ. ਕਰਨੈਲ ਸਿੰਘ ਨਾਭਾ ਤੇ ਮੀਤ ਮੈਨੇਜਰ ਸ. ਕਰਮ ਸਿੰਘ ਯਾਤਰੂਆਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਸੁਰੱਖਿਆ ਲਈ ਡੀ.ਐਸ.ਪੀ. ਸੌਰਵ ਜਿੰਦਲ ਦੀ ਅਗਵਾਈ ਹੇਠ ਅਨਾਜ ਮੰਡੀ ਪੁਲਿਸ ਸਟੇਸ਼ਨ ਦੇ ਇੰਚਾਰਜ ਗੁਰਨਾਮ ਸਿੰਘ ਅਤੇ ਇੰਸਪੈਕਟਰ ਮੰਗਲਜੀਤ ਕੌਰ ਸਮੇਤ ਪੁਲਿਸ ਪਾਰਟੀ ਤਾਇਨਾਤ ਹੈ।