ਗੁਰਦਾਸਪੁਰ ਜ਼ਿਮਨੀ ਚੋਣ ਲਈ ਵਿਨੋਦ ਖੰਨਾ ਦੀ ਪਤਨੀ ਤੇ ਸਲਾਰੀਆ ਦੇ ਨਾਂ ਦੀ ਸਿਫਾਰਸ਼

623
Advertisement


ਪੰਜਾਬ ਭਾਜਪਾ ਦੀ ਚੋਣ ਕਮੇਟੀ ਨੇ ਮੀਟਿੰਗ ਕਰਕੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਸਾਬਕਾ ਐਮਪੀ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਅਤੇ ਸੀਨੀਅਰ ਆਗੂ ਸਵਰਨ ਸਲਾਰੀਆ ਦੇ ਨਾਂ ਪਾਰਟੀ ਹਾਈਕਮਾਂਡ ਨੂੰ ਭੇਜ ਦਿੱਤੇ ਹਨ, ਜਿਨ੍ਹਾਂ ‘ਚੋਂ ਕਿਸੇ ਇਕ ‘ਤੇ ਪਾਰਟੀ ਦਾ ਸੰਸਦੀ ਬੋਰਡ ਅੰਤਿਮ ਫੈਸਲਾ ਲਵੇਗਾ। ਭਾਜਪਾ ਚੋਣ ਕਮੇਟੀ ਦੀ ਮੀਟਿੰਗ ਸ਼ਨੀਵਾਰ ਦੀ ਸ਼ਾਮ ਇਥੇ ਸਰਕਿਟ ਹਾਊਸ ‘ਚ ਪਾਰਟੀ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਦੀ ਪ੍ਰਧਾਨਗੀ ਹੇਠ ਹੋਈ। ਸਾਂਪਲਾ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ ਉਮੀਦਵਾਰਾਂ ਦੀ ਸਿਫਾਰਸ਼ ਕੀਤੀ ਹੈ ਅਤੇ ਇਸ ਬਾਰੇ ਅੰਤਿਮ ਫੈਸਲਾ ਕੇਂਦਰੀ ਲੀਡਰਸ਼ਿਪ ਲਵੇਗੀ। ਸੂਤਰਾਂ ਮੁਤਾਬਿਕ ਗੁਰਦਾਸਪੁਰ ਜ਼ਿਮਨੀ ਚੋਣ ਲਈ ਪਾਰਟੀ ਦੇ ਕੁਝ ਹੋਰ ਆਗੂਆਂ ਦੇ ਨਾਵਾਂ ‘ਤੇ ਵੀ ਚਰਚਾ ਚੱਲੀ ਸੀ ਪਰ ਚੋਣ ਕਮੇਟੀ ਨੇ ਸਿਰਫ ਦੋ ਨਾਵਾਂ ਦੀ ਚੋਣ ਕੀਤੀ। ਸਲਾਰੀਆ ਨੇ 2014 ਲੋਕ ਸਭਾ ਚੋਣਾਂ ਸਮੇਂ ਵੀ ਇਸ ਸੀਟ ‘ਤੇ ਦਾਅਵੇਦਾਰੀ ਜਤਾਈ ਸੀ ਪਰ ਵਿਨੋਦ ਖੰਨਾ ਆਪਣੀ ਸੀਟ ਬਚਾਉਣ ‘ਚ ਕਾਮਯਾਬ ਰਹੇ ਸਨ। ਵਿਨੋਦ ਖੰਨਾ ਦੀ ਮੌਤ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਕਵਿਤਾ ਖੰਨਾ ਦਾ ਪੱਲੜਾ ਵੀ ਭਾਰੀ ਦੱਸਿਆ ਜਾ ਰਿਹਾ ਹੈ ਕਿਉਂਕਿ ਪਾਰਟੀ ਮਹਿਸੂਸ ਕਰਦੀ ਹੈ ਕਿ ਹਮਦਰਦੀ ਕਾਰਨ ਕਵਿਤਾ ਖੰਨਾ ਦੀ ਝੋਲੀ ਵੋਟਾਂ ਪੈ ਸਕਦੀਆਂ ਹਨ।  ਇਸ ਮੀਟਿੰਗ ‘ਚ ਭਾਜਪਾ ਦੇ ਪ੍ਰਬੰਧਕੀ ਸਕੱਤਰ ਦਿਨੇਸ਼ ਕੁਮਾਰ, ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਪ੍ਰੋ. ਰਜਿੰਦਰ ਭੰਡਾਰੀ ਅਤੇ ਅਸ਼ਵਨੀ ਸ਼ਰਮਾ ਮੌਜੂਦ ਸਨ। ਇਸ ਤੋਂ ਇਲਾਵਾ ਗੁਰਦਾਸਪੁਰ ਜ਼ਿਮਨੀ ਚੋਣ ਲਈ ਕਾਂਗਰਸ ਵੱਲੋਂ ਅਜੇ ਉਮੀਦਵਾਰ ਦਾ ਐਲਾਨ ਕੀਤਾ ਜਾਣਾ ਹੈ ਅਤੇ ਆਪ’ ਵੱਲੋਂ ਐਤਵਾਰ ਨੂੰ ਗੁਰਦਾਸਪੁਰ ਜ਼ਿਮਨੀ ਚੋਣ ਲਈ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ‘ਆਪ’ ਵੱਲੋਂ ਰਿਟਾਇਰਡ ਜਨਰਲ ਮੇਜਰ ਸੁਰੇਸ਼ ਖਜੂਰੀਆ ਨੂੰ ਗੁਰਦਾਸਪੁਰ ਉੱਪ ਚੋਣ ਲਈ ਜੰਗ ਦੇ ਮੈਦਾਨ ‘ਚ ਉਤਾਰਿਆ ਗਿਆ ਹੈ।

Advertisement

LEAVE A REPLY

Please enter your comment!
Please enter your name here