ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਅੱਜ ਆਉਣਗੇ ਨਤੀਜੇ ;
ਵੋਟਾਂ ਦੀ ਗਿਣਤੀ ਜਾਰੀ
ਚੰਡੀਗੜ੍ਹ, 8ਦਸੰਬਰ(ਵਿਸ਼ਵ ਵਾਰਤਾ)-ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆਉਣਗੇ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਜ਼ਿਆਦਾਤਰ ਐਗਜ਼ਿਟ ਪੋਲਾਂ ਨੇ ਗੁਜਰਾਤ ਵਿੱਚ ਭਾਜਪਾ ਦੇ ਲਗਾਤਾਰ ਸੱਤਵੀਂ ਵਾਰ ਸੱਤਾ ਵਿੱਚ ਆਉਣ ਦੀ ਸੰਭਾਵਨਾ ਜਤਾਈ ਹੈ। ਜੇਕਰ ਭਾਜਪਾ ਜਿੱਤਦੀ ਹੈ ਤਾਂ ਉਹ ਬੰਗਾਲ ਵਿੱਚ ਖੱਬੇ ਮੋਰਚੇ ਦੀਆਂ ਲਗਾਤਾਰ ਸੱਤ ਜਿੱਤਾਂ ਦੇ ਰਿਕਾਰਡ ਦੀ ਬਰਾਬਰੀ ਕਰੇਗੀ। ਇਸ ਦੇ ਨਾਲ ਹੀ ਹਿਮਾਚਲ ਵਿੱਚ ਬੀਜੇਪੀ ਅਤੇ ਕਾਂਗਰਸ ਵਿੱਚ ਸਖ਼ਤ ਟੱਕਰ ਦੱਸੀ ਜਾ ਰਹੀ ਹੈ। ਹਿਮਾਚਲ ‘ਚ 12 ਨਵੰਬਰ ਨੂੰ 68 ਸੀਟਾਂ ਲਈ ਵੋਟਿੰਗ ਹੋਈ ਸੀ, ਜਦਕਿ ਗੁਜਰਾਤ ‘ਚ 1 ਅਤੇ 5 ਦਸੰਬਰ ਨੂੰ ਦੋ ਪੜਾਵਾਂ ‘ਚ 182 ਸੀਟਾਂ ‘ਤੇ ਵੋਟਿੰਗ ਹੋਈ ਸੀ।
ਗੌਰਤਲਬ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਨੇ ਵੀ ਗੁਜਰਾਤ ਵਿੱਚ ਪੂਰਾ ਜ਼ੋਰ ਲਾਇਆ ਹੈ। ਗੁਜਰਾਤ ਦੇ ਨਤੀਜੇ ਦਿਖਾ ਦੇਣਗੇ ਕਿ ‘ਆਪ’ ਆਪਣੀਆਂ ਕੋਸ਼ਿਸ਼ਾਂ ‘ਚ ਕਿੰਨੀ ਕਾਮਯਾਬ ਰਹੀ ਹੈ। ਇਹ ਕਾਂਗਰਸ ਲਈ ਬਚਾਅ ਦੀ ਲੜਾਈ ਹੈ। ਗੁਜਰਾਤ ਵਿੱਚ 182 ਵਿਧਾਨ ਸਭਾ ਸੀਟਾਂ ਹਨ। ਹਿਮਾਚਲ ਵਿੱਚ 1985 ਤੋਂ ਬਾਅਦ ਸੱਤਾਧਾਰੀ ਪਾਰਟੀ ਕਦੇ ਵੀ ਸੱਤਾ ਵਿੱਚ ਨਹੀਂ ਆਈ। ਸੂਬੇ ਵਿੱਚ 75 ਫੀਸਦੀ ਤੋਂ ਵੱਧ ਪੋਲਿੰਗ ਦਰਜ ਕੀਤੀ ਗਈ ਹੈ। ਪਿਛਲੀਆਂ ਚੋਣਾਂ ਵਿੱਚ ਭਾਜਪਾ ਨੇ 44 ਸੀਟਾਂ ਜਿੱਤੀਆਂ ਸਨ ਜਦਕਿ ਬਹੁਮਤ ਦਾ ਅੰਕੜਾ 35 ਸੀ। ਵੋਟਾਂ ਦੀ ਗਿਣਤੀ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।